ਚੰਡੀਗੜ੍ਹ: ਪੰਜਾਬੀ ਸਾਹਿਤ ਅਤੇ ਸਿਨੇਮਾ ਖੇਤਰ ਵਿਚ ਵਿਸ਼ੇਸ਼ ਸ਼ਖ਼ਸੀਅਤ ਵਜੋਂ ਜਾਣੇ ਜਾਂਦੇ ਮਸ਼ਹੂਰ ਨਾਵਲਕਾਰ, ਨਿਰਮਾਤਾ ਬੂਟਾ ਸਿੰਘ ਸ਼ਾਦ ਦਾ ਬੀਤੀ ਰਾਤ ਉਨ੍ਹਾਂ ਦੇ ਹਰਿਆਣਾ ਸਥਿਤ ਜੱਦੀ ਪਿੰਡ ਕੂੰਮਥਲਾ ਜ਼ਿਲ੍ਹਾ ਸਿਰਸਾ ਵਿਖੇ ਦੇਹਾਂਤ ਹੋ ਗਿਆ, ਜੋ ਪੰਜਾਬੀ ਅਤੇ ਹਿੰਦੀ ਸਿਨੇਮਾ ਦੀਆਂ ਕਈ ਸ਼ਾਨਦਾਰ ਫਿਲਮਾਂ ਨਾਲ ਜੁੜ੍ਹੇ ਰਹੇ ਹਨ।
ਮੂਲ ਰੂਪ ਵਿਚ ਜ਼ਿਲ੍ਹਾਂ ਬਠਿੰਡਾ ਦੇ ਪਿੰਡ ਦਾਨ ਸਿੰਘ ਵਾਲਾ ਨਾਲ ਸੰਬੰਧਤ ਅਤੇ ਸਤਿਕਾਰਤ ਸਿਨੇਮਾ ਹਸਤੀ ਦੇ ਤੌਰ 'ਤੇ ਬਾਲੀਵੁੱਡ, ਪਾਲੀਵੁੱਡ ’ਚ ਸ਼ਾਦ ਵੱਲੋਂ ਨਿਰਦੇਸ਼ਿਤ ਕੀਤੀ ਅਤੇ ਰਿਲੀਜ਼ ਹੋਈ ਪੰਜਾਬੀ ਫਿਲਮ ‘ਸੈਦਾ ਜੋਗਣ’ ਅੱਜ ਵੀ ਪੰਜਾਬੀ ਸਿਨੇਮਾ ਦੀਆਂ ਵੱਡੀਆਂ ਅਤੇ ਸਫ਼ਲ ਫਿਲਮਾਂ ਵਿਚ ਗਿਣੀ ਜਾਂਦੀ ਹੈ, ਜਿਸ ਵਿਚ ਵਰਿੰਦਰ ਅਤੇ ਸਤੀਸ਼ ਕੋਲ ਜਿਹੇ ਉਸ ਜ਼ਮਾਨੇ ਦੇ ਟਾਪ ਸਿਤਾਰਿਆਂ ਵੱਲੋਂ ਇਕੱਠਿਆਂ ਕੰਮ ਕੀਤਾ ਗਿਆ ਸੀ।
![ਬੂਟਾ ਸਿੰਘ ਸ਼ਾਦ ਦਾ ਹੋਇਆ ਦੇਹਾਂਤ](https://etvbharatimages.akamaized.net/etvbharat/prod-images/pb-fdk-10034-04-veteran-novelist-producer-director-buta-singh-shaad-passed-away_03052023115928_0305f_1683095368_918.jpg)
ਪੰਜਾਬ ਤੋਂ ਲੈ ਕੇ ਮਾਇਆਨਗਰੀ ਮੁੰਬਈ ਤੱਕ ਉਭਰੇ ਬੂਟਾ ਸਿੰਘ ਸ਼ਾਦ ਦੀ ਸਾਹਿਤਕ ਖੇਤਰ ਵਿੱਚ ਵੀ ਪੂਰੀ ਸਰਦਾਰੀ ਰਹੀ ਹੈ, ਜੋ ਜੀਵਨ ਦੇ ਅੰਤਲੇ ਸਾਲਾਂ ਤੱਕ ਆਪਣੀ ਕਰਮਭੂਮੀ ਅਤੇ ਸਾਹਿਤਕ ਸਾਂਝ ਪ੍ਰਤੀ ਯਤਨਸ਼ੀਲ ਰਹੇ। ਸਾਹਿਤਕ ਖੇਤਰ ਵਿਚ ਪ੍ਰਸਿੱਧੀ ਦੇ ਨਵੇਂ ਅਧਿਆਏ ਸਿਰਜਨ ਵਿਚ ਸਫ਼ਲ ਰਿਹਾ ਸੀ, ਉਨ੍ਹਾਂ ਦਾ ਲਿਖਿਆ ਨਾਵਲ ‘ਕੁੱਤਿਆਂ ਵਾਲੇ ਸਰਦਾਰ’, ਜਿਸ ਤੋਂ ਇਲਾਵਾ ਬਹੁਤ ਸਾਰੇ ਨਾਵਲ ਅਤੇ ਕਹਾਣੀਆਂ ਉਨ੍ਹਾਂ ਸਾਹਿਤ ਖੇਤਰ ਦੀ ਝੋਲੀ ਪਾਏ ਹਨ, ਜਿੰਨ੍ਹਾਂ ਵੱਲੋਂ ਸਮੇਂ ਸਮੇਂ ਲਿਖੇ ਜਾਂਦੇ ਰਹੇ ਇੰਨ੍ਹਾਂ ਨਾਵਲਾਂ ਅਤੇ ਕਹਾਣੀਆਂ ਨੂੰ ਪਾਠਕਾਂ ਵੱਲੋਂ ਬਹੁਤ ਹੀ ਪਸੰਦ ਕੀਤਾ ਜਾਂਦਾ ਰਿਹਾ ਹੈ।
![ਬੂਟਾ ਸਿੰਘ ਸ਼ਾਦ ਦਾ ਹੋਇਆ ਦੇਹਾਂਤ](https://etvbharatimages.akamaized.net/etvbharat/prod-images/pb-fdk-10034-04-veteran-novelist-producer-director-buta-singh-shaad-passed-away_03052023115928_0305f_1683095368_240.jpg)
ਜੇਕਰ ਉਨ੍ਹਾਂ ਦੇ ਫਿਲਮੀ ਕਰੀਅਰ ਦੀ ਗੱਲ ਕਰੀਏ ਤਾਂ ਨਿਰਮਾਤਾ ਤੋਂ ਲੈ ਕੇ ਉਨ੍ਹਾਂ ਨਿਰਦੇਸ਼ਕ ਵਜੋਂ ਬਹੁਤ ਹੀ ਪ੍ਰਸਿੱਧੀ ਹਾਸਿਲ ਕੀਤੀ ਹੈ, ਜਿੰਨ੍ਹਾਂ ਐਕਟਰ ਅਤੇ ਹੀਰੋ ਦੇ ਤੌਰ 'ਤੇ ਵੀ ‘ਕੁੱਲੀ ਯਾਰ ਦੀ’ ਸਮੇਤ ਕਈ ਫਿਲਮਾਂ ਵਿਚ ਆਪਣੀ ਬਾਕਮਾਲ ਅਦਾਕਾਰੀ ਦੇ ਜੌਹਰ ਵਿਖਾਏ ਹਨ।
ਬਾਲੀਵੁੱਡ ਦੇ ਧਰਮਿੰਦਰ ਆਦਿ ਜਿਹੇ ਵੱਡੇ ਸਿਤਾਰਿਆਂ ਨੂੰ ਲੈ ਕੇ ਹਿੰਦੀ ਫਿਲਮ 'ਸਮਗਲਰ' ਤੋਂ ਇਲਾਵਾ ਉਨ੍ਹਾਂ ਆਪਣੇ ਪੂਰੇ ਸਿਨੇਮਾ ਸਫ਼ਰ ਦੌਰਾਨ ‘ਗਿੱਧਾ’, ‘ਮਿੱਤਰ ਪਿਆਰੇ ਨੂੰ’, ‘ਇਨਸਾਫ਼ ਦੀ ਦੇਵੀ’, ‘ਕੋਰਾ ਬਦਨ’ ਸਮੇਤ ਤਕਰੀਬਨ 25 ਫਿਲਮਾਂ ਦਾ ਨਿਰਮਾਣ-ਨਿਰਦੇਸ਼ਨ ਕੀਤਾ, ਜਿੰਨ੍ਹਾਂ ਆਪਣੀ ਜਿੰਦਗੀ ਦੇ 50 ਸਾਲ ਮੁੰਬਈ ਵਿਖੇ ਸਫ਼ਲਤਾਪੂਰਵਕ ਬਿਤਾਉਣ ਦਾ ਸਿਹਰਾ ਵੀ ਹਾਸਿਲ ਕੀਤਾ।
ਪੰਜਾਬੀ ਅਤੇ ਹਿੰਦੀ ਸਿਨੇਮਾ ਦੀ ਇਸ ਲੀਜੈਂਡ ਹਸਤੀ ਦਾ ਅੰਤਿਮ ਸੰਸਕਾਰ ਅੱਜ ਦੁਪਿਹਰ ਬਾਅਦ ਉਨ੍ਹਾਂ ਦੇ ਜੱਦੀ ਪਿੰਡ ਕੂੰਮਥਲਾ ਵਿਖੇ ਹੀ ਕੀਤਾ ਜਾਵੇਗਾ, ਜਿਸ ਵਿਚ ਸਿਨੇਮਾ ਨਾਲ ਜੁੜੀਆਂ ਬਹੁਤ ਸਾਰੀਆਂ ਅਹਿਮ ਸ਼ਖ਼ਸ਼ੀਅਤ ਅਤੇ ਸਿਨੇਮਾ ਪ੍ਰੇਮੀ ਸ਼ਰੀਕ ਹੋਣਗੇ ਅਤੇ ਉਨ੍ਹਾਂ ਨੂੰ ਫੁੱਲ ਭੇਂਟ ਕਰਨਗੇ। ਓਧਰ ਇਸ ਦੁੱਖ ਦੀ ਘੜ੍ਹੀ ਵਿਚ ਦੁਖੀ ਪਰਿਵਾਰ ਨਾਲ ਕਈ ਦਿੱਗਜ ਸਿਨੇਮਾ ਹਸਤੀਆਂ ਵੱਲੋਂ ਸੰਵੇਦਨਾਂ ਦਾ ਪ੍ਰਗਟਾਵਾ ਕੀਤਾ ਜਾ ਰਿਹਾ ਹੈ।
ਇਹ ਵੀ ਪੜ੍ਹੋ:Diljit Dosanjh: ਦਿਲਜੀਤ ਦੁਸਾਂਝ ਦੀਆਂ ਦੋ ਫਿਲਮਾਂ 'ਚਮਕੀਲਾ' ਅਤੇ 'ਜੋੜੀ' ਦੇ ਰਿਲੀਜ਼ ਉਤੇ ਲੱਗੀ ਰੋਕ, ਇਥੇ ਕਾਰਨ ਜਾਣੋ!