ਚੰਡੀਗੜ੍ਹ: ਪੰਜਾਬੀ ਸਿਨੇਮਾ ਦੇ ਦਿੱਗਜ ਅਦਾਕਾਰ ਗਿੱਪੀ ਗਰੇਵਾਲ ਅਤੇ ਪ੍ਰਿੰਸ ਕੰਵਲਜੀਤ ਸਿੰਘ ਸਟਾਰਰ ਪੰਜਾਬੀ ਫਿਲਮ 'ਵਾਰਨਿੰਗ 2' ਦਾ ਬਹੁਤ ਹੀ ਉਡੀਕਿਆ ਟ੍ਰੇਲਰ ਆਖਰਕਾਰ ਅੱਜ 13 ਜਨਵਰੀ ਨੂੰ ਲੋਹੜੀ ਉਤੇ ਰਿਲੀਜ਼ ਹੋ ਗਿਆ ਹੈ, ਜਿਸ ਨੇ ਪ੍ਰਸ਼ੰਸਕਾਂ ਵਿੱਚ ਉਤਸ਼ਾਹ ਅਤੇ ਉਮੀਦਾਂ ਨੂੰ ਜਗਾਇਆ ਹੈ। ਟ੍ਰੇਲਰ ਸਾਨੂੰ ਇੱਕ ਐਕਸ਼ਨ ਨਾਲ ਭਰੀ ਹੋਈ ਯਾਤਰਾ ਉਤੇ ਲੈ ਜਾਂਦਾ ਹੈ, ਜਿਸ ਨਾਲ ਦਰਸ਼ਕ ਦੋ ਪਾਵਰਫੁੱਲ ਅਦਾਕਾਰਾਂ ਵਿਚਕਾਰ ਆਨ-ਸਕਰੀਨ ਟਕਰਾਅ ਨੂੰ ਦੇਖਣ ਲਈ ਉਤਸੁਕ ਹਨ।
ਟ੍ਰੇਲਰ ਦੀ ਸ਼ੁਰੂਆਤ ਵਿਸਫੋਟਕ ਸੰਗੀਤ ਅਤੇ ਖੂਨ ਵਾਲੇ ਦ੍ਰਿਸ਼ਾਂ ਨਾਲ ਹੁੰਦੀ ਹੈ, ਜੋ ਦਰਸ਼ਕਾਂ ਨੂੰ ਸਿੱਧੇ ਐਕਸ਼ਨ ਵਿੱਚ ਲੈ ਜਾਂਦੀ ਹੈ। ਟ੍ਰੇਲਰ ਵਿੱਚ ਕਾਫੀ ਸਾਰੇ ਗੋਲੀਬਾਰੀ ਦੇ ਦ੍ਰਿਸ਼ ਵੀ ਦੇਖਣ ਨੂੰ ਮਿਲੇ ਹਨ। ਦੂਜੇ ਪਾਸੇ ਅਦਾਕਾਰ ਪ੍ਰਿੰਸ ਕੰਵਲਜੀਤ ਸਿੰਘ ਇੱਕ ਰਹੱਸਮਈ ਅਤੇ ਦਿਲਚਸਪ ਸ਼ਖਸੀਅਤ ਉਤੇ ਚਾਨਣਾ ਪਵਾਉਂਦਾ ਹੈ। ਹਾਲਾਂਕਿ ਟ੍ਰੇਲਰ ਤੋਂ ਪ੍ਰਸ਼ੰਸਕ ਕਹਾਣੀ ਬਾਰੇ ਸਮਝਣ ਵਿੱਚ ਅਸਮੱਰਥ ਰਹਿ ਗਏ ਹਨ। ਟ੍ਰੇਲਰ ਜਿੱਥੇ ਐਕਸ਼ਨ ਅਤੇ ਸਸਪੈਂਸ ਉਤੇ ਬਹੁਤ ਜ਼ਿਆਦਾ ਫੋਕਸ ਕਰਦਾ ਹੈ, ਉੱਥੇ ਅਸੀਂ ਟ੍ਰੇਲਰ ਵਿੱਚ ਪੰਜਾਬੀ ਰਵਾਇਤੀ ਸੰਗੀਤ ਅਤੇ ਪੁਸ਼ਾਕਾਂ ਵੀ ਦੇਖ ਸਕਦੇ ਹਾਂ, ਜੋ ਦਰਸ਼ਕਾਂ ਨੂੰ ਪੰਜਾਬੀ ਸੱਭਿਆਚਾਰ ਦੀਆਂ ਜੜ੍ਹਾਂ ਨਾਲ ਜੋੜਦੀ ਹੈ।
- " class="align-text-top noRightClick twitterSection" data="">
ਇਹ ਦੇਖਣਾ ਹੋਰ ਵੀ ਦਿਲਚਸਪ ਹੋਵੇਗਾ ਕਿ ਫਿਲਮ ਵਿੱਚ ਜੈਸਮੀਨ ਭਸੀਨ ਦਾ ਕੀ ਕਿਰਦਾਰ ਹੋਵੇਗਾ। ਕਿਉਂਕਿ ਟ੍ਰੇਲਰ ਵਿੱਚ ਅੰਤ ਉਤੇ ਅਸੀਂ ਜੈਸਮੀਨ ਨੂੰ ਗਿੱਪੀ ਨਾਲ ਲਾਲ ਜੋੜੇ ਵਿੱਚ ਦੇਖਿਆ ਜਾ ਸਕਦਾ ਹੈ। ਇਸ ਤੋਂ ਇਲਾਵਾ ਇਸ ਫਿਲਮ ਵਿੱਚ ਜੈਸਮੀਨ ਨੇ ਖੁਦ ਪਹਿਲੀ ਵਾਰ ਪੰਜਾਬੀ ਵਿੱਚ ਡਬਿੰਗ ਕੀਤੀ ਹੈ। ਇਸ ਬਾਰੇ ਗੱਲ ਕਰਦੇ ਹੋਏ ਜੈਸਮੀਨ ਨੇ ਕਿਹਾ ਸੀ ਕਿ 'ਪਹਿਲਾਂ ‘ਹਨੀਮੂਨ’ ਵਿੱਚ ਮੇਰੇ ਲਈ ਕਿਸੇ ਹੋਰ ਨੇ ਡਬ ਕੀਤਾ ਸੀ, ਇਸ ਵਾਰ ਮੈਂ ਖੁਦ ਅਜਿਹਾ ਕਰਨਾ ਚਾਹੁੰਦੀ ਸੀ। ਖੁਸ਼ਕਿਸਮਤੀ ਨਾਲ ਮੈਂ ਪੂਰੀ ਫਿਲਮ ਨੂੰ ਡੱਬ ਕੀਤਾ। ਮੈਂ ਆਪਣੇ ਪੰਜਾਬੀ ਬੋਲਣ ਵਾਲੇ ਹੁਨਰ 'ਤੇ ਵੀ ਕੰਮ ਕਰ ਰਹੀ ਹਾਂ। 'ਵਾਰਨਿੰਗ 2' ਲਈ ਡਬਿੰਗ ਦਾ ਇਹ ਤਜ਼ਰਬਾ ਬਹੁਤ ਵਧੀਆ ਰਿਹਾ।'
ਉਲੇਖਯੋਗ ਹੈ ਕਿ ਟ੍ਰੇਲਰ ਤੋਂ ਪਹਿਲਾਂ ਟੀਜ਼ਰ ਵੀ ਦਰਸ਼ਕਾਂ ਦਾ ਧਿਆਨ ਖਿੱਚਣ ਵਿੱਚ ਸਫਲ ਰਿਹਾ ਸੀ, ਹੁਣ ਟ੍ਰੇਲਰ ਨੇ ਪ੍ਰਸ਼ੰਸਕਾਂ ਨੂੰ ਕਾਫੀ ਖੁਸ਼ ਕੀਤਾ ਹੈ। ਇਹ ਫਿਲਮ 2 ਫਰਵਰੀ 2024 ਨੂੰ ਸਿਨੇਮਾਘਰਾਂ ਵਿੱਚ ਦਸਤਕ ਦੇਵੇਗੀ।