ਨਵੀਂ ਦਿੱਲੀ: ਦਿੱਲੀ ਦੇ ਫਾਰਮ ਹਾਊਸ 'ਚ ਮਸ਼ਹੂਰ ਅਭਿਨੇਤਾ, ਨਿਰਦੇਸ਼ਕ ਸਤੀਸ਼ ਕੌਸ਼ਿਕ ਦੀ ਮੌਤ ਨੂੰ ਲੈ ਕੇ ਸ਼ਨੀਵਾਰ ਦੇਰ ਸ਼ਾਮ ਦਿੱਲੀ ਪੁਲਿਸ ਨੇ ਜਾਂਚ ਦੇ ਪੂਰੇ ਵੇਰਵੇ ਸਾਂਝੇ ਕੀਤੇ ਹਨ। ਵਧੀਕ ਡੀਸੀਪੀ ਰਾਜੀਵ ਕੁਮਾਰ ਨੇ ਦੱਸਿਆ ਕਿ ਸਤੀਸ਼ ਕੌਸ਼ਿਕ ਹੋਲੀ ਵਾਲੇ ਦਿਨ ਸਵੇਰੇ 10 ਵਜੇ ਮੈਨੇਜਰ ਸੰਤੋਸ਼ ਰਾਏ ਨਾਲ ਦਿੱਲੀ ਆਏ ਸਨ। ਇਸ ਤੋਂ ਬਾਅਦ ਉਹ ਕਾਪਾਸ਼ੇਰਾ ਦੇ ਬਿਜਵਾਸਨ ਸਥਿਤ ਆਪਣੇ ਦੋਸਤ ਵਿਕਾਸ ਮਾਲੂ ਦੇ ਪੁਸ਼ਪਾਂਜਲੀ ਫਾਰਮ ਹਾਊਸ 'ਤੇ ਪਹੁੰਚੇ। ਇੱਥੇ ਉਹ ਸਵੇਰੇ 10 ਵਜੇ ਤੋਂ ਦੁਪਹਿਰ 3 ਵਜੇ ਤੱਕ ਹੋਲੀ ਦੇ ਜਸ਼ਨਾਂ ਵਿੱਚ ਰੁੱਝੇ ਰਹੇ।
ਅਚਾਨਕ ਸਾਹ ਲੈਣ 'ਚ ਆਈ ਦਿੱਕਤ: ਹੋਲੀ ਖੇਡਣ ਤੋਂ ਬਾਅਦ ਸਤੀਸ਼ ਆਰਾਮ ਕਰਨ ਲਈ ਚਲੇ ਗਏ ਅਤੇ ਸ਼ਾਮ ਜਾਂ ਰਾਤ ਨੂੰ ਕੋਈ ਪਾਰਟੀ ਨਹੀਂ ਸੀ। ਉਨ੍ਹਾਂ ਨੇ ਰਾਤ 9 ਵਜੇ ਡਿਨਰ ਕੀਤਾ ਅਤੇ ਫਿਰ ਸੈਰ ਲਈ ਗਏ ਅਤੇ ਆਪਣੇ ਆਈਪੈਡ 'ਤੇ ਫਿਲਮ ਦੇਖੀ। ਰਾਤ ਕਰੀਬ 12 ਵਜੇ ਸਤੀਸ਼ ਨੇ ਅਗਲੇ ਕਮਰੇ ਵਿੱਚ ਠਹਿਰੇ ਮੈਨੇਜਰ ਸੰਤੋਸ਼ ਰਾਏ ਨੂੰ ਫੋਨ ਕੀਤਾ ਅਤੇ ਦੱਸਿਆ ਕਿ ਉਸ ਨੂੰ ਸਾਹ ਲੈਣ ਵਿੱਚ ਤਕਲੀਫ ਹੋ ਰਹੀ ਹੈ। ਇਸ 'ਤੇ ਉਸ ਨੂੰ ਤੁਰੰਤ ਫੋਰਟਿਸ ਹਸਪਤਾਲ ਲਿਜਾਇਆ ਗਿਆ, ਜਿੱਥੇ ਉਨ੍ਹਾਂ ਦੀ ਮੌਤ ਹੋ ਗਈ।
ਸਪੈਸ਼ਲ ਟੀਮ ਨੇ ਕੀਤੀ ਜਾਂਚ: ਜਾਂਚ ਦੌਰਾਨ ਸਪੈਸ਼ਲ ਕ੍ਰਾਈਮ ਟੀਮ ਨੇ ਫਾਰਮ ਹਾਊਸ ਵਿਖੇ ਜਾ ਕੇ ਲੋੜੀਂਦੇ ਸਬੂਤ ਇਕੱਠੇ ਕੀਤੇ ਅਤੇ ਫੋਟੋਆਂ ਵੀ ਲਈਆਂ। ਹਾਲਾਂਕਿ ਹੁਣ ਤੱਕ ਦੀ ਜਾਂਚ 'ਚ ਕਿਸੇ ਤਰ੍ਹਾਂ ਦੀ ਕੋਈ ਇਤਰਾਜ਼ਯੋਗ ਚੀਜ਼ ਨਹੀਂ ਮਿਲੀ ਹੈ। ਜਿਸ ਜਗ੍ਹਾ 'ਤੇ ਉਹ ਰੁਕੇ ਸੀ ਅਤੇ ਜਿਸ ਕਮਰੇ ਵਿੱਚ ਉਹ ਆਰਾਮ ਕਰ ਰਹੇ ਸੀ, ਉੱਥੇ ਕੋਈ ਵੀ ਇਤਰਾਜ਼ਯੋਗ ਚੀਜ਼ ਨਹੀਂ ਮਿਲੀ। ਇਸ ਦੌਰਾਨ ਮੌਜੂਦ ਸਾਰੇ ਲੋਕਾਂ ਤੋਂ ਵੀ ਪੁੱਛਗਿੱਛ ਕੀਤੀ ਗਈ। ਇੰਨਾ ਹੀ ਨਹੀਂ, ਉੱਥੇ ਲੱਗੇ ਸੀਸੀਟੀਵੀ ਕੈਮਰੇ ਦੀ ਫੁਟੇਜ ਦੀ ਵੀ ਜਾਂਚ ਕੀਤੀ ਗਈ, ਪਰ ਉਸ ਵਿੱਚ ਵੀ ਕੁਝ ਨਹੀਂ ਮਿਲਿਆ।
ਫਾਰਮ ਹਾਊਸ ਚੋਂ ਦਵਾਈ ਦੇ ਪੈਕੇਟ ਮਿਲਣ ਉੱਤੇ ਹੋਇਆ ਸੀ ਸ਼ੱਕ: ਦਵਾਈ ਦੇ ਪੈਕੇਟ ਦੀ ਜਾਂਚ 'ਚ ਦਿੱਲੀ ਪੁਲਿਸ ਨੂੰ ਫਾਰਮ ਹਾਊਸ 'ਚੋਂ ਕੁਝ ਸ਼ੱਕੀ ਦਵਾਈਆਂ ਦੇ ਪੈਕੇਟ ਮਿਲੇ ਸੀ। ਇਨ੍ਹਾਂ ਦਵਾਈਆਂ ਵਿੱਚ ਸ਼ੂਗਰ ਅਤੇ ਡਾਇਜਨ ਵਰਗੀਆਂ ਦਵਾਈਆਂ ਵੀ ਸ਼ਾਮਲ ਸਨ। ਫਿਲਹਾਲ ਦਿੱਲੀ ਪੁਲਿਸ ਅਤੇ ਡਾਕਟਰਾਂ ਨੇ ਅਦਾਕਾਰ ਦੀ ਮੌਤ ਦਾ ਕਾਰਨ ਦਿਲ ਦਾ ਦੌਰਾ ਦੱਸਿਆ ਹੈ।
ਦੱਸ ਦਈਏ ਕਿ ਬੀਤੀ 9 ਮਾਰਚ ਨੂੰ ਡਾਕਟਰਾਂ ਵੱਲੋਂ ਪੋਸਟਮਾਰਟਮ ਤੋਂ ਬਾਅਦ ਲਾਸ਼ ਪਰਿਵਾਰ ਵਾਲਿਆਂ ਨੂੰ ਸੌਂਪ ਦਿੱਤੀ ਗਈ ਸੀ ਤੇ ਅੰਤਿਮ ਸੰਸਕਾਰ ਕੀਤਾ ਗਿਆ। ਪੋਸਟ ਮਾਰਟਮ ਰਿਪੋਰਟ ਵਿੱਚ ਇਹ ਵੀ ਸਪੱਸ਼ਟ ਹੋ ਗਿਆ ਹੈ ਕਿ ਸਤੀਸ਼ ਦੀ ਮੌਤ ਦਿਲ ਦਾ ਦੌਰਾ ਪੈਣ ਨਾਲ ਹੋਈ ਹੈ। ਪੁਲਿਸ ਸਤੀਸ਼ ਕੌਸ਼ਿਕ ਦੇ ਪਰਿਵਾਰ ਦੇ ਸੰਪਰਕ ਵਿੱਚ ਹੈ ਅਤੇ ਉਨ੍ਹਾਂ ਨੇ ਵੀ ਕੋਈ ਸ਼ੱਕ ਨਹੀਂ ਪ੍ਰਗਟਾਇਆ ਹੈ।
ਇਹ ਵੀ ਪੜ੍ਹੋ: Satish Kaushik Last Comedy Show : 'ਪੌਪ ਕੌਣ' ਦਾ ਟ੍ਰੇਲਰ ਰਿਲੀਜ਼, ਸਤੀਸ਼ ਕੌਸ਼ਿਕ ਆਖਰੀ ਵਾਰ ਕਾਮੇਡੀ ਕਰਦੇ ਆਉਣਗੇ ਨਜ਼ਰ