ਲੁਧਿਆਣਾ: ਅਜੋਕੀ ਪੀੜੀ ਨੂੰ ਕਿਤਾਬਾਂ ਦੇ ਨਾਲ ਜੋੜਨ ਦੇ ਲਈ ਲੁਧਿਆਣਾ ਦੇ ਸੇਵਾ ਮੁਕਤ ਪ੍ਰਿੰਸੀਪਲ, ਪ੍ਰੋਫੈਸਰ ਅਤੇ ਵੱਖ-ਵੱਖ ਖੇਤਰਾਂ ਦੇ ਨਾਲ ਸੰਬੰਧਿਤ ਅਫ਼ਸਰਾਂ ਵੱਲੋਂ ਇੱਕ ਨਵਾਂ ਉਪਰਾਲਾ ਕੀਤਾ ਗਿਆ ਹੈ। ਜਿਸ ਦੇ ਤਹਿਤ ਪਾਰਕ ਦੇ ਵਿੱਚ ਇੱਕ ਬੁੱਕ ਬੈਂਕ ਤਿਆਰ ਕੀਤਾ ਗਿਆ ਹੈ। ਜਿੱਥੋਂ ਕੋਈ ਵੀ ਆ ਕੇ ਕਿਤਾਬ ਲੈ ਕੇ ਪੜ੍ਹ ਸਕਦਾ ਹੈ। ਜੇਕਰ ਪਾਰਕ 'ਚ ਕਿਤਾਬ ਨਹੀਂ ਪੜ੍ਹਨੀ ਤਾਂ ਉਹ ਘਰ ਲਿਜਾ ਸਕਦਾ ਹੈ। ਉਸ ਦੀ ਐਂਟਰੀ ਉਸ ਨੂੰ ਬਕਸੇ ਦੇ ਵਿੱਚ ਪਈ ਡਾਇਰੀ 'ਤੇ ਕਰਨੀ ਹੋਵੇਗੀ ਅਤੇ ਫਿਰ ਤਰੀਕ ਪਾ ਕੇ, ਕਿਤਾਬ ਦਾ ਨਾਂ ਪਾ ਕੇ, ਆਪਣਾ ਮੋਬਾਈਲ ਨੰਬਰ ਪਾ ਕੇ ਉਹ ਕੋਈ ਵੀ ਕਿਤਾਬ ਮੁਫ਼ਤ ਆਪਣੇ ਘਰ ਪੜ੍ਹਨ ਲਈ ਲਿਜਾ ਸਕਦਾ ਹੈ ਅਤੇ ਪੜ੍ਹਨ ਤੋਂ ਬਾਅਦ ਮੁੜ ਉੱਥੇ ਹੀ ਰੱਖ ਸਕਦਾ ਹੈ। ਵੱਧ ਤੋਂ ਵੱਧ ਸਿੱਖਿਆ ਦਾ ਪ੍ਰਸਾਰ ਕਰਨ ਲਈ ਅਤੇ ਕਿਤਾਬਾਂ ਪ੍ਰਤੀ ਰੁਚੀ ਪੈਦਾ ਕਰਨ ਲਈ ਇਸ ਦੀ ਸ਼ੁਰੂਆਤ ਕੀਤੀ ਗਈ ਹੈ।
ਲਿਟਲ ਬੁੱਕ ਬੈਂਕ
ਸਰਕਾਰੀ ਕਾਲਜ ਦੇ ਸੇਵਾ ਮੁਕਤ ਪ੍ਰਿੰਸੀਪਲ ਪਰਮਜੀਤ ਸਿੰਘ ਗਰੇਵਾਲ ਨੇ ਦੱਸਿਆ ਕਿ ਉਨ੍ਹਾਂ ਦੇ ਬੱਚੇ ਕੈਨੇਡਾ ਦੇ ਵਿੱਚ ਰਹਿੰਦੇ ਹਨ ਅਤੇ ਉੱਥੇ ਉਨ੍ਹਾਂ ਨੇ ਸਭ ਤੋਂ ਪਹਿਲਾਂ ਇਹ ਕਨਸੈਪਟ ਵੇਖਿਆ ਸੀ। ਜਿੱਥੇ ਲੋਕ ਘਰਾਂ ਦੇ ਬਾਹਰ ਛੋਟੇ ਬਾਕਸ ਬਣਾ ਕੇ ਕਿਤਾਬਾਂ ਰੱਖ ਦਿੰਦੇ ਸਨ ਅਤੇ ਉੱਥੋਂ ਫਿਰ ਅੱਗੇ ਜਿਸ ਨੂੰ ਲੋੜ ਹੁੰਦੀ ਸੀ ਉਹ ਕਿਤਾਬ ਪੜ੍ਹ ਲੈਂਦਾ ਸੀ। ਉਨ੍ਹਾਂ ਕਿਹਾ ਕਿ ਇਸ ਨੂੰ ਅਮਰੀਕਾ ਦੇ ਵਿੱਚ ਪਹਿਲਾ ਸ਼ੁਰੂ ਕੀਤਾ ਗਿਆ ਸੀ, ਉੱਥੇ ਇੱਕ ਸ਼ਖਸ ਵੱਲੋਂ ਆਪਣੀ ਮਾਂ ਦੀ ਯਾਦ ਦੇ ਵਿੱਚ ਇਹ ਬੁੱਕ ਬੈਂਕ ਬਾਕਸ ਬਣਾਇਆ ਗਿਆ ਸੀ, ਜਿਸ ਦਾ ਨਾਂ ਬਾਅਦ ਦੇ ਵਿੱਚ ਲਿਟਲ ਬੁੱਕ ਬੈਂਕ ਰੱਖਿਆ ਗਿਆ ਅਤੇ ਇਸ ਦੀ ਬਕਾਇਦਾ ਇੱਕ ਵੈਬਸਾਈਟ ਵੀ ਹੈ ਜਿਸ 'ਤੇ ਹਜ਼ਾਰਾਂ ਹੀ ਅਜਿਹੇ ਬੁੱਕ ਬੈਂਕ ਬਣਾਏ ਗਏ।

ਉਨ੍ਹਾਂ ਕਿਹਾ ਕਿ ਉਥੋਂ ਉਨ੍ਹਾਂ ਨੇ ਇਹ ਸੇਧ ਲਈ ਅਤੇ ਆਪਣੇ ਘਰ ਤੋਂ ਇਸ ਦੀ ਪਹਿਲਾਂ ਸ਼ੁਰੂਆਤ ਕੀਤੀ। ਆਪਣੇ ਘਰ ਦੇ ਬਾਹਰ ਉਨ੍ਹਾਂ ਨੇ ਦੁਗਰੀ ਦੇ ਵਿੱਚ ਇਹ ਬੁੱਕ ਬੈਂਕ ਬਣਾਇਆ। ਜਿੱਥੇ ਕਾਫੀ ਚੰਗਾ ਹੁੰਗਾਰਾ ਮਿਲਿਆ। ਉਸ ਤੋਂ ਬਾਅਦ ਡਾਕਟਰ ਵਿਜੇ, ਜੋ ਸੇਵਾ ਮੁਕਤ ਪ੍ਰਿੰਸੀਪਲ ਹਨ, ਜਿਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਨੇ ਪਰਮਜੀਤ ਗਰੇਵਾਲ ਦੇ ਘਰ ਇਹ ਕਨਸੈਪਟ ਵੇਖਿਆ, ਜੋ ਕਾਫੀ ਵਧੀਆ ਲੱਗਿਆ। ਜਿਸ ਤੋਂ ਬਾਅਦ ਉਨ੍ਹਾਂ ਨੇ ਇਸ ਪਾਰਕ ਦੇ ਵਿੱਚ ਇਸ ਨੂੰ ਸਥਾਪਿਤ ਕੀਤਾ।

'ਵੱਖ-ਵੱਖ ਸ਼ਖਸ਼ੀਅਤਾਂ ਨੇ ਦਿੱਤੀਆਂ ਕਿਤਾਬਾਂ'
ਡਾਕਟਰ ਵਿਜੇ ਨੇ ਦੱਸਿਆ ਕਿ ਇਹ ਕਿਤਾਬਾਂ ਵੱਖ-ਵੱਖ ਵਿਦਵਾਨਾਂ, ਸਾਹਿਤਕਾਰਾਂ ਵੱਲੋਂ ਸਾਨੂੰ ਦਿੱਤੀਆਂ ਗਈਆਂ ਹਨ। ਉਨ੍ਹਾਂ ਨੇ ਕਿਹਾ ਕਿ ਕੁਝ ਕਿਤਾਬਾਂ ਪੰਜਾਬੀ ਦੇ ਉੱਘੇ ਲੇਖਕ ਗੁਰਭਜਨ ਸਿੰਘ ਗਿੱਲ ਵੱਲੋਂ, ਕੁਝ ਕਿਤਾਬਾਂ ਰਾਮਗੜ੍ਹੀਆ ਕਾਲਜ ਦੇ ਪ੍ਰਬੰਧਕ ਰਣਜੋਧ ਸਿੰਘ ਵੱਲੋਂ ਦਿੱਤੀਆਂ ਗਈਆਂ। ਇਸੇ ਤਰ੍ਹਾਂ ਹੋਰ ਕਈਆਂ ਤੋਂ ਉਨ੍ਹਾਂ ਨੇ ਕਿਤਾਬਾਂ ਇਕੱਠੀਆਂ ਕੀਤੀਆਂ ਅਤੇ ਇੱਥੇ ਬੁੱਕ ਬੈਂਕ ਬਣਾ ਕੇ ਉਸ ਵਿੱਚ ਰੱਖੀਆਂ ਹਨ। ਉਨ੍ਹਾਂ ਨੇ ਕਿਹਾ ਕਿ ਇਸ ਨੂੰ ਅਸੀਂ ਹੋਰ ਐਕਸਟੈਂਡ ਕਰ ਰਹੇ ਹਾਂ। ਹੋਰ ਕਿਤਾਬਾਂ ਇਕੱਠੀਆਂ ਕਰਕੇ ਇਸ ਵਿੱਚ ਰੱਖੀਆਂ ਜਾਣਗੀਆਂ ਤਾਂ ਜੋ ਹਰ ਕਿਸੇ ਨੂੰ ਉਸ ਦੀ ਰੁਚੀ ਦੇ ਮੁਤਾਬਿਕ ਕਿਤਾਬਾਂ ਮੁਹੱਈਆ ਹੋ ਸਕਣ।

ਪਾਰਕ 'ਚ ਬਣਾਇਆ ਬੁੱਕ ਬੈਂਕ
ਲੁਧਿਆਣਾ ਦੁਗਰੀ ਅਰਬਨ ਸਟੇਟ ਵਿੱਚ ਇਹ ਬੁੱਕ ਬੈਂਕ ਸਥਾਪਿਤ ਕੀਤਾ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਇਸ ਤੋਂ ਇਲਾਵਾ ਦੁਗਰੀ ਦੇ ਇੱਕ ਹੋਰ ਪਾਰਕ ਦੇ ਵਿੱਚ ਵੀ ਅਜਿਹਾ ਬੁੱਕ ਬੈਂਕ ਸਾਡੀ ਹੀ ਇਸ ਤਰਜ 'ਤੇ ਲਗਾਇਆ ਗਿਆ ਹੈ। ਇਸ ਦੌਰਾਨ ਲੋਕਾਂ ਨੇ ਸਾਡੀ ਟੀਮ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਅਕਸਰ ਹੀ ਅਸੀਂ ਪਿੰਡਾਂ ਵਿੱਚ ਵੇਖਦੇ ਹਾਂ ਕਿ ਸੱਥਾਂ ਬਣੀਆਂ ਹੁੰਦੀਆਂ ਹਨ ਜਿੱਥੇ ਜਾਂ ਤਾਂਸ਼ ਖੇਡੀ ਜਾਂਦੀ ਹੈ ਜਾਂ ਫਿਰ ਇੱਧਰ- ਉੱਧਰ ਦੀਆਂ ਗੱਲਾਂ ਕੀਤੀਆਂ ਜਾਂਦੀਆਂ ਹਨ ਪਰ ਜੇਕਰ ਉਨ੍ਹਾਂ ਨੂੰ ਕਿਤਾਬਾਂ ਮੁਹੱਈਆ ਕਰਵਾਈਆਂ ਜਾਣ, ਉਨ੍ਹਾਂ ਕੋਲ ਪੜ੍ਹਨ ਨੂੰ ਸਾਹਿਤ ਹੋਵੇ ਸਾਡਾ ਸੱਭਿਆਚਾਰ ਹੋਵੇ। ਇਸ ਨਾਲ ਸੰਬੰਧਿਤ ਕਿਤਾਬਾਂ ਆਸਾਨੀ ਨਾਲ ਉਹ ਪ੍ਰਾਪਤ ਕਰਕੇ ਪੜ੍ਹ ਸਕਦੇ ਹਨ। ਇਸ ਦੌਰਾਨ ਉਨ੍ਹਾਂ ਨੇ ਕਿਹਾ ਕਿ ਜਿੰਨਾ ਗਿਆਨ ਵਧੇ, ਉਨਾ ਚੰਗਾ ਹੈ ਅਤੇ ਗਿਆਨ ਕਿਤਾਬਾਂ ਤੋਂ ਹੀ ਵੱਧਦਾ ਹੈ। ਅੱਜ ਕੱਲ ਦੀ ਨੌਜਵਾਨ ਪੀੜੀ ਜੋ ਕੇ ਮੋਬਾਈਲ ਆਦਿ ਵਿੱਚ ਲੱਗੀ ਰਹਿੰਦੀ ਹੈ। ਉਨ੍ਹਾਂ ਲਈ ਇੱਕ ਚੰਗਾ ਸੰਕਲਪ ਹੈ, ਸਾਡੀ ਕੋਸ਼ਿਸ਼ ਹੈ ਕਿ ਇਸ ਨੂੰ ਹੋਰ ਅੱਗੇ ਵਧਾਇਆ ਜਾਵੇ।
