ਚੰਡੀਗੜ੍ਹ: ਪੰਜਾਬੀ ਦੇ ਮਸ਼ਹੂਰ ਗਾਇਕ ਸਿੱਧੂ ਮੂਸੇਵਾਲਾ ਦਾ ਪਿਛਲੇ ਦਿਨੀਂ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਸਿੱਧੂ ਦੀ ਮੌਤ ਨਾਲ ਮਾਤਾ ਪਿਤਾ, ਰਿਸ਼ਤੇਦਾਰ, ਪੂਰਾ ਪੰਜਾਬ ਅਤੇ ਬਾਲੀਵੁੱਡ ਆਦਿ ਸੋਗ ਵਿੱਚ ਡੁੱਬੇ ਹੋਏ ਹਨ। ਗਾਇਕ ਦੀ ਅਚਾਨਕ ਮੌਤ ਨੇ ਸਭ ਨੂੰ ਧੁਰ ਅੰਦਰੋ ਹਿਲਾ ਕੇ ਰੱਖ ਦਿੱਤਾ।
ਤੁਹਾਨੂੰ ਦੱਸ ਦਈਏ ਕਿ ਕਲਾਕਾਰ ਆਪਣੇ ਆਪਣੇ ਪੱਧਰ ਉਤੇ ਸਿੱਧੂ ਨੂੰ ਸ਼ਰਧਾਂਜਲੀ ਦੇ ਰਹੇ ਹਨ। ਇਸੇ ਤਰ੍ਹਾਂ ਹੀ ਇੱਕ ਵੀਡੀਓ ਸ਼ੋਸਲ ਮੀਡੀਆ ਉਤੇ ਕਾਫ਼ੀ ਘੁੰਮ ਰਹੀ ਹੈ, ਜਿਸ ਵਿੱਚ ਨਾਈਜੀਰੀਆ ਦੇ ਪ੍ਰਸਿੱਧ ਰੈਪਰ ਬਰਨਾ ਬੁਆਏ ਆਪਣੇ ਲਾਈਵ ਚੱਲਦੇ ਸ਼ੋਅ ਵਿੱਚ ਸਿੱਧੂ ਨੂੰ ਸ਼ਰਧਾਂਜਲੀ ਦੇ ਰਹੇ ਹਨ।
ਜ਼ਿਕਰਯੋਗ ਹੈ ਕਿ ਰੈਪਰ ਸਿੱਧੂ ਮੂਸੇਵਾਲਾ ਦੀ ਤਰ੍ਹਾਂ ਪੱਟ ਉਤੇ ਥਾਪੀ ਮਾਰ ਕੇ ਸ਼ਰਧਾਂਜਲੀ ਦਿੰਦੇ ਹਨ ਅਤੇ ਨਾਲ ਹੀ ਚੱਲਦੇ ਸ਼ੋਅ ਵਿੱਚ ਹੀ ਰੋਣਾ ਸ਼ੁਰੂ ਕਰ ਦਿੰਦੇ ਹਨ।
ਇਸ ਤੋਂ ਪਹਿਲਾਂ ਰੈਪਰ ਨੇ ਸਿੱਧੂ ਦੀ ਮੌਤ ਉਤੇ ਇੱਕ ਭਾਵੁਕ ਪੋਸਟ ਵੀ ਸਾਂਝੀ ਕੀਤੀ ਸੀ।
ਇਸ ਤਰ੍ਹਾਂ ਵਾਪਰੀ ਘਟਨਾ: ਮਸ਼ਹੂਰ ਗਾਇਕ ਅਤੇ ਅਦਾਕਾਰ ਸਿੱਧੂ ਮੂਸੇਵਾਲਾ ਦਾ ਦਿਨ ਦਿਹਾੜੇ ਗੋਲ਼ੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਸਿੱਧੂ ਮੂਸੇਵਾਲਾ ’ਤੇ ਇਹ ਹਮਲਾ ਪਿੰਡ ਜਵਾਹਰਕੇ ਨੇੜੇ ਹੋਇਆ ਹੈ। ਦੱਸ ਦਈਏ ਕਿ ਸਿੱਧੂ ਮੂਸੇਵਾਲਾ ਨੂੰ ਗੋਲੀਆਂ ਲੱਗਣ ਤੋਂ ਬਾਅਦ ਇਸ ਨੂੰ ਗੰਭੀਰ ਜ਼ਖਮੀ ਹਾਲਾਤ ਵਿੱਚ ਮਾਨਸਾ ਦੇ ਸਰਕਾਰੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ, ਜਿੱਥੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਦੱਸਿਆ ਜਾ ਰਿਹਾ ਹੈ ਕਿ ਵਾਰਦਾਤ ਦੌਰਾਨ ਹਮਲਾਵਰਾਂ ਨੇ ਲਗਭਗ 30 ਤੋਂ 35 ਰੋਂਦ ਫਾਇਰ ਕੀਤੇ, ਜਿਸ ਵਿਚ ਸਿੱਧੂ ਦੇ ਲਗਭਗ 7 ਗੋਲ਼ੀਆਂ ਲੱਗੀਆਂ ਸਨ।
ਇਹ ਵੀ ਪੜ੍ਹੋ:ਸਿੱਧੂ ਦੇ ਪਿਤਾ ਦਾ ਬਿਆਨ: ਹਾਲੇ ਪੁੱਤ ਦਾ ਸਿਵਾ ਵੀ ਠੰਡਾ ਨਹੀਂ ਹੋਇਆ, ਨਹੀਂ ਲੜਾਂਗਾ ਕੋਈ ਚੋਣ