ਚੰਡੀਗੜ੍ਹ: ਪੰਜਾਬੀ ਸੰਗੀਤ ਜਗਤ ਵਿੱਚ ਵੱਖਰੀ ਅਤੇ ਸਫ਼ਲ ਪਹਿਚਾਣ ਕਾਇਮ ਕਰ ਚੁੱਕੇ ਲੋਕ ਗਾਇਕ ਨਿਰਮਲ ਸਿੱਧੂ ਆਪਣੇ ਲੰਮੇਂ ਸਮੇਂ ਦੇ ਵਿਦੇਸ਼ੀ ਟੂਰ ਰੁਝੇਵਿਆਂ ਤੋਂ ਵਾਪਸ ਪੰਜਾਬ ਪਰਤ ਆਏ ਹਨ, ਜਿੰਨ੍ਹਾਂ ਵੱਲੋਂ ਆਪਣੇ ਨਵੇਂ ਗੀਤ ਦੀ ਸ਼ੂਟਿੰਗ ਮੁਕੰਮਲ ਕਰ ਲਈ ਗਈ ਹੈ, ਜਿਸ ਨੂੰ ਜਲਦ ਵੱਖ-ਵੱਖ ਸੰਗੀਤਕ ਪਲੇਟਫ਼ਾਰਮ 'ਤੇ ਰਿਲੀਜ਼ ਕੀਤਾ ਜਾਵੇਗਾ।
ਇਸ ਸੰਬੰਧੀ ਹੋਰ ਵਿਸਥਾਰਪੂਰਵਕ ਜਾਣਕਾਰੀ ਸਾਂਝੀ ਕਰਦਿਆਂ ਇਸ ਉਮਦਾ ਅਤੇ ਸੁਰੀਲੇ ਫ਼ਨਕਾਰ ਨੇ ਦੱਸਿਆ ਕਿ ਸਭ ਤੋਂ ਪਹਿਲਾਂ ਉਹ ਦੁਨੀਆਂ-ਭਰ ਵਿੱਚ ਵੱਸਦੇ ਆਪਣੇ ਚਾਹੁੰਣ ਵਾਲਿਆਂ ਅਤੇ ਪੁਰਾਤਨ ਜੜ੍ਹਾਂ ਨਾਲ ਜੁੜਿਆਂ ਮਿਆਰੀ ਗੀਤ-ਸੰਗੀਤ ਸੁਣਨ ਅਤੇ ਵੇਖਣ ਦੀ ਤਾਂਘ ਰੱਖਦੇ ਸਰੋਤਿਆਂ ਅਤੇ ਦਰਸ਼ਕਾਂ ਪ੍ਰਤੀ ਤਹਿ ਦਿਲੋਂ ਧੰਨਵਾਦ ਕਰਦੇ ਹਨ, ਜਿੰਨ੍ਹਾਂ ਵੱਲੋਂ ਕੈਨੇਡਾ, ਇੰਗਲੈਂਡ ਅਤੇ ਸੱਤ ਸੁਮੰਦਰ ਪਾਰ ਦੇ ਹੋਰਨਾਂ ਹਿੱਸਿਆਂ ਵਿੱਚ ਉਨਾਂ ਵੱਲੋਂ ਕੀਤੇ ਹਾਲੀਆ ਸੰਗੀਤਕ ਪ੍ਰੋਗਰਾਮਾਂ ਨੂੰ ਰੱਜਵਾਂ ਹੁੰਗਾਰਾ ਅਤੇ ਸਨੇਹ ਦਿੱਤਾ ਗਿਆ ਹੈ।
ਉਨ੍ਹਾਂ ਦੱਸਿਆ ਕਿ ਪ੍ਰੋਫੈਸ਼ਨਲ ਕਮਿਟਮੈਂਟਸ ਦੇ ਚੱਲਦਿਆਂ ਹਾਲਾਂਕਿ ਵਿਦੇਸ਼ੀ ਵਿਹੜਿਆਂ ਵਿੱਚ ਸ਼ਮੂਲੀਅਤ ਕਰਨੀ ਉਨਾਂ ਦੀ ਜਿੰਦਗੀ ਦਾ ਅਤੇ ਕਰੀਅਰ ਦਾ ਇੱਕ ਅਹਿਮ ਹਿੱਸਾ ਬਣ ਚੁੱਕਾ ਹੈ, ਪਰ ਆਪਣੇ ਵਤਨ ਅਤੇ ਮਿੱਟੀ ਨਾਲ ਜੁੜਨ ਦਾ ਜੋ ਅਹਿਸਾਸ ਉਨਾਂ ਨੂੰ ਹਮੇਸ਼ਾ ਹੁੰਦਾ ਹੈ, ਉਸ ਦੀ ਖੁਸ਼ੀ ਅਤੇ ਮਿਲਦੇ ਸਕੂਨ ਨੂੰ ਸ਼ਬਦਾਂ ਵਿੱਚ ਬਿਆਨ ਨਹੀਂ ਕੀਤੀ ਜਾ ਸਕਦਾ।
- Nirmal Sidhu New Song: 'ਵਿੱਦਿਆ ਦਾ ਦਾਨ’ ਲੈ ਕੇ ਸਰੋਤਿਆਂ ਦੇ ਸਨਮੁੱਖ ਹੋਏ ਲੋਕ ਗਾਇਕ ਨਿਰਮਲ ਸਿੱਧੂ
- Singer Nirmal Sidhu in Canada: ਲਾਈਵ ਕੰਨਸਰਟ ਅਤੇ ਸ਼ੂਟਿੰਗ ਲਈ ਕੈਨੇਡਾ ਪੁੱਜੇ ਲੋਕ ਗਾਇਕ ਨਿਰਮਲ ਸਿੱਧੂ, ਬ੍ਰਿਟਿਸ਼ ਅਸੈਂਬਲੀ ਅਲਬਰਟਾ ਨੇ ਕੀਤਾ ਵਿਸ਼ੇਸ਼ ਸਨਮਾਨ
- Kharak Singh Chauhan: ਪੰਜਾਬੀ ਫਿਲਮ 'ਖੜਕ ਸਿੰਘ ਚੌਹਾਨ' ਦਾ ਹੋਇਆ ਆਗਾਜ਼, ਮਨਜੋਤ ਸਿੰਘ ਵੱਲੋਂ ਕੀਤਾ ਜਾਵੇਗਾ ਨਿਰਦੇਸ਼ਨ
ਉਨ੍ਹਾਂ ਕਿਹਾ ਕਿ ਪੰਜਾਬ ਅਤੇ ਸਾਡੇ ਸੱਭਿਆਚਾਰ ਦਾ ਅਹਿਮ ਸਰਮਾਇਆ ਰਹੇ ਪੁਰਾਣੇ ਸੰਗੀਤ ਅਤੇ ਪੁਰਾਤਨ ਕਦਰਾਂ-ਕੀਮਤਾਂ ਨਾਲ ਭਰੀ ਗਾਇਕੀ ਨਾਲੋਂ ਉਨਾਂ ਆਪਣਾ ਨਾਤਾ ਕਦੀ ਟੁੱਟਣ ਨਹੀਂ ਦਿੱਤਾ ਅਤੇ ਇਸੇ ਸਾਂਝ ਦੀ ਤਰਜ਼ਮਾਨੀ ਕਰੇਗਾ ਉਨਾਂ ਦਾ ਰਿਲੀਜ਼ ਹੋਣ ਵਾਲਾ ਨਵਾਂ ਗੀਤ, ਜਿਸ ਵਿੱਚ ਪੰਜਾਬੀਅਤ ਵੰਨਗੀਆਂ ਦੇ ਵੱਖੋਂ-ਵੱਖਰੇ ਰੰਗ ਇੱਕ ਵਾਰ ਫਿਰ ਵੇਖਣ ਅਤੇ ਸੁਣਨ ਨੂੰ ਮਿਲਣਗੇ।
ਉਨਾਂ ਦੱਸਿਆ ਕਿ ਗੀਤ ਦੇ ਮਿਊਜ਼ਿਕ ਵੀਡੀਓ ਦਾ ਫ਼ਿਲਮਾਂਕਣ ਉਨ੍ਹਾਂ ਦੇ ਆਪਣੇ ਸ਼ਹਿਰ ਫ਼ਰੀਦਕੋਟ, ਪਿੰਡ ਚੰਦੜ੍ਹ ਅਤੇ ਗਰ੍ਹਾਂ ਟਹਿਣਾ ਦੇ ਆਸ-ਪਾਸ ਦੀਆਂ ਲੋਕੇਸ਼ਨਾਂ 'ਤੇ ਸੰਪੂਰਨ ਕਰ ਲਿਆ ਗਿਆ ਹੈ, ਜਿਸ ਵਿੱਚ ਉਨਾਂ ਨਾਲ ਸਹਿ-ਗਾਇਕੀ ਦੇ ਤੌਰ 'ਤੇ ਆਵਾਜ਼ ਅਨੂ ਅਮਾਨਤ ਵਜੋਂ ਦਿੱਤੀ ਗਈ ਹੈ, ਜੋ ਇਸ ਵੀਡੀਓ ਵਿਚ ਵੀ ਆਪਣੇ ਸ਼ਾਨਦਾਰ ਹੁਨਰ ਦਾ ਮੁਜ਼ਾਹਰਾ ਕਰਦੀ ਨਜ਼ਰੀ ਆਵੇਗੀ।
ਉਨ੍ਹਾਂ ਦੱਸਿਆ ਕਿ ਨਿੰਮਾ ਚੋਪੜਾ ਵੱਲੋਂ ਲਿਖੇ ਉਕਤ ਗੀਤ ਦਾ ਮਿਊਜ਼ਿਕ ਵੀਡੀਓ ਵੀ ਬਹੁਤ ਖੂਬਸੂਰਤ ਸਿਰਜਿਆ ਜਾ ਰਿਹਾ ਹੈ, ਜਿਸ ਦਾ ਨਿਰਦੇਸ਼ਨ ਲਵੀ ਬਰਾੜ ਨੇ ਕੀਤਾ ਹੈ, ਜਿਸ ਦੁਆਰਾ ਅਤੀਤ ਦੀਆਂ ਗਹਿਰਾਈਆਂ ਵਿੱਚ ਗੁਆਚਦੇ ਜਾ ਰਹੇ ਦੇਸੀ ਅਤੇ ਠੇਠ ਪੇਂਡੂ ਵਿਰਸੇ ਨੂੰ ਮੁੜ ਜੀਵੰਤ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ।