ਚੰਡੀਗੜ੍ਹ: ਹਾਲ ਹੀ ਵਿੱਚ ਰਿਲੀਜ਼ ਹੋਈ ਸੁਪਰ ਡੁਪਰ ਹਿੱਟ ਫਿਲਮ 'ਗਦਰ 2' ਦੇ ਨਿਰਦੇਸ਼ਕ ਅਨਿਲ ਸ਼ਰਮਾ ਇੰਨੀਂ ਦਿਨੀਂ ਦਿੱਲੀ ਦੀਆਂ ਸਰਦ ਫਿਜ਼ਾਵਾਂ ਦਾ ਆਨੰਦ ਉਠਾ ਰਹੇ ਹਨ, ਜਿੱਥੇ ਉਹ ਪਰਿਵਾਰ ਸਮੇਤ ਆਪਣੀ ਭਾਣਜੀ ਦੇ ਵਿਆਹ ਵਿੱਚ ਸ਼ਰੀਕ ਹੋਣ ਲਈ ਪੁੱਜੇ ਹੋਏ ਹਨ।
ਬਾਲੀਵੁੱਡ ਦੇ ਨਾਮਵਰ ਅਤੇ ਸਤਿਕਾਰਤ ਫਿਲਮੀ ਖਾਨਦਾਨ ਵਜੋਂ ਸ਼ੁਮਾਰ ਕਰਵਾਉਂਦੇ ਅਨਿਲ ਸ਼ਰਮਾ ਪਰਿਵਾਰ ਦੀ ਵੱਡੀ ਬੇਟੀ ਮੇਘਾ ਸ਼ਰਮਾ ਦਿੱਲੀ ਵਿਖੇ ਵਿਆਹੀ ਹੋਈ ਹੈ, ਜਿਸ ਦੀ ਹੋਣਹਾਰ ਲੜਕੀ ਮ੍ਰਿਗਾਕਸ਼ੀ ਸ਼ਰਮਾ ਦਾ ਵਿਆਹ ਹਰਸ਼ ਉਪਾਧਿਆਏ ਨਾਲ ਸੰਪੰਨ ਹੋ ਰਿਹਾ ਹੈ, ਜਿਸ ਅਧੀਨ ਕਈ ਰੋਜ਼ਾ ਸ਼ਾਨਦਾਰ ਸਮਾਰੋਹਾਂ ਦੀ ਲੜੀ ਇਸ ਪਰਿਵਾਰ ਵੱਲੋਂ ਦੇਸ਼ ਦੀ ਰਾਜਧਾਨੀ ਦੇ ਵੱਖ-ਵੱਖ ਹਿੱਸਿਆਂ ਵਿੱਚ ਆਯੋਜਿਤ ਕੀਤੀ ਜਾ ਰਹੀ ਹੈ।
'ਅਨਿਲ ਸ਼ਰਮਾ ਫਿਲਮ ਪ੍ਰੋਡੋਕਸ਼ਨਜ ਹਾਊਸ' ਦੀ ਪ੍ਰਤਿਭਾਸ਼ਾਲੀ ਅਤੇ ਮੋਹਰੀ ਟੀਮ ਮੈਂਬਰ ਹੋਣ ਦੇ ਨਾਲ-ਨਾਲ ਕ੍ਰਿਏਟਿਵ ਹੈਡ ਵਜੋਂ ਬਾਲੀਵੁੱਡ ਗਲਿਆਰਿਆਂ ਵਿੱਚ ਚੋਖੀ ਭੱਲ ਅਤੇ ਮਾਣਮੱਤੀ ਪਹਿਚਾਣ ਸਥਾਪਿਤ ਕਰ ਚੁੱਕੀ ਹੈ ਮ੍ਰਿਗਾਕਸ਼ੀ ਸ਼ਰਮਾ, ਜੋ ਇਸ ਪ੍ਰੋਡੋਕਸ਼ਨ ਦੁਆਰਾ ਬਣਾਈਆਂ ਕਈ ਫਿਲਮਾਂ ਨੂੰ ਬੇਹਤਰੀਨ ਰੂਪ ਦੇਣ ਵਿੱਚ ਅਹਿਮ ਭੂਮਿਕਾ ਨਿਭਾ ਚੁੱਕੀ ਹੈ।
ਦਿੱਲੀ ਯੂਨੀਵਰਸਿਟੀ ਤੋਂ ਗ੍ਰੈਜੂਏਸ਼ਨ ਕਰਨ ਤੋਂ ਇਲਾਵਾ ਲੰਦਨ ਤੋਂ ਉੱਚ ਸਿੱਖਿਆ ਹਾਸਿਲ ਕਰਨ ਵਾਲੀ ਮ੍ਰਿਗਾਕਸ਼ੀ ਅੱਜਕੱਲ੍ਹ ਵੀ ਉਕਤ ਪ੍ਰੋਡੋਕਸ਼ਨਜ ਦੀ ਨਵੀਂ ਫਿਲਮ 'ਜਨਰੀ' ਦੇ ਨਿਰਮਾਣ ਨੂੰ ਸੰਪੂਰਨ ਕਰਾਉਣ ਵਿੱਚ ਖਾਸਾ ਯੋਗਦਾਨ ਪਾ ਰਹੀ ਹੈ, ਜਿਸ ਵਿਚ ਨਾਨਾ ਪਾਟੇਕਰ, ਉਤਕਰਸ਼ ਸ਼ਰਮਾ, ਸਿਮਰਤ ਕੌਰ ਰੰਧਾਵਾ, ਪਰੀਤੋਸ਼ ਤ੍ਰਿਪਾਠੀ, ਸਨੇਹਿਲ ਦੀਕਸ਼ਤ ਮਹਿਰਾ, ਸ਼ਰੂਤੀ ਮਰਾਠੇ ਆਦਿ ਲੀਡਿੰਗ ਕਿਰਦਾਰ ਨਿਭਾਅ ਰਹੇ ਹਨ।
ਚੁਣਿੰਦਾ ਅਤੇ ਅਤਿ ਨਜ਼ਦੀਕੀ ਪਰਿਵਾਰਿਕ ਮੈਂਬਰਾਂ ਤੱਕ ਹੀ ਮਹਿਦੂਦ ਰੱਖੇ ਜਾ ਰਹੇ ਉਕਤ ਵਿਆਹ ਸਮਾਰੋਹ ਦਾ ਹਿੱਸਾ ਬਣਨ ਵਾਲਿਆਂ 'ਚ ਸੰਜੇ ਸ਼ਰਮਾ, ਕਪਿਲ ਸ਼ਰਮਾ, ਉਤਕਰਸ਼ ਸ਼ਰਮਾ, ਕੁਸਮ ਸ਼ਰਮਾ ਤੋਂ ਇਲਾਵਾ ਬਾਲੀਵੁੱਡ ਦੇ ਉੱਘੇ ਫਿਲਮ ਨਿਰਦੇਸ਼ਕ ਧਰਮੇਸ਼ ਦਰਸ਼ਨ ਵੀ ਸ਼ਾਮਿਲ ਹਨ, ਜੋ 'ਮੇਲਾ', 'ਰਾਜਾ ਹਿੰਦੁਸਤਾਨੀ', 'ਧੜਕਨ', 'ਲੁਟੇਰੇ' ਵਰਗੀਆਂ ਵੱਡੀਆਂ, ਸਫਲ ਅਤੇ ਬਿਗ ਸੈਟਅੱਪ ਫਿਲਮਾਂ ਦਾ ਨਿਰਦੇਸ਼ਨ ਕਰ ਚੁੱਕੇ ਹਨ।
ਉਕਤ ਵਿਆਹ ਸਮਾਰੋਹਾਂ ਦੇ ਅਧੀਨ ਹੀ ਕੁਝ ਖਾਸ ਪ੍ਰੋਗਰਾਮਾਂ ਦਾ ਆਯੋਜਨ ਆਗਰਾ ਦੇ ਮਸ਼ਹੂਰ ਤਾਜ ਮਹਿਲ ਵਿਖੇ ਵੀ ਕੀਤਾ ਜਾ ਰਿਹਾ ਹੈ, ਜਿਸ ਵਿੱਚ ਹਿੱਸਾ ਲੈਣ ਲਈ ਮੁੰਬਈ ਤੋਂ ਵੀ ਖਾਸ ਮਹਿਮਾਨਾਂ ਦਾ ਇੱਥੇ ਪਹੁੰਚਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ।