ਅੰਮ੍ਰਿਤਸਰ: 1984 ਦੰਗਾ ਪੀੜਤਾਂ ਨੇ ਕਾਤਲ ਸੱਜਣ ਕੁਮਾਰ ਨੂੰ ਉਮਰ ਕੈਦ ਹੋਣ 'ਤੇ ਖੁਸ਼ੀ ਜ਼ਾਹਿਰ ਕੀਤੀ ਹੈ। ਬਲਬੀਰ ਕੌਰ ਨੇ ਕਿਹਾ, ਜੋ ਕਰੋਗੇ, ਉਹ ਭਰਨਾ ਪਵੇਗਾ। ਸੱਜਣ ਕੁਮਾਰ ਨੇ ਬਹੁਤ ਘਰ ਬਰਬਾਦ ਕੀਤੇ, ਕਤਲ ਕੀਤੇ ਇਸ ਲਈ ਉਸ ਨੂੰ ਸਜ਼ਾ ਹੋਈ ਹੈ ਪਰ ਅਸੀਂ ਚਾਹੁੰਦੇ ਸੀ ਕਾਤਲ ਨੂੰ ਫ਼ਾਂਸੀ ਦੀ ਸਜ਼ਾ ਹੋਵੇ ਪਰ ਜੋ ਅਦਾਲਤ ਨੇ ਸਜ਼ਾ ਸੁਣਾਈ ਹੈ ਉਸ ਤੋਂ ਵੀ ਖੁਸ਼ ਹਾਂ।
ਜ਼ਖਮ ਹਾਲੇ ਵੀ ਅੱਲ੍ਹੇ
1984 ਦੀ ਨਸਲਕੁਸ਼ੀ ਦਾ ਦਰਦ ਅਤੇ ਜ਼ਖਮ ਹਾਲੇ ਵੀ ਅੱਲ੍ਹੇ ਹਨ। ਜਿੰਨ੍ਹਾਂ ਲੋਕਾਂ ਨੇ ਉਸ ਸਮੇਂ ਉਹ ਦਰਦ ਪਿੰਡੇ 'ਤੇ ਹੰਢਾਇਆ ਉਨ੍ਹਾਂ ਦੀਆਂ ਗੱਲਾਂ ਸੁਣ ਰੌਂਗਟੇ ਖੜ੍ਹੇ ਹੋ ਜਾਂਦੇ ਹਨ। ਅਜਿਹੀ ਹੀ ਇੱਕ ਦਰਦਾਂ ਦੀ ਦਸਤਾਨ ਬਲਬੀਰ ਕੌਰ ਨੇ ਸੁਣਾਈ ਜੋ ਦਿੱਲੀ ਤੋਂ ਅੰਮ੍ਰਿਤਸਰ ਆ ਕੇ ਰਹਿਣ ਲੱਗ ਗਈ ਸੀ। ਉਨ੍ਹਾਂ ਦੀ ਲੂ-ਕੰਢੇ ਖੜ੍ਹੇ ਕਰਨ ਵਾਲੀਆਂ ਗੱਲਾਂ ਸੁਣ ਅੰਦਰ ਤੱਕ ਹਿਲ ਜਾਂਦਾ ਹੈ।
"ਸਿੱਖਾਂ ਨੂੰ ਤਾਂ ਮਾਰਨ 'ਤੇ ਤੁਲੇ ਸੀ"
"1984 ਦੌਰਾਨ ਇੱਕ ਹਜੂਮ ਆਇਆ ਅਤੇ ਉਨ੍ਹਾਂ ਦੇ ਘਰ ਨੂੰ ਤਬਾਹ ਕਰ ਗਿਆ। ਉਸ ਹਜੂਮ ਨੇ ਸਾਡੇ ਪਰਿਵਾਰ 'ਤੇ ਬਹੁਤ ਤਸ਼ੱਦਦ ਢਾਇਆ, ਘਰ ਨੂੰ ਅੱਗ ਲਗਾ ਦਿੱਤੀ, ਮੇਰੇ ਪਤੀ ਦੀਆਂ ਲੱਤਾਂ ਤੋੜ ਦਿੱਤੀਆਂ। ਉਨ੍ਹਾਂ ਨੇ ਸਾਨੂੰ ਲੱਕੜਾਂ 'ਤੇ ਬਿਠਾ ਕੇ ਅੱਗ ਲਗਾਉਣ ਦੀ ਕੋਸ਼ਿਸ਼ ਕੀਤੀ। ਕਈ ਲੋਕਾਂ ਦੇ ਗਲਾਂ ਵਿੱਚ ਟਾਇਰ ਪਾ ਕੇ ਉਨ੍ਹਾਂ ਨੂੰ ਅੱਗ ਲਗਾ ਦਿੱਤੀ ਅਤੇ ਜ਼ਿੰਦਾ ਹੀ ਸਾੜ ਦਿੱਤਾ। ਅੱਜ ਵੀ ਜਦੋਂ ਉਹ ਮੰਜ਼ਰ ਯਾਦ ਆਉਂਦਾ ਹੈ ਤਾਂ ਰੌਂਗਟੇ ਖੜ੍ਹੇ ਹੋ ਜਾਂਦੇ ਹਨ। ਅਸੀਂ ਬੜੀਆਂ ਮਿੰਨਤਾਂ ਤਰਲੇ ਕੀਤੇ ਪਰ ਹਜੂਮ ਨੇ ਸਾਡੀ ਇੱਕ ਨਾ ਮੰਨੀ। ਹਜੂਮ 'ਚ ਪੰਜ-ਛੇ ਹਜ਼ਾਰ ਦੇ ਕਰੀਬ ਬੰਦੇ ਸਨ ਜੋ ਸਿੱਖਾਂ ਨੂੰ ਮਾਰਨ 'ਤੇ ਤੁਲੇ ਹੋਏ ਸਨ। ਉਸ ਸਮੇਂ ਇੰਝ ਲੱਗਦਾ ਸੀ ਜਿਵੇਂ ਅਸੀਂ ਅੱਜ ਹੀ ਮਰ ਮੁੱਕ ਜਾਣਾ ਪਰ ਵਾਹਿਗੁਰੂ ਦੀ ਕਿਰਪਾ ਸੀ, ਅਸੀਂ ਬਚ ਗਏ।" ਬਲਬੀਰ ਕੌਰ, ਪੀੜਤ
ਅਸੀਂ ਦਿੱਲੀ ਤੋਂ ਅੰਮ੍ਰਿਤਸਰ ਪਹੁੰਚ ਗਏ
ਬਲਬੀਰ ਕੌਰ ਨੇ ਮੀਡੀਆ ਨਾਲ ਗੱਲ ਕਰਦੇ ਆਖਿਆ ਕਿ ਉਹ ਧੱਕੇ ਖਾਂਦੇ ਹੋਏ ਦਿੱਲੀ ਤੋਂ ਅੰਮ੍ਰਿਤਸਰ ਆ ਗਏ। ਮੇਰੇ ਪਤੀ ਦੀ ਮੌਤ ਹੋ ਚੁੱਕੀ ਹੈ। ਜਦਕਿ ਮੇਰਾ ਬੱਚਾ ਬਿਮਾਰ ਹੈ ਜੋ ਕਿ ਥੋੜਾ ਸਮਾਂ ਪਹਿਲਾਂ ਹੀ ਠੀਕ ਹੋਇਆ ਅਤੇ ਮਿਹਨਤ ਮਜ਼ਦੂਰੀ ਕਰਕੇ ਘਰ ਦਾ ਗੁਜ਼ਾਰਾ ਕਰਦਾ ਹੈ। ਮੈਂ ਵੀ ਘਰਾਂ ਦਾ ਕੰਮ ਕਰਕੇ ਆਪਣਾ ਗੁਜ਼ਾਰਾ ਕਰ ਰਹੀ ਹਾਂ। ਉਨ੍ਹਾਂ ਕਿਹਾ ਕਿ ਸੱਜਣ ਕੁਮਾਰ ਨੂੰ ਜਦੋਂ ਸਜ਼ਾ ਹੋਵੇਗੀ ਤਾਂ ਸਾਡੇ ਪਰਿਵਾਰ ਨੂੰ ਇਨਸਾਫ਼ ਜ਼ਰੂਰ ਮਿਲੇਗਾ।
ਦਿਲ 'ਚ ਦਰਦ
ਉਧਰ ਸਮਾਜ ਸੇਵੀ ਸੋਨੂੰ ਨੇ ਆਖਿਆ ਕਿ ਅਸੀਂ ਖੁਸ਼ ਹਾਂ ਅਦਾਲਤ ਦੇ ਫੈਸਲੇ ਤੋਂ ਪਰ ਹੁਣ ਸਰਕਾਰਾਂ ਨੂੰ ਇੰਨ੍ਹਾਂ ਪੀੜਤਾਂ ਦੀ ਮਦਦ ਕਰਨੀ ਚਾਹੀਦੀ ਹੈ। 40 ਸਾਲਾਂ ਤੋਂ ਇਹ ਪੀੜਤ ਇਸੇ ਤਰੀਕੇ ਆਪਣੇ ਦਿਲ 'ਚ ਦਰਦ ਲੈ ਕੇ ਜ਼ਿੰਦਗੀ ਬਤੀਤ ਕਰ ਰਹੇ ਨੇ ਪਰ ਇੰਨ੍ਹਾਂ ਦੀ ਕਿਸੇ ਨੇ ਕੋਈ ਸਾਰ ਨਹੀਂ ਲਈ।