ਚੰਡੀਗੜ੍ਹ: ਹਿੰਦੀ ਸਿਨੇਮਾ ਦੇ ਮਸ਼ਹੂਰ ਅਤੇ ਦਿੱਗਜ ਨਿਰਦੇਸ਼ਕ ਵਜੋਂ ਜਾਣੇ ਜਾਂਦੇ ਦੀਪਕ ਬਲਰਾਜ ਵਿਜ, ਜੋ ਬਤੌਰ ਲੇਖਕ-ਨਿਰਮਾਤਾ-ਨਿਰਦੇਸ਼ਕ ‘ਡਿਸਕੋ ਡਾਂਸਰ’, ‘ਜਾਨ ਤੇਰੇ ਨਾਮ’, ‘ਹਫ਼ਤਾ ਬੰਦ’, ‘ਗਾਡਫ਼ਾਦਰ’, ‘ਸਟੰਟਮੈਂਟ’, ‘ਸੈਲਾਬ’ ਜਿਹੀਆਂ ਕਈ ਮਲਟੀਸਟਾਰਰ ਅਤੇ ਸਫ਼ਲ ਫ਼ਿਲਮਾਂ ਦਾ ਲੇਖਨ ਅਤੇ ਨਿਰਦੇਸ਼ਨ ਕਰ ਚੁੱਕੇ ਹਨ।
ਨਿਰਦੇਸ਼ਕ ਹੁਣ ਕੁਝ ਸਮੇਂ ਤੋਂ ਸਿਨੇਮਾ ਖੇਤਰ ਤੋਂ ਦੂਰ ਰਹੇ, ਇਹ ਬੇਹਤਰੀਨ ਨਿਰਦੇਸ਼ਕ ਹੁਣ ਇਕ ਵਾਰ ਮਾਇਆਨਗਰੀ ਗਲਿਆਰਿਆ ਵਿਚ ਰੌਣਕਾਂ ਲਾਉਣ ਜਾ ਰਹੇ ਹਨ, ਜੋ ਆਪਣੇ ਬੇਟੇ ਬੌਬੀ ਵਿਜ ਲਈ ਬਣਾਈ ਜਾ ਰਹੀ ਉਸ ਦੀ ਪਹਿਲੀ ਫ਼ਿਲਮ ‘ਸ਼ਾਟ ਇਨ ਦਾ ਡਾਰਕ’ ਦੀ ਨਿਰਦੇਸ਼ਨ ਕਮਾਂਡ ਸੰਭਾਲ ਰਹੇ ਹਨ। ਉੱਤਰ ਪ੍ਰਦੇਸ਼ ਦੇ ਵੱਖ ਵੱਖ ਹਿੱਸਿਆਂ ਵਿਚ ਫ਼ਿਲਮਾਈ ਜਾ ਰਹੀ ਇਸ ਫ਼ਿਲਮ ਵਿਚ ਮੰਨੀ ਪ੍ਰਮੰਨੀ ਟੀ.ਵੀ ਅਤੇ ਫ਼ਿਲਮ ਅਦਾਕਾਰਾ ਕਿਸ਼ੋਰੀ ਸ਼ਹਾਨੇ ਜੋ ਦੀਪਕ ਬਲਰਾਜ ਵਿਜ ਦੀ ਸੁਪਤਨੀ ਅਤੇ ਬੌਬੀ ਵਿਜ ਦੀ ਮਾਤਾ ਵੀ ਹੈ, ਉਹ ਮਹੱਤਵਪੂਰਨ ਭੂਮਿਕਾ ਨਿਭਾਉਂਦੀ ਨਜ਼ਰ ਆਵੇਗੀ, ਜਿੰਨ੍ਹਾਂ ਨੂੰ ਹਾਲ ਹੀ ਵਿਚ ਮਰਾਠੀ ਫ਼ਿਲਮ ਜੀਵਨ ਸੰਧਿਆ ਵਿਚਲੇ ਚੰਗੇ ਅਭਿਨੈ ਲਈ ਕਲਾ ਦਰਪਣ ਸਪੈਸ਼ਲ ਜਿਓਰੀ ਐਵਾਰਡ ਨਾਲ ਵੀ ਨਿਵਾਜ਼ਿਆ ਗਿਆ ਹੈ।
ਉਕਤ ਫ਼ਿਲਮ ਪਹਿਲੂਆਂ ਅਤੇ ਚਰਚਾ ਕਰਦਿਆਂ ਨਿਰਦੇਸ਼ਕ ਦੀਪਕ ਵਿਜ ਦੱਸਦੇ ਹਨ ਕਿ ਉਨ੍ਹਾਂ ਦੀ ਹਰ ਫ਼ਿਲਮ ਵਿਚ ਕਹਾਣੀ ਦੇ ਨਾਲ ਨਾਲ ਗੀਤ ਸੰਗੀਤ ਦਾ ਵੀ ਪੂਰਾ ਮਹੱਤਵ ਰਿਹਾ ਹੈ, ਜਿਸ ਦਾ ਇਜ਼ਹਾਰ ਲਗਭਗ ਉਨ੍ਹਾਂ ਦੀ ਹਰ ਫ਼ਿਲਮ ਚਾਹੇ ਉਹ 'ਡਿਸਕੋ ਡਾਂਸਰ' ਹੋਵੇ ਜਾਂ 'ਫ਼ਿਰ ਜਾਨ ਤੇਰੇ ਨਾਮ' ਕਰਵਾਉਂਦੀ ਰਹੀ ਹੈ। ਉਨ੍ਹਾਂ ਦੱਸਿਆ ਕਿ ਨਿਰਦੇਸ਼ਕ ਦੇ ਤੌਰ 'ਤੇ ਇਸ ਨਵੀਂ ਸੋਸ਼ਲ-ਡਰਾਮਾ ਫ਼ਿਲਮ ਵਿਚ ਸੰਗੀਤ ਪੱਖ ਕਮਾਲ ਦਾ ਰੱਖਿਆ ਜਾ ਰਿਹਾ ਹੈ, ਜੋ ਸੁਣਨ ਵਾਲਿਆਂ ਨੂੰ ਪਸੰਦ ਆਵੇਗਾ ਅਤੇ ਏਨ੍ਹਾਂ ਹੀ ਨਹੀਂ ਇਸ ਫ਼ਿਲਮ ਵਿਚ ਭੱਪੀ ਲਹਿਰੀ ਵੱਲੋਂ ਰਿਕਾਰਡ ਕੀਤਾ ਗਿਆ ਆਖ਼ਰੀ ਗੀਤ ਵੀ ਸ਼ਾਮਿਲ ਹੈ, ਜਿਸ ਨੂੰ ਸ਼੍ਰੇਆ ਘੋਸ਼ਾਲ ਨੇ ਗਾਇਆ ਹੈ।
ਹਿੰਦੀ ਸਿਨੇਮਾ ਡੈਬਿਊ ਕਰਨ ਜਾ ਰਹੇ ਅਤੇ ਮਿਸਟਰ ਗਲੈਡਰੈਗਸ਼ ਦਾ ਖ਼ਿਤਾਬ ਹਾਸਿਲ ਕਰ ਚੁੱਕੇ ਅਦਾਕਾਰ ਬੌਬੀ ਵਿਜ ਵੀ ਇਸ ਫ਼ਿਲਮ ਨੂੰ ਲੈ ਕੇ ਕਾਫ਼ੀ ਉਤਸ਼ਾਹਿਤ ਹਨ, ਜਿੰਨ੍ਹਾਂ ਅਨੁਸਾਰ ਉਨ੍ਹਾਂ ਦੀ ਇਹ ਫ਼ਿਲਮ ਇਕ ਐਸੇ ਲੜਕੇ ਦੀ ਕਹਾਣੀ ਹੈ, ਜੋ ਅਯੁੱਧਿਆ ਤੋਂ ਮੁੰਬਈ ਆਪਣਾ ਕਰੀਅਰ ਬਣਾਉਣ ਆਉਂਦਾ ਹੈ ਅਤੇ ਇਕ ਟ੍ਰੈਪ ਵਿਚ ਫਸ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਫ਼ਿਲਮ ਦੇ ਐਕਸ਼ਨ ਅਤੇ ਕਹਾਣੀ ਅਨੁਸਾਰ ਆਪਣੇ ਆਪ ਨੂੰ ਢਾਲਣ ਲਈ ਉਨ੍ਹਾਂ ਮਾਰਸ਼ਲ ਆਰਟਸ ਅਤੇ ਡਾਂਸ ਦੀ ਵੀ ਖਾਸ ਟਰੇਨਿੰਗ ਲਈ ਹੈ। ਤੁਹਾਨੂੰ ਦੱਸ ਦਈਏ ਕਿ 'ਸਟਾਰ-ਨਿਰਮਾਤਾ' ਦੀਪਕ ਬਲਰਾਜ ਜਿਸ ਨੇ ਕਈ ਮਸ਼ਹੂਰ ਕਲਾਕਾਰਾਂ ਨਾਲ ਫਿਲਮਾਂ ਬਣਾਈਆਂ ਹਨ ਜੋ ਬਾਅਦ ਵਿੱਚ ਅਦਿੱਤਿਆ ਪੰਚੋਲੀ, ਰੋਨਿਤ ਰਾਏ, ਜੈਕੀ ਸ਼ਰਾਫ, ਸ਼ਕਤੀ ਕਪੂਰ, ਮਾਧੁਰੀ ਦੀਕਸ਼ਿਤ, ਮੰਦਾਕਿਨੀ ਅਤੇ ਹੋਰ ਬਹੁਤ ਸਾਰੇ ਕਲਾਕਾਰਾਂ ਸਮੇਤ ਚੋਟੀ ਦੇ ਸਟਾਰ ਸੈਲੇਬ-ਐਕਟਰ ਬਣ ਗਏ।
ਇਹ ਵੀ ਪੜ੍ਹੋ: Kimi Verma: ਦਹਾਕੇ ਬਾਅਦ ਪੰਜਾਬੀ ਸਿਨੇਮਾ ਦਾ ਹਿੱਸਾ ਬਣੇਗੀ ਕਿੰਮੀ ਵਰਮਾ, ‘ਲਹਿੰਬਰਗਿੰਨੀ’ ਨਾਲ ਕਰੇਗੀ ਸ਼ੁਰੂਆਤ