ਮੁੰਬਈ: ਇਨਸਾਨ ਚਾਹੇ ਕੋਈ ਵੀ ਕੰਮ ਕਰੇ, ਕਈ ਵਾਰ ਉਸ ਨੂੰ ਥੋੜਾ ਜਿਹਾ ਬ੍ਰੇਕ ਚਾਹੀਦਾ ਹੈ। ਆਪਣੀ ਜ਼ਿੰਦਗੀ ਦੇ 20 ਸਾਲ ਕੰਮ 'ਤੇ ਫੋਕਸ ਕਰਨ ਤੋਂ ਬਾਅਦ ਬਾਲੀਵੁੱਡ ਅਦਾਕਾਰ ਪੰਕਜ ਤ੍ਰਿਪਾਠੀ ਹੁਣ ਆਪਣੀ ਫਿਲਮ 'ਮੈਂ ਅਟਲ ਹੂੰ' ਦੀ ਰਿਲੀਜ਼ ਤੋਂ ਬਾਅਦ ਆਪਣੀ ਨਿੱਜੀ ਜ਼ਿੰਦਗੀ 'ਤੇ ਧਿਆਨ ਦੇਣ ਲਈ ਕੁਝ ਸਮਾਂ ਕੱਢਣ ਦੀ ਯੋਜਨਾ ਬਣਾ ਰਹੇ ਹਨ।
ਨਿਊਜ਼ ਏਜੰਸੀ ਨਾਲ ਗੱਲ ਕਰਦੇ ਹੋਏ ਪੰਕਜ ਤ੍ਰਿਪਾਠੀ ਨੇ ਕਿਹਾ, 'ਜੇਕਰ ਅਸੀਂ ਅੱਠ ਘੰਟੇ ਸੌਂਦੇ ਹਾਂ ਤਾਂ ਸਾਡਾ ਸਰੀਰ 16 ਘੰਟੇ ਲਈ ਤਿਆਰ ਰਹਿੰਦਾ ਹੈ। ਆਪਣੇ ਸੰਘਰਸ਼ ਦੇ ਸਾਲਾਂ ਦੌਰਾਨ ਮੈਂ ਅੱਠ ਘੰਟੇ ਸੌਂਦਾ ਸੀ। ਪਰ ਹੁਣ, ਸਫਲਤਾ ਦੇ ਇਹਨਾਂ ਸਾਲਾਂ ਦੌਰਾਨ, ਮੈਂ ਅਜਿਹਾ ਕਰਨ ਵਿੱਚ ਅਸਮਰੱਥ ਹਾਂ। ਹੁਣ ਮੈਨੂੰ ਅੱਠ ਘੰਟੇ ਦੀ ਨੀਂਦ ਦੀ ਕੀਮਤ ਦਾ ਅਹਿਸਾਸ ਹੋਇਆ ਹੈ। ਇੱਕ ਵਾਰ ਜਦੋਂ ਫਿਲਮ (ਮੈਂ ਅਟਲ ਹੂੰ) ਰਿਲੀਜ਼ ਹੋ ਜਾਂਦੀ ਹੈ, ਪ੍ਰਮੋਸ਼ਨ ਦੇ ਸਾਰੇ ਕੰਮ ਹੋ ਜਾਂਦੇ ਹਨ, ਮੈਂ ਬ੍ਰੇਕ ਲਵਾਂਗਾ। ਮੈਂ ਇੱਕ ਵਿਅਕਤੀ ਵਜੋਂ ਬਹੁਤ ਦ੍ਰਿੜ ਹਾਂ। ਜੇ ਮੈਂ ਆਪਣੇ ਮਨ ਵਿਚ ਇਹ ਗੱਲ ਪਾਉਣਾ ਚਾਹਾਂ ਕਿ ਮੈਨੂੰ ਅੱਠ ਘੰਟੇ ਦੀ ਨੀਂਦ ਚਾਹੀਦੀ ਹੈ, ਮੈਂ ਇਹ ਪ੍ਰਾਪਤ ਕਰ ਲਵਾਂਗਾ।'
ਇਸ ਤੋਂ ਪਹਿਲਾਂ ਮੰਗਲਵਾਰ ਨੂੰ ਪ੍ਰਿਅੰਕਾ ਚੋਪੜਾ, ਜਿਸ ਨੇ ਬਾਲੀਵੁੱਡ ਤੋਂ ਹਾਲੀਵੁੱਡ ਤੱਕ ਕੰਮ ਕੀਤਾ ਹੈ, ਉਸ ਨੇ ਇੱਕ ਇੰਟਰਵਿਊ ਤੋਂ ਪੰਕਜ ਤ੍ਰਿਪਾਠੀ ਦਾ ਇੱਕ ਥ੍ਰੋਬੈਕ ਵੀਡੀਓ ਸਾਂਝਾ ਕੀਤਾ ਸੀ, ਜਿੱਥੇ ਉਸਨੇ ਇੱਕ ਹੌਲੀ ਅਤੇ ਸਥਿਰ ਜੀਵਨ ਜਿਊਣ ਦੇ ਮਹੱਤਵ 'ਤੇ ਜ਼ੋਰ ਦਿੱਤਾ ਸੀ। ਉਸ ਨਾਲ ਸਹਿਮਤ ਹੁੰਦਿਆ ਪ੍ਰਿਅੰਕਾ ਨੇ ਪੋਸਟ ਦਾ ਕੈਪਸ਼ਨ ਦਿੱਤਾ, 'ਸਿਆਣਪ।'
ਤ੍ਰਿਪਾਠੀ ਤੋਂ ਇਲਾਵਾ ਕਈ ਹੋਰ ਸਿਤਾਰਿਆਂ ਨੇ ਹਾਲ ਹੀ 'ਚ ਕੰਮ ਤੋਂ ਬ੍ਰੇਕ ਲੈਣ ਦੇ ਆਪਣੇ ਫੈਸਲੇ 'ਤੇ ਖੁੱਲ੍ਹ ਕੇ ਗੱਲ ਕੀਤੀ ਹੈ। ਅਦਾਕਾਰ ਆਮਿਰ ਖਾਨ ਨੇ 2022 ਵਿੱਚ ਅਦਾਕਾਰੀ ਤੋਂ ਬ੍ਰੇਕ ਲੈਣ ਦਾ ਐਲਾਨ ਕੀਤਾ ਸੀ। ਆਮਿਰ ਨੇ 'ਲਾਲ ਸਿੰਘ ਚੱਢਾ' ਦੀ ਰਿਲੀਜ਼ ਤੋਂ ਬਾਅਦ ਬ੍ਰੇਕ ਲੈਣ ਦਾ ਫੈਸਲਾ ਕੀਤਾ ਸੀ, ਜੋ 2022 ਵਿੱਚ ਬਾਕਸ ਆਫਿਸ 'ਤੇ ਚੰਗਾ ਪ੍ਰਦਰਸ਼ਨ ਕਰਨ ਵਿੱਚ ਅਸਫਲ ਰਹੀ ਸੀ।