ਫਰੀਦਕੋਟ: ਬਾਲੀਵੁੱਡ ਦੇ ਦਿੱਗਜ ਅਤੇ ਬੇਹਤਰੀਨ ਅਦਾਕਾਰ ਵਜੋਂ ਆਪਣਾ ਸ਼ੁਮਾਰ ਕਰਵਾਉਂਦੇ ਅਦਾਕਾਰ ਸ਼ਰਤ ਸਕਸੈਨਾ ਹਿੰਦੀ ਸਿਨੇਮਾ ਦੀਆਂ ਬੇਸ਼ੁਮਾਰ ਸਫ਼ਲ ਅਤੇ ਚਰਚਿਤ ਫਿਲਮਾਂ ਦਾ ਹਿੱਸਾ ਰਹਿ ਚੁੱਕੇ ਹਨ। ਅਦਾਕਾਰ ਸ਼ਰਤ ਸਕਸੈਨਾ ਦੀਆਂ ਬਹੁਤ ਸਾਰੀਆਂ ਫਿਲਮਾਂ ਕਾਮਯਾਬ ਰਹੀਆਂ ਹਨ। ਮਾਇਆਨਗਰੀ ਮੁੰਬਈ 'ਚ ਆਪਣਾ ਸਿਨੇਮਾ ਸਫ਼ਰ ਸਫਲਤਾ-ਪੂਰਵਕ ਹੰਢਾ ਚੁੱਕੇ ਦਿੱਗਜ਼ ਅਦਾਕਾਰ ਅਮਿਤਾਭ ਬੱਚਨ, ਧਰਮਿੰਦਰ, ਜਤਿੰਦਰ, ਸ਼ਤਰੂਘਨ ਸਿਨਹਾ, ਸਵ: ਦੇਵ ਆਨੰਦ, ