ਫਰੀਦਕੋਟ: ਸੰਗੀਤ ਜਗਤ ਦੇ ਮੌਜੂਦਾ ਸਮੇਂ ਦੇ ਚਰਚਿਤ ਗਾਇਕਾਂ ਵਿੱਚ ਆਪਣਾ ਸ਼ੁਮਾਰ ਕਰਵਾਉਂਦੇ ਗਾਇਕ ਸ਼ਾਨ, ਜੋ ਆਪਣਾ ਨਵਾਂ ਗੀਤ ‘ਭਾਰਤ ਮਾਂ’ ਲੈ ਕੇ ਆਪਣੇ ਚਾਹੁਣ ਵਾਲਿਆਂ ਸਨਮੁੱਖ ਹੋਣ ਜਾ ਰਹੇ ਹਨ। ਇਹ ਗੀਤ ਆਜ਼ਾਦੀ ਦਿਹਾੜ੍ਹੇ ਨੂੰ ਸਮਰਪਿਤ ਹੋਵੇਗਾ। ਇਹ ਨਵਾਂ ਟਰੈਕ 12 ਅਗਸਤ ਨੂੰ ਵੱਖ-ਵੱਖ ਸੰਗੀਤਕ ਪਲੇਟਫ਼ਾਰਮਾਂ 'ਤੇ ਰਿਲੀਜ਼ ਕੀਤਾ ਜਾਵੇਗਾ।
ਗਾਇਕ ਸ਼ਾਨ ਦਾ ਨਵਾਂ ਗੀਤ ‘ਭਾਰਤ ਮਾਂ’: ‘ਸ਼ਾਨ ਮਿਊਜ਼ਿਕ ਲੇਬਲ’ ਹੇਠ ਪ੍ਰਸਤੁਤ ਕੀਤੇ ਜਾ ਰਹੇ ਇਸ ਦੇਸ਼ ਭਗਤੀ ਵਾਲੇ ਗੀਤ ਦੀ ਸ਼ਬਦੀ ਰਚਨਾਂ ਆਲੋਕ ਸ੍ਰੀਵਾਸਤਵ ਦੀ ਹੈ, ਜਦਕਿ ਇਸ ਗੀਤ ਨੂੰ ਗਾਉਣ ਦੇ ਨਾਲ-ਨਾਲ ਇਸ ਦੀ ਕੰਪੋਜੀਸ਼ਨ ਖੁਦ ਸ਼ਾਨ ਵੱਲੋਂ ਹੀ ਤਿਆਰ ਕੀਤੀ ਗਈ ਹੈ। ਇੰਡੀਅਨ ਸਟੋਰੀਟੇਲਰਜ਼ ਦੁਆਰਾ ਇਸ ਗੀਤ ਸਬੰਧਤ ਵੀਡੀਓ ਨੂੰ ਮਨਮੋਹਕ ਬਣਾਉਣ ਵਿੱਚ ਵੀ ਅਹਿਮ ਭੁੂਮਿਕਾ ਨਿਭਾਈ ਗਈ ਹੈ। ਇਸ ਵਿੱਚ ਸਹਿਯੋਗੀ ਕਲਾਕਾਰਾਂ ਸਮੇਤ ਸ਼ਾਨ ਫ਼ੀਚਰਿੰਗ ਕਰਦੇ ਵੀ ਨਜ਼ਰ ਆਉਣਗੇ। ਆਪਣੇ ਇਸ ਨਵੇਂ ਟਰੈਕ ਸਬੰਧੀ ਗੱਲ ਕਰਦਿਆਂ ਗਾਇਕ ਸ਼ਾਨ ਦੱਸਦੇ ਹਨ ਕਿ, "ਇਸ ਗੀਤ ਰਾਹੀ ਮਾਤ ਭੂਮੀ ਪ੍ਰਤੀ ਧੰਨਵਾਦ ਕਰਨ ਦੀ ਮੇਰੀ ਕੋਸ਼ਿਸ਼ ਹੈ। ਇਸ ਗੀਤ ਨੂੰ ਗਾ ਕੇ ਮੈਂ ਬਹੁਤ ਖੁਸ਼ੀ, ਮਾਣ ਅਤੇ ਸਕੂਨ ਮਹਿਸੂਸ ਕਰ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਦੇਸ਼ ਦੇ ਇੱਕ ਛੋਂਟੇ ਜਿਹੇ ਹਿੱਸੇ ਤੋਂ ਮੁੰਬਈ ਆ ਕੇ ਜੋ ਮਾਣ ਸਨਮਾਨ ਮੈਂ ਹਾਸਲ ਕੀਤਾ ਹੈ, ਉਸ ਦਾ ਕਰਜ਼ ਮੈਂ ਕਦੇ ਵੀ ਨਹੀਂ ਉਤਾਰ ਸਕਦਾ, ਪਰ ਇਸ ਦਿਸ਼ਾ ਵਿਚ ਆਪਣੀ ਮਿੱਟੀ ਅਤੇ ਵਤਨ ਪ੍ਰਤੀ ਜੋ ਵੀ ਫਰਜ਼ ਨਿਭਾ ਸਕਦਾ ਹਾਂ, ਲਗਾਤਾਰ ਨਿਭਾਉਣ ਲਈ ਯਤਨਸ਼ੀਲ ਰਹਾਗਾਂ।"
