ਚੰਡੀਗੜ੍ਹ: ਪੰਜਾਬੀ ਸਿਨੇਮਾ ਅਤੇ ਛੋਟੇ ਪਰਦੇ 'ਤੇ ਬਤੌਰ ਸਪੋਟਿੰਗ ਐਕਟ੍ਰੈਸ ਅਲਹਦਾ ਪਹਿਚਾਣ ਸਥਾਪਿਤ ਕਰਨ ਵਿਚ ਸਫ਼ਲ ਰਹੀ ਅਦਾਕਾਰਾ ਕੇ ਪ੍ਰੀਤ ਕਿਰਨ ਦੇ ਹਿੱਸੇ ਇਕ ਅਹਿਮ ਮਾਣ ਆਇਆ ਹੈ, ਜੋ ਮਸ਼ਹੂਰ ਗਾਇਕ ਰਣਜੀਤ ਬਾਵਾ ਦੇ ਨਵੇਂ ਰਿਲੀਜ਼ ਹੋਣ ਜਾ ਰਹੇ ਗਾਣੇ ‘ਨੀ ਮਿੱਟੀਏ’ ਸੰਬੰਧਤ ਮਿਊਜ਼ਿਕ ਵੀਡੀਓ ’ਚ ਇਕ ਅਹਿਮ ਭੂਮਿਕਾ ’ਚ ਨਜ਼ਰ ਆਵੇਗੀ।
ਟਰੂ ਮੇਕਰਜ਼ ਵੱਲੋਂ ਫਿਲਮਾਏ ਗਏ ਇਸ ਮਿਊਜ਼ਿਕ ਵੀਡੀਓ ਸੰਬੰਧੀ ਇਸ ਹੋਣਹਾਰ ਅਦਾਕਾਰਾ ਨੇ ਦੱਸਿਆ ਕਿ ਪੰਜਾਬੀ ਗੀਤਕਾਰੀ ਵਿਚ ਸਤਿਕਾਰਿਤ ਸ਼ਖ਼ਸੀਅਤ ਵਜੋਂ ਸ਼ੁਮਾਰ ਕਰਵਾਉਂਦੇ ਅਤੇ ਬੇਸ਼ੁਮਾਰ ਲੋਕਪ੍ਰਿਯ ਅਤੇ ਹਿੱਟ ਗੀਤ ਦੇ ਚੁੱਕੇ ਮੰਗਲ ਹਾਠੂਰ ਵੱਲੋਂ ਲਿਖੇ ਅਤੇ ਰਣਜੀਤ ਬਾਵਾ ਵੱਲੋਂ ਸ਼ਾਨਦਾਰ ਕੰਪੋਜੀਸ਼ਨ ਅਧੀਨ ਢਾਲੇ ਗਏ ਇਸ ਗੀਤ ਦਾ ਮਿਊਜ਼ਿਕ ਵੀਡੀਓ ਵੀ ਬਹੁਤ ਹੀ ਕਮਾਲ ਦੇ ਰੂਪ ਵਿਚ ਸਾਹਮਣੇ ਆਉਣ ਜਾ ਰਿਹਾ ਹੈ, ਜਿਸ ਵਿਚ ਰਣਜੀਤ ਬਾਵਾ ਨਾਲ ਇਕ ਮਹੱਤਵਪੂਰਨ ਕਿਰਦਾਰ ਅਦਾ ਕਰਨਾ ਉਸ ਦੇ ਕਰੀਅਰ ਨੂੰ ਹੋਰ ਚਾਰ ਚੰਨ ਲਾ ਗਿਆ ਹੈ।
ਉਨਾਂ ਦੱਸਿਆ ਕਿ ‘ਮਿੱਟੀ ਦਾ ਬਾਵਾ 2’ ਦਾ ਸਦਾ ਬਹਾਰ ਪੰਜਾਬੀ ਸੰਗੀਤਕ ਲੜ੍ਹੀ ਦਾ ਹਿੱਸਾ ਬਣਨ ਜਾ ਰਹੀ ਇਸ ਗਾਣੇ ਦਾ ਇਕ ਇਕ ਬੋਲ ਜਿੱਥੇ ਸਰੋਤਿਆਂ ਦੇ ਦਿਲ੍ਹਾਂ ਨੂੰ ਝਕਝੋਰ ਕੇ ਰੱਖ ਦੇਵੇਗਾ, ਉਥੇ ਇਸ ਦਾ ਮਿਊਜ਼ਿਕ ਵੀਡੀਓ ਵੀ ਹਰ ਇਕ ਨੂੰ ਭਰਪੂਰ ਪਸੰਦ ਆਵੇਗਾ, ਜਿਸ ਵਿਚ ਪੰਜਾਬੀਅਤ ਵੰਨਗੀਆਂ ਦਾ ਸੁੰਦਰ ਸੁਮੇਲ ਦਰਸ਼ਕਾਂ ਨੂੰ ਵੇਖਣ ਨੂੰ ਮਿਲੇਗਾ।
ਉਨ੍ਹਾਂ ਕਿਹਾ ਕਿ ਜਲਦ ਹੀ ਸੰਗੀਤ ਮਾਰਕੀਟ ਵਿਚ ਅਤੇ ਵੱਖ-ਵੱਖ ਪਲੇਟਫ਼ਾਰਮਜ਼ 'ਤੇ ਜਾਰੀ ਕੀਤੇ ਜਾ ਰਹੇ ਇਸ ਮਿਊਜ਼ਿਕ ਵੀਡੀਓ ਦੀ ਰਿਲੀਜ਼ਿੰਗ ਨੂੰ ਲੈ ਕੇ ਉਹ ਕਾਫ਼ੀ ਉਤਸ਼ਾਹਿਤ ਹਨ ਅਤੇ ਉਮੀਦ ਕਰਦੀ ਹੈ ਕਿ ਇਹ ਪ੍ਰੋਜੈਕਟ ਉਨਾਂ ਦੇ ਕਰੀਅਰ ਨੂੰ ਹੋਰ ਉਭਾਰ ਦੇਣ ਵਿਚ ਵੀ ਅਹਿਮ ਭੂਮਿਕਾ ਅਦਾ ਕਰੇਗਾ।
- Punjabi Film Maurh: ਹੁਣ OTT ਉਤੇ ਤੂਫਾਨ ਲਿਆਏਗੀ ਫਿਲਮ 'ਮੌੜ', ਇਸ ਦਿਨ ਹੋਵੇਗੀ ਰਿਲੀਜ਼
- Carry On Jatta 3: ਲਓ ਜੀ...ਪੰਜਾਬੀ ਦੀ ਸਭ ਤੋਂ ਜਿਆਦਾ ਕਮਾਈ ਕਰਨ ਵਾਲੀ ਫਿਲਮ ਬਣੀ 'ਕੈਰੀ ਆਨ ਜੱਟਾ 3', ਤੋੜਿਆ ਇਸ ਫਿਲਮ ਦਾ ਰਿਕਾਰਡ
- ਸੋਨੀ ਲਿਵ ਦੀ ਆਉਣ ਵਾਲੀ ਸੀਰੀਜ਼ ਨਾਲ ਜੁੜੇ ਪ੍ਰਿੰਸ ਕੰਵਲਜੀਤ ਸਿੰਘ, ਰੋਹਿਤ ਜੁਗਰਾਜ ਚੌਹਾਨ ਕਰਨਗੇ ਨਿਰਦੇਸ਼ਨ
ਮੂਲ ਰੂਪ ਵਿਚ ਪੰਜਾਬ ਦੇ ਮਾਲਵਾ ਖਿੱਤੇ ਅਧੀਨ ਆਉਂਦੇ ਜ਼ਿਲ੍ਹਾ ਫ਼ਰੀਦਕੋਟ ਨਾਲ ਤਾਲੁਕ ਰੱਖਦੀ ਅਤੇ ਅੱਜਕੱਲ 'ਦਿ ਸਿਟੀ ਬਿਊਟੀਫੁੱਲ' ਮੰਨੇ ਜਾਂਦੇ ਚੰਡੀਗੜ੍ਹ ਵਿਖੇ ਵਸੇਂਦਾ ਕਰ ਚੁੱਕੀ ਅਦਾਕਾਰ ਕੇ ਪ੍ਰੀਤ ਕਿਰਨ ਅਨੁਸਾਰ ਐਕਟਿੰਗ ਪ੍ਰਤੀ ਉਸ ਦਾ ਝੁਕਾਅ ਬਚਪਨ ਤੋਂ ਹੀ ਰਿਹਾ ਹੈ, ਪਰ ਕੁਝ ਪਰਿਵਾਰਿਕ ਜਿੰਮੇਵਾਰੀ ਦੇ ਚਲਦਿਆਂ ਉਹ ਪਹਿਲੋਂ ਇਸ ਵੱਲ ਪੂਰਾ ਧਿਆਨ ਕੇਂਦਰਿਤ ਨਹੀਂ ਕਰ ਸਕੀ, ਪਰ ਹੁਣ ਇਸ ਗੱਲ ਨੂੰ ਲੈ ਕੇ ਫ਼ਖਰ ਮਹਿਸੂਸ ਹੋ ਰਿਹਾ ਹੈ ਕਿ ਦੇਰ ਨਾਲ ਹੀ ਸਹੀ, ਪਰ ਉਸ ਨੂੰ ਆਪਣੇ ਇਸ ਐਕਟਿੰਗ ਰੂਪੀ ਸੁਫ਼ਨੇ ਨੂੰ ਸਫ਼ਲਤਾਪੂਰਵਕ ਸਾਕਾਰ ਕਰਨ ਵਿਚ ਮਦਦ ਮਿਲ ਰਹੀ ਹੈ।
ਉਨ੍ਹਾਂ ਨੇ ਕਿਹਾ ਕਿ ਥੋੜੇ ਜਿਹੇ ਸਮੇਂ ਵਿਚ ਇਸ ਖੇਤਰ ਵਿਚ ਹਾਸਿਲ ਕੀਤੀਆਂ ਅਪਾਰ ਅਦਾਕਾਰੀ ਪ੍ਰਾਪਤੀਆਂ ਦਾ ਸਿਹਰਾ ਉਹ ਆਪਣੇ ਪਤੀ ਪਰਮਿੰਦਰ ਵਿੱਕੀ ਅਤੇ ਪੂਰੇ ਪਰਿਵਾਰ ਨੂੰ ਦੇਣਾ ਚਾਹੇਗੀ, ਜਿੰਨ੍ਹਾਂ ਵੱਲੋਂ ਇਸ ਦਿਸ਼ਾ ਵਿਚ ਅੱਗੇ ਵਧਣ ਦੇ ਦਿੱਤੇ ਹੌਂਸਲੇ ਦੀ ਬਦੌਲਤ ਹੀ ਉਹ ਆਪਣੀ ਇਸ ਕਰਮਭੂਮੀ ਵਿਚ ਕੁਝ ਕਰ ਗੁਜ਼ਰਨ ਦਾ ਹੀਆ ਕਰ ਪਾ ਰਹੀ ਹੈ।
ਹਾਲ ਹੀ ਵਿਚ ਆਨਏਅਰ ਰਹੇ ਅਤੇ ਮਕਬੂਲੀਅਤ ਦੇ ਨਵੇਂ ਆਯਾਮ ਕਾਇਮ ਕਰ ਚੁੱਕੇ ਸੀਰੀਅਲ 'ਵੰਗਾਂ' ਵਿਚ ਪ੍ਰਭਾਵੀ ਕਿਰਦਾਰ ਅਦਾ ਕਰ ਚੁੱਕੀ ਅਦਾਕਾਰਾ ਕੇ ਪ੍ਰੀਤ ਕਿਰਨ ਅਨੁਸਾਰ ਆਉਣ ਵਾਲੇ ਦਿਨ੍ਹਾਂ ਵਿਚ ਵੀ ਆਪਣੇ ਕਈ ਹੋਰ ਪ੍ਰੋਜੈਕਟਾਂ ਜਿਸ ਵਿਚ ਪੰਜਾਬੀ ਫਿਲਮਾਂ, ਮਿਊਜ਼ਿਕ ਵੀਡੀਓਜ਼ ਅਤੇ ਛੋਟੇ ਪਰਦੇ ਲਈ ਕੁਝ ਸੀਰੀਅਲਜ਼ ਸ਼ਾਮਿਲ ਹਨ, ਜਿਹਨਾਂ ਦੁਆਰਾ ਉਹ ਦਰਸ਼ਕਾਂ ਦੇ ਸਨਮੁੱਖ ਹੋਵੇਗੀ।