ਚੰਡੀਗੜ੍ਹ: ਥੀਏਟਰ ਜਗਤ ਤੋਂ ਲੈ ਕੇ ਪਹਿਲਾਂ ਪੰਜਾਬੀ ਗੀਤਕਾਰੀ ਅਤੇ ਬਾਅਦ ’ਚ ਅਦਾਕਾਰੀ ਖਿੱਤੇ ’ਚ ਮਜ਼ਬੂਤ ਪੈੜ੍ਹਾਂ ਸਿਰਜਣ ’ਚ ਕਾਮਯਾਬ ਰਹੇ ਹੋਣਹਾਰ ਮਲਵਈ ਨੌਜਵਾਨ ਗੁਰਨਾਮ ਸਿੱਧੂ ਹੁਣ ਬਤੌਰ ਗਾਇਕ ਵੀ ਇਕ ਹੋਰ ਨਵੀਂ ਪਰਵਾਜ਼ ਵੱਲ ਵੱਧ ਚੁੱਕੇ ਹਨ, ਜੋ ਆਪਣੇ ਨਵਾਂ ਗਾਣਾ ‘ਬੀ ਪਾਜੀਟਿਵ’ ਲੈ ਕੇ ਜਲਦ ਸਰੋਤਿਆਂ ਅਤੇ ਦਰਸ਼ਕਾਂ ਸਨਮੁੱਖ ਹੋਣ ਜਾ ਰਹੇ ਹਨ।
‘ਖ਼ੇਲਾ ਪ੍ਰੋਡੋਕਸ਼ਨ’ ਦੇ ਮਿਊਜ਼ਿਕ ਲੇਬਲ ਅਧੀਨ ਨਿਰਮਾਤਾ ਸਤਵਿੰਦਰ ਖ਼ੇਲਾ ਵੱਲੋਂ ਪ੍ਰਸਤੁਤ ਕੀਤੇ ਜਾ ਰਹੇ ਇਸ ਸੰਗੀਤਕ ਟਰੈਕ ਦਾ ਮਿਊਜ਼ਿਕ ਐਸਪੀ ਵੱਲੋਂ ਸੰਗੀਤਬੱਧ ਕੀਤਾ ਗਿਆ ਹੈ, ਜਦਕਿ ਇਸ ਦੇ ਗੀਤ, ਕੰਪੋਜੀਸ਼ਨ ਖੁਦ ਗਾਮਾ ਸਿੱਧੂ ਦੀ ਹੀ ਹੈ। ਗੁਣਬੀਰ ਸਿੰਘ ਸੰਧੂ ਦੀ ਪ੍ਰੋਜੈਕਟ ਕਮਾਂਡ ਹੇਠ ਜਾਰੀ ਕੀਤੇ ਜਾ ਰਹੇ ਇਸ ਟਰੈਕ ਦੀ ਮੁਕੰਮਲਤਾ ਵਿਚ ਅਮਰੀਕ ਸੰਧੂ, ਧਰਮਵੀਰ ਧਾਂਦੀ, ਰਾਜਦੀਪ ਲਾਲੀ, ਕੁਲਵਿੰਦਰ ਗਿੱਲ, ਗੁਰਦੀਪ ਹਰੀਕੇ ਅਤੇ ਵਾਈਜ਼ ਸਟੂਡਿਓਜ਼ ਵੱਲੋਂ ਵੀ ਅਹਿਮ ਯੋਗਦਾਨ ਦਿੱਤਾ ਗਿਆ ਹੈ।
ਅੱਜ ਸ਼ਾਮ ਸਮੇਂ ਵੱਖ-ਵੱਖ ਸੰਗੀਤਕ ਪਲੇਟਫ਼ਾਰਮਜ਼ 'ਤੇ ਰਿਲੀਜ਼ ਕੀਤੇ ਜਾ ਰਹੇ ਇਸ ਟਰੈਕ ਸੰਬੰਧੀ ਜਾਣਕਾਰੀ ਦਿੰਦਿਆਂ ਇਸ ਪ੍ਰਤਿਭਾਸ਼ਾਲੀ ਗਾਇਕ ਨੇ ਦੱਸਿਆ ਕਿ ਭੱਜ-ਦੌੜ੍ਹ ਭਰੀ ਇਸ ਜ਼ਿੰਦਗੀ ਵਿਚ ਜਿਵੇਂ ਜਿਵੇਂ ਮੋਹ ਅਤੇ ਲਾਲਸਾਵਾਂ ਵੱਧ ਰਹੀਆਂ ਹਨ, ਉੱਦਾ ਉੱਦਾ ਹਰ ਇਨਸਾਨ ਦੇ ਮੱਥੇ 'ਤੇ ਚਿੰਤਾਵਾਂ ਦੀ ਰੇਖਾਵਾਂ ਵਿਚ ਲਗਾਤਾਰ ਹੋਰ ਵਾਧਾ ਹੁੰਦਾ ਜਾ ਰਿਹਾ ਹੈ, ਜਿਸ ਨੂੰ ਨਾਂ ਝੱਲਦੇ ਹੋਏ ਕਈ ਲੋਕ ਮਾਨਸਿਕ ਪ੍ਰੇਸ਼ਾਨੀਆਂ ਨਾਲ ਗ੍ਰਸਤ ਹੋ ਕੇ ਗਲਤ ਕਦਮ ਉਠਾਉਣੋਂ ਵੀ ਗੁਰੇਜ਼ ਨਹੀਂ ਕਰਦੇ, ਜਿੰਨ੍ਹਾਂ ਦੀ ਇਸ ਨਾਂਹ ਪੱਖੀ ਮਾਨਸਿਕਤਾ ਨੂੰ ਹਾਂ ਪੱਖੀ ਸੋਚ ਵਿਚ ਤਬਦੀਲ ਕਰਨ ਦੀ ਕੋਸ਼ਿਸ਼ ਅਧੀਨ ਹੀ ਸਾਹਮਣੇ ਲਿਆਂਦਾ ਜਾ ਰਿਹਾ ਹੈ ਇਹ ਗਾਣਾ, ਜਿਸ ਵਿਚ ਪਾਜੀਟਿਵ ਸੋਚ ਅਪਨਾਉਣ ਅਤੇ ਦੁੱਖਾਂ ਦਾ ਸਾਹਮਣਾ ਹੌਂਸਲੇ ਨਾਲ ਕਰਨ ਲਈ ਪ੍ਰੇਰਿਤ ਕੀਤਾ ਜਾਵੇਗਾ।
ਮੂਲ ਰੂਪ ਵਿਚ ਸਰਹੱਦੀ ਜ਼ਿਲ੍ਹੇ ਫ਼ਿਰੋਜ਼ਪੁਰ ਨਾਲ ਸਬੰਧਤ ਬਹੁਮੁੱਖੀ ਸ਼ਖ਼ਸ਼ੀਅਤ ਗਾਮਾ ਸਿੱਧੂ ਦੇ ਜੀਵਨ ਅਤੇ ਹੁਣ ਤੱਕ ਦੇ ਕਰੀਅਰ ਵੱਲ ਨਜ਼ਰਸਾਨੀ ਕੀਤੀ ਜਾਵੇ ਤਾਂ ਇਸ ਗੱਲ ਦਾ ਅਹਿਸਾਸ ਵੀ ਸਹਿਜੇ ਹੀ ਹੋ ਜਾਂਦਾ ਹੈ ਕਿ ਆਪਣੀਆਂ ਕਲਾਵਾਂ ਨੂੰ ਸੰਵਾਰਨ, ਇੰਨ੍ਹਾਂ ਦਾ ਅੰਤਰਰਾਸ਼ਟਰੀ ਪੱਧਰ 'ਤੇ ਲੋਹਾ ਮੰਨਵਾਉਣ ਦੇ ਨਾਲ ਨਾਲ ਸਮਾਜਿਕ ਜਿੰਮੇਵਾਰੀਆਂ ਨਿਭਾਉਣ ਵਿਚ ਇਸ ਵੱਲੋਂ ਅਹਿਮ ਭੂਮਿਕਾ ਨਿਭਾਈ ਗਈ ਹੈ, ਜਿਸ ਸੰਬੰਧੀ ਲੋਕਹਿੱਤਾ ਲਈ ਨਿਭਾਏ ਜਾ ਰਹੇ ਫਰਜ਼ਾਂ ਦਾ ਸਿਲਸਿਲਾ ਹਾਲੇ ਤੱਕ ਬਾਦਸਤੂਰ ਜਿੳਂ ਦਾ ਤਿਓ ਜਾਰੀ ਹੈ।
