ਚੰਡੀਗੜ੍ਹ: ਪੰਜਾਬੀ ਸਿਨੇਮਾ ਦੇ ਉਚਕੋਟੀ ਨਿਰਮਾਤਾ ਵਜੋਂ ਪ੍ਰਸਿੱਧ ਅਤੇ ਪੰਜਾਬੀ ਸਿਨੇਮਾ ਦੀ ਝੋਲੀ ਬੇਸ਼ੁਮਾਰ ਵੱਡੀਆਂ ਅਤੇ ਸਫ਼ਲ ਫ਼ਿਲਮਾਂ ਪਾ ਚੁੱਕੇ ਨਿਰਮਾਤਾ ਇਕਬਾਲ ਸਿੰਘ ਢਿੱਲੋਂ ਇੰਨ੍ਹੀ ਦਿਨ੍ਹੀਂ ਆਪਣੀ ਨਵੀਂ ਪੰਜਾਬੀ ਫ਼ਿਲਮ ‘ਰਿਟਰਨ ਆਫ਼ ਜੱਟ ਜਿਓਣਾ ਮੌੜ’ ਨੂੰ ਸ਼ੁਰੂਆਤੀ ਛੋਹਾਂ ਦੇਣ ਵਿਚ ਤੇਜ਼ੀ ਨਾਲ ਰੁੱਝੇ ਹੋਏ ਹਨ।
ਜਿਸ ਦੀ ਪ੍ਰੀ ਪ੍ਰੋਡੋਕਸ਼ਨ ਅਤੇ ਸ਼ੂਟਿੰਗ ਸ਼ੁਰੂਆਤ ਅਗਲੇ ਦਿਨ੍ਹਾਂ ’ਚ ਕੀਤੀ ਜਾ ਰਹੀ ਹੈ। ਸਾਲ 1991 ਵਿਚ ਆਈ ਅਤੇ ਅਪਾਰ ਕਾਮਯਾਬ ਰਹੀ ਗੁੱਗੂ ਗਿੱਲ ਸਟਾਰਰ ‘ਜੱਟ ਜਿਓਣਾ ਮੋੜ’ ਦੇ ਸੀਕਵਲ ਦੇ ਰੂਪ ਵਿਚ ਬਣਾਈ ਜਾ ਰਹੀ ਇਸ ਫ਼ਿਲਮ ਨੂੰ ਵੀ ਹਰ ਪੱਖੋਂ ਖੂਬਸੂਰਤ ਰੱਖਣ ਲਈ ਢਿੱਲੋਂ ਅਤੇ ਉਨ੍ਹਾਂ ਦੀ ਨਿਰਮਾਣ ਟੀਮ ਵੱਲੋਂ ਖਾਸੀ ਮਿਹਨਤ ਅਤੇ ਤਰੱਦਦ ਕੀਤਾ ਜਾ ਰਿਹਾ ਹੈ, ਜਿਸ ਵਿਚ ਫ਼ਿਲਮ ਡਿਜ਼ਾਇਨਰ ਅਤੇ ਕਲਾ ਨਿਰਦੇਸ਼ਕ ਰਾਸ਼ਿਦ ਰੰਗਰੇਜ਼ ਵੀ ਸ਼ਾਮਿਲ ਹਨ। ਜੋ ਇਸ ਨੂੰ ਖੂਬਸੂਰਤ ਅਤੇ ਪ੍ਰਭਾਵੀ ਸਿਰਜਣਾ ਦੇਣ ਵਿਚ ਅਹਿਮ ਭੂਮਿਕਾ ਨਿਭਾਉਣਗੇ।
ਫ਼ਿਲਮ ਦਾ ਲੇਖਣ ਹਾਲ ਹੀ ਵਿਚ ਆਈ ਅਤੇ ਸੁਪਰਹਿੱਟ ਰਹੀ ‘ਲੀਜੈਂਡ ਆਫ਼ ਮੌਲਾ ਜੱਟ’ ਫੇਮ ਲੇਖਕ ਅਤੇ ਲਹਿੰਦੇ ਪੰਜਾਬ ਦੀ ਅਜ਼ੀਮ ਫਿਲਮੀ ਸ਼ਖ਼ਸੀਅਤ ਵਜੋਂ ਜਾਂਣੇ ਜਾਂਦੇ ਨਾਸਿਰ ਅਦੀਬ ਕਰ ਰਹੇ ਹਨ, ਜਿੰਨ੍ਹਾਂ ਅਨੁਸਾਰ ਬਤੌਰ ਲੇਖਕ ਚੜ੍ਹਦੇ ਪੰਜਾਬ ਦੀ ਕਿਸੇ ਪੰਜਾਬੀ ਫ਼ਿਲਮ ਨਾਲ ਜੁੜਨ ਦਾ ਮਾਣ ਉਹ ਪਹਿਲੀ ਵਾਰ ਹਾਸਿਲ ਕਰਨ ਜਾ ਰਹੇ ਹਨ। ਪਾਲੀਵੁੱਡ ਦੇ ਮੰਨੇ ਪ੍ਰਮੰਨੇ ਨਿਰਦੇਸ਼ਕ ਸਿਮਰਜੀਤ ਸਿੰਘ ਦੁਆਰਾ ਨਿਰਦੇਸ਼ਿਤ ਕੀਤੀ ਜਾਣ ਵਾਲੀ ਇਸ ਫ਼ਿਲਮ ਵਿਚ ਇਸ ਸਿਨੇਮਾ ਦੇ ਨਾਮਵਰ ਅਦਾਕਾਰ ਟਾਈਟਲ ਭੂਮਿਕਾ ਨਿਭਾਉਣਗੇ, ਜਿਸ ਲਈ ਨਾਂਅ ਅਤੇ ਹੋਰ ਦੂਸਰੇ ਫ਼ਿਲਮੀ ਲੁੱਕ ਆਦਿ ਦੀ ਰਸਮੀ ਘੋਸ਼ਣਾ ਜਲਦ ਕੀਤੀ ਜਾ ਰਹੀ ਹੈ।
ਸੁਰਜੀਤ ਮੂਵੀਜ਼ ਦੇ ਬੈਨਰ ਹੇਠ ਬਣਨ ਜਾ ਰਹੀ ਇਸ ਫ਼ਿਲਮ ਦਾ ਸੰਗੀਤ ਗੌਹਰ ਅਲੀ ਬੱਬੂ, ਨਰਿੰਦਰ ਡੀ.ਜੇ ਅਤੇ ਅਮਰ ਹਲਦੀਪੁਰ ਵੱਲੋਂ ਤਿਆਰ ਕੀਤਾ ਗਿਆ ਹੈ ਅਤੇ ਗੀਤਕਾਰ ਸਵਰਗੀ ਦੇਵ ਥਰੀਕੇਵਾਲਾ, ਖ਼ਵਾਜ਼ਾ ਪਰਵੇਜ਼ ਅਤੇ ਅਲਤਾਫ਼ ਬਾਜਵਾ ਹਨ। ਜਦਕਿ ਐਕਸ਼ਨ ਨਿਰਦੇਸ਼ਕ ਦੀ ਜਿੰਮੇਵਾਰੀ ਹਿੰਦੀ ਸਿਨੇਮਾਂ ਦੀ ਮਸ਼ਹੂਰ ਹਸਤੀ ਸ਼ਾਮ ਕੌਸ਼ਲ ਨਿਭਾਉਣਗੇ।
ਜੇਕਰ ਨਿਰਮਾਤਾ ਇਕਬਾਲ ਢਿੱਲੋਂ ਦੇ ਨਿਰਮਾਤਾ ਵਜੋਂ ਫ਼ਿਲਮੀ ਕਰੀਅਰ ਦੀ ਗੱਲ ਕੀਤੀ ਜਾਵੇ ਤਾਂ ਉਨ੍ਹਾਂ ਵੱਲੋਂ ਹੁਣ ਤੱਕ ਡੇਢ ਦਰਜ਼ਨ ਅਤੇ ਮਲਟੀਸਟਾਰਰ ਪੰਜਾਬੀ ਫਿਲਮਾਂ ਦਾ ਨਿਰਮਾਣ ਕੀਤਾ ਗਿਆ ਹੈ, ਜਿਸ ਵਿਚ 'ਸ਼ਹੀਦ ਏ ਆਜ਼ਮ ਭਗਤ ਸਿੰਘ' ਜੋ ਸੋਨੂੰ ਸੂਦ ਦੀ ਐਕਟਰ ਦੇ ਤੌਰ 'ਤੇ ਕਰੀਅਰ ਦੀ ਪਹਿਲੀ ਫ਼ਿਲਮ ਰਹੀ ਹੈ। ਇਸ ਤੋਂ ਇਲਾਵਾ ‘ਪੁੱਤ ਜੱਟਾਂ ਦੇ’, ‘ਗੱਬਰੂ ਪੰਜਾਬ ਦਾ’, ‘ਸੁੱਖਾ’, ‘ਖੂਨ ਦਾ ਦਾਜ਼’ , ‘ਲਲਕਾਰਾ ਜੱਟੀ ਦਾ’, ‘ਸ਼ਹੀਦ ਊਧਮ ਸਿੰਘ’, ‘ਪਿੰਡ ਦੀ ਕੁੜੀ’ ਆਦਿ ਮੁੱਖ ਰਹੀਆਂ ਹਨ, ਜਿੰਨ੍ਹਾਂ ਵੱਲੋਂ ਨਿਰਮਿਤ ਕੀਤੀਆਂ ਫਿਲਮਾਂ ਵਿਚ ਧਰਮਿੰਦਰ, ਸ਼ਤਰੂਘਨ ਸਿਨਹਾ, ਰਾਜ ਬੱਬਰ, ਜੂਹੀ ਚਾਵਲਾ ਆਦਿ ਮੰਨੇ ਪ੍ਰਮੰਨੇ ਬਾਲੀਵੁੱਡ ਚਿਹਰੇ ਸ਼ਾਮਿਲ ਰਹੇ ਹਨ।
ਇਹ ਵੀ ਪੜ੍ਹੋ: Yaaran Diyan Poun Baaran: ਇਹ ਮਾਰਚ ਸਿਨੇਮਾ ਪ੍ਰੇਮੀਆਂ ਲਈ ਰਹੇਗਾ ਖ਼ਾਸ, ਛੇਵੀਂ ਫਿਲਮ 'ਯਾਰਾਂ ਦੀਆਂ ਪੌਂ ਬਾਰਾਂ' ਦਾ ਹੋਇਆ ਐਲਾਨ