ਫਰੀਦਕੋਟ: ਸੋਨੀ ਟੈਲੀਵਿਜ਼ਨ ਦੇ ਕਾਮਯਾਬ ਰਹੇ ਪ੍ਰੋਗਰਾਮ ‘ਦ ਕਪਿਲ ਸ਼ਰਮਾ ਸ਼ੋਅ’ ਅਤੇ ‘India's Laughter Champion’ ਆਦਿ ਜਿਹੇ ਕਈ ਚਰਚਿਤ ਸਟੈਡਅਪ ਕਾਮੇਡੀ ਸੀਰੀਜ਼ ਦਾ ਹਿੱਸਾ ਰਹਿਣ ਵਾਲੇ ਕਲਾਕਾਰ ਜਸਵੰਤ ਸਿੰਘ ਰਾਠੌਰ ਅਤੇ ਰਾਜੀਵ ਠਾਕੁਰ ਅੱਜਕਲ੍ਹ ਯੂਨਾਈਟਡ ਕਿੰਗਡਮ ਦੇ ਵਿਸ਼ੇਸ਼ ਦੌਰੇ ਤੇ ਹਨ, ਜਿੱਥੇ ਇਹ ਦੋਨੋ ਅਪਣੀ ਟੀਮ ਸਮੇਤ ਕਈ ਵੱਡੇ ਲਾਈਵ ਸ਼ੋਅ ਦਾ ਹਿੱਸਾ ਬਣਨਗੇ।
ਕਲਾਕਾਰ ਜਸਵੰਤ ਸਿੰਘ ਰਾਠੌਰ ਅਤੇ ਰਾਜੀਵ ਠਾਕੁਰ ਦਾ ਦੂਜਾ ਵੱਡਾ ਵਿਦੇਸ਼ੀ ਟੂਰ: ਇਸ ਫ਼ੇਰੀ ਅਧੀਨ ਲੰਡਨ ਪੁੱਜੇ ਕਾਮੇਡੀਅਨ-ਅਦਾਕਾਰ ਜਸਵੰਤ ਸਿੰਘ ਰਾਠੌਰ ਨੇ ਦੱਸਿਆ ਕਿ ਆਸਟ੍ਰੇਲੀਆਂ ਦੇ ਹਾਲ ਹੀ ਦੇ ਦੌਰੇ ਦੀ ਸਫ਼ਲਤਾ ਤੋਂ ਬਾਅਦ ਇਹ ਉਨਾਂ ਦਾ ਦੂਸਰਾ ਵੱਡਾ ਵਿਦੇਸ਼ੀ ਟੂਰ ਹੈ। ਇਸ ਟੂਰ ਦੁਆਰਾ ਉਹ ਪਹਿਲੀ ਵਾਰ ਯੂ.ਕੇ ਦੇ ਦਰਸ਼ਕਾਂ ਸਨਮੁੱਖ ਆਪਣੀ ਕਲਾ ਦਾ ਪ੍ਰਦਰਸ਼ਨ ਕਰਨਗੇ। ਉਨ੍ਹਾਂ ਨੇ ਦੱਸਿਆ ਕਿ ਇਸ ਸ਼ੋਅ ਦੌਰਾਨ ਛੋਟੇ ਪਰਦੇ ਦੇ ਕਈ ਹੋਰ ਕਲਾਕਾਰ ਵੀ ਪ੍ਰਦਰਸ਼ਨ ਕਰਨਗੇ, ਜਿੰਨ੍ਹਾਂ ਨਾਲ ਸਟੇਜ਼ ਸਾਂਝਾ ਕਰਨਾ ਉਨ੍ਹਾਂ ਲਈ ਇਕ ਯਾਦਗਾਰੀ ਤਜੁਰਬੇ ਵਾਂਗ ਰਹੇਗਾ। ਉਨ੍ਹਾਂ ਨੇ ਕਿਹਾ ਕਿ ਸਾਡੀ ਟੀਮ ਲਈ ਖੁਸ਼ਕਿਸਮਤੀ ਦੀ ਗੱਲ ਹੈ ਕਿ ਇੱਥੇ ਪੁੱਜਦਿਆਂ ਹੀ ਦਰਸ਼ਕਾਂ ਵੱਲੋਂ ਉਨਾਂ ਦੀ ਸਾਰੀ ਟੀਮ ਦਾ ਸਵਾਗਤ ਕੀਤਾ ਗਿਆ ਹੈ, ਜਿਸ ਨਾਲ ਉਨਾਂ ਦਾ ਉਤਸ਼ਾਹ ਹੋਰ ਵਧ ਗਿਆ ਹੈ।
ਕਲਾਕਾਰ ਜਸਵੰਤ ਸਿੰਘ ਰਾਠੌਰ ਅਤੇ ਰਾਜੀਵ ਠਾਕੁਰ ਦਾ ਵਰਕ ਫਰੰਟ: ਜੇਕਰ ਕਲਾਕਾਰ ਜਸਵੰਤ ਸਿੰਘ ਰਾਠੌਰ ਅਤੇ ਰਾਜੀਵ ਠਾਕੁਰ ਦੇ ਵਰਕ ਫ਼ਰੰਟ ਦੀ ਗੱਲ ਕਰੀਏ ਤਾਂ ਇਹ ਦੋਵੇ ਕਲਾਕਾਰ ਅੱਜਕਲ੍ਹ ਫ਼ਿਲਮਾਂ ਅਤੇ ਛੋਟੇ ਪਰਦੇ ਦੇ ਕਈ ਪ੍ਰੋਗਰਾਮਾਂ ਵਿੱਚ ਨਜ਼ਰ ਆ ਰਹੇ ਹਨ। ਜਸਵੰਤ ਸਿੰਘ ਰਾਠੌਰ ਜਲਦ ਰਿਲੀਜ਼ ਹੋਣ ਜਾ ਰਹੀ ਪੰਜਾਬੀ ਵੈਬ ਸੀਰੀਜ਼ ‘ਐਨਆਰਆਈ’ ਵਿੱਚ ਮਹੱਤਵਪੂਰਨ ਕਿਰਦਾਰ ਨਿਭਾਉਂਦੇ ਦਿਖਾਈ ਦੇਣਗੇ, ਉਥੇ ਰਾਜੀਵ ਠਾਕੁਰ ਵੀ ਕਈ ਫ਼ਿਲਮਾਂ ਅਤੇ ਰਿਅਲਟੀ ਸ਼ੋਅ ਵਿੱਚ ਨਜ਼ਰ ਆਉਣਗੇ। ਬਾਲੀਵੁੱਡ ਅਤੇ ਪਾਲੀਵੁੱਡ ਵਿਚ ਕਾਮੇਡੀਅਨ-ਅਦਾਕਾਰ ਦੇ ਤੌਰ 'ਤੇ ਪ੍ਰਸਿੱਧੀ ਹਾਸਲ ਕਰਨ ਵਾਲੇ ਜਸਵੰਤ ਸਿੰਘ ਰਾਠੌਰ ਆਪਣੀ ਗਾਇਕੀ ਕਲਾ ਵੱਲ ਵੀ ਵਧ ਰਹੇ ਹਨ। ਇਸ ਦੇ ਮੱਦੇਨਜ਼ਰ ਹੀ ਉਨਾਂ ਵੱਲੋਂ ਆਪਣਾ ਨਵਾਂ ਅਤੇ ਪੰਜਾਬੀ ਸੱਭਿਆਚਾਰ ਦੀ ਤਰਜ਼ਮਾਨੀ ਕਰਦਾ ਗੀਤ 'ਅਣਮਿਊਟ' ਵੀ ਬੀਤੇ ਦਿਨ ਜਾਰੀ ਕੀਤਾ ਗਿਆ ਹੈ।
ਇਸ ਗੀਤ ਨੂੰ ਸਰੋਤਿਆਂ ਅਤੇ ਦਰਸ਼ਕਾਂ ਵੱਲੋਂ ਕਾਫ਼ੀ ਪਸੰਦ ਕੀਤਾ ਗਿਆ ਹੈ। ਪੰਜਾਬ ਦੇ ਲੁਧਿਆਣਾ ਅਤੇ ਜਲੰਧਰ ਨਾਲ ਸੰਬੰਧ ਰੱਖਦੇ ਜਸਵੰਤ ਸਿੰਘ ਰਾਠੌਰ ਅਤੇ ਰਾਜੀਵ ਠਾਕੁਰ ਅਨੁਸਾਰ ਮੁੰਬਈ ਨਗਰੀ ਵਿੱਚ ਮਜਬੂਤ ਪੈੜ੍ਹਾ ਸਥਾਪਿਤ ਕਰ ਲੈਣ ਅਤੇ ਉਥੋ ਦੇ ਰੁਝੇਵਿਆਂ ਦੇ ਬਾਵਜੂਦ ਉਨਾਂ ਦੀ ਤਾਂਘ ਹਮੇਸ਼ਾ ਆਪਣੇ ਚਾਹੁਣ ਵਾਲਿਆਂ ਦੇ ਵਿਚਕਾਰ ਜਾ ਕੇ ਲਾਈਵ ਪ੍ਰੋਫੋਰਮੈੱਸ ਕਰਨ ਦੀ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਸਾਹਮਣੇ ਤੋਂ ਮਿਲਣ ਵਾਲਾ ਪਿਆਰ ਅਤੇ ਸਨੇਹ, ਜੋ ਸਕੂਨ ਅਤੇ ਮਾਣ ਦਿੰਦਾ ਹੈ, ਉਸ ਦੀ ਖੁਸ਼ੀ ਨੂੰ ਲਫ਼ਜਾਂ ਵਿੱਚ ਬਿਆਨ ਨਹੀ ਕੀਤਾ ਜਾ ਸਕਦਾ।