ਪੰਜਾਬੀ ਗੀਤਕਾਰੀ ਵਿਚ ਨਵੇਂ ਆਯਾਮ ਸਿਰਜਣ ਵਿਚ ਸਫ਼ਲ ਰਹੇ ਇਹ ਕਲਾਕਾਰ ਵੱਲੋਂ ਰਚੇ ਕਈ ਗੀਤਾਂ ਨੂੰ ਪੰਜਾਬ ਦੇ ਉੱਘੇ ਗਾਇਕਾਂ ਵੱਲੋਂ ਆਵਾਜ਼ ਦਿੱਤੀ ਜਾ ਚੁੱਕੀ ਹੈ, ਇਸ ਤੋਂ ਇਲਾਵਾ ਇੰਨ੍ਹਾਂ ਵੱਲੋਂ ਗਾਏ ਕੁਝ ਧਾਰਮਿਕ ਅਤੇ ਸਮਾਜਿਕ ਗੀਤਾਂ ਨੂੰ ਦਰਸ਼ਕਾਂ ਅਤੇ ਸਰੋਤਿਆਂ ਵੱਲੋਂ ਖਾਸਾ ਪਸੰਦ ਕੀਤਾ ਜਾ ਚੁੱਕਾ ਹੈ।
ਪੰਜਾਬੀ ਸਿਨੇਮਾ ਖੇਤਰ ਵਿਚ ਵੀ ਬਤੌਰ ਅਦਾਕਾਰ ਵਧ ਚੜ੍ਹ ਕੇ ਆਪਣੀ ਸ਼ਾਨਦਾਰ ਕਲਾ ਦਾ ਮੁਜ਼ਾਹਰਾ ਕਰ ਰਹੇ ਇਸ ਪ੍ਰਤਿਭਾਵਾਨ ਸ਼ਖ਼ਸ਼ ਨੇ ਆਪਣੀਆਂ ਆਉਣ ਵਾਲੀਆਂ ਯੋਜਨਾਵਾਂ ਸਬੰਧੀ ਚਰਚਾ ਕਰਦਿਆਂ ਦੱਸਿਆ ਕਿ ਗਾਇਕ ਅਤੇ ਅਦਾਕਾਰਾ ਦੇ ਰੂਪ ਵਿਚ ਕੁਝ ਹੋਰ ਨਿਵੇਕਲਾ ਕਰਨਾ ਆਉਣ ਵਾਲੇ ਦਿਨ੍ਹਾਂ ਵਿਚ ਵਿਸ਼ੇਸ਼ ਤਰਜ਼ੀਹ ਰਹੇਗੀ, ਜਿਸ ਲਈ ਜਿੱਥੇ ਕੁਝ ਮਿਆਰੀ ਅਤੇ ਪੰਜਾਬੀਅਤ ਤਰਜ਼ਮਾਨੀ ਕਰਦੀਆਂ ਫਿਲਮਾਂ ਦਾ ਹਿੱਸਾ ਬਣਿਆ ਨਜ਼ਰ ਆਵਾਗਾਂ, ਉਥੇ ਨਾਲ ਹੀ ਗਾਇਕੀ ਵਿਚ ਵੀ ਆਪਸੀ ਰਿਸ਼ਤਿਆਂ ਅਤੇ ਪੁਰਾਤਨ ਪੰਜਾਬ ਦੀ ਗੱਲ ਕਰਦੇ ਗਾਣਿਆਂ ਦੁਆਰਾ ਲਗਾਤਾਰ ਕੁਝ ਚੰਗੇਰ੍ਹਾ ਸੁਣਨ ਅਤੇ ਵੇਖਣ ਦੀ ਤਾਂਘ ਰੱਖਦੇ ਦਰਸ਼ਕਾਂ ਅਤੇ ਆਪਣੇ ਚਾਹੁੰਣ ਵਾਲਿਆਂ ਸਨਮੁੱਖ ਹੁੰਦਾ ਰਹਾਗਾਂ।