ਗਾਇਕ ਸ਼ਾਨ ਦਾ ਵਰਕ ਫਰੰਟ: ਬਾਲੀਵੁੱਡ ਵਿਚ ਬਤੌਰ ਪਲੇ ਬੈਕ ਗਾਇਕ ਵਜੋਂ ਸ਼ਾਨਦਾਰ ਸਫ਼ਰ ਤੈਅ ਕਰ ਚੁੱਕੇ ਗਾਇਕ ਸ਼ਾਨ ਦੇ ਵਰਕ ਫ਼ਰੰਟ ਦੀ ਗੱਲ ਕੀਤੀ ਜਾਵੇ, ਤਾਂ ਇੰਨ੍ਹੀ ਦਿਨੀ ਉਹ ਰਿਲੀਜ਼ ਹੋਣ ਜਾ ਰਹੀ ਹਿੰਦੀ ਫ਼ਿਲਮ ‘ਫ਼ਾਇਰ ਆਫ਼ ਲਵ ਰੈਡ’ ਨੂੰ ਲੈ ਕੇ ਉਤਸ਼ਾਹਿਤ ਨਜ਼ਰ ਆ ਰਹੇ ਹਨ। ਇਸ ਵਿੱਚ ਉਨਾਂ ਵੱਲੋਂ ਗਾਏ ਅਤੇ ਜਾਰੀ ਹੋ ਚੁੱਕੇ ਗੀਤਾਂ ਨੂੰ ਬਹੁਤ ਪਸੰਦ ਕੀਤਾ ਜਾ ਰਿਹਾ ਹੈ। ਉਨ੍ਹਾਂ ਵੱਲੋਂ ਹਾਲ ਹੀ ਵਿੱਚ ਜਾਰੀ ਕੀਤੇ ਗਏ ਹੋਰਨਾਂ ਫ਼ਿਲਮੀ ਟਰੈਕਸ ਨੂੰ ਵੀ ਦਰਸ਼ਕਾਂ ਅਤੇ ਸਰੋਤਿਆਂ ਵੱਲੋਂ ਕਾਫ਼ੀ ਪਸੰਦ ਕੀਤਾ ਗਿਆ ਹੈ, ਜਿੰਨ੍ਹਾਂ ਵਿਚ 'ਪਲ ਪਲ', 'ਇਸ਼ਕ ਏ ਨਾਦਾਨ', 'ਗੁਰੂ ਕੋ ਨਮਨ', 'ਬੀਤੇ ਹੁਏ ਪਲ', 'ਮਿਊਜ਼ਿਕ ਸਕੂਲ', 'ਪਿਆਰ ਤੋਂ ਬਸ ਪਿਆਰ ਹੈ', 'ਹਮ ਤੁਮ -ਤੁਮ ਹਮ' ਆਦਿ ਸ਼ਾਮਿਲ ਰਹੇ ਹਨ। ਸੰਗੀਤ ਜਗਤ ਵਿੱਚ ਪੜ੍ਹਾਅ ਦਰ ਪੜ੍ਹਾਅ ਸ਼ਾਨਦਾਰ ਸਫ਼ਰ ਤੈਅ ਕਰਦੇ ਜਾ ਰਹੇ ਗਾਇਕ ਸ਼ਾਨ ਨਾਲ ਉਨਾਂ ਦੀਆਂ ਆਉਣ ਵਾਲੀਆਂ ਯੋਜਨਾਵਾਂ ਸਬੰਧੀ ਗੱਲ ਕੀਤੀ ਗਈ ਤਾਂ ਉਨਾਂ ਨੇ ਦੱਸਿਆ ਕਿ ਕੁਝ ਹੋਰ ਸੋਲੋ ਟਰੈਕਸ ਵੀ ਤਿਆਰ ਕਰ ਰਿਹਾ ਹੈ, ਜਿਸ ਦੇ ਰਸਮੀ ਲੁੱਕ ਦਾ ਐਲਾਨ ਵੀ ਜਲਦ ਕਰਾਗਾਂ। ਇਸ ਤੋਂ ਇਲਾਵਾ ਇੰਟਰਨੈਸ਼ਨਲ ਸ਼ੋਅ ਅਧੀਨ ਕੁਝ ਵੱਡੇ ਸ਼ੋਅਜ਼ ਵੀ ਵੱਖ-ਵੱਖ ਮੁਲਕਾਂ ਵਿੱਚ ਕਰਨ ਜਾ ਰਿਹਾ ਹੈ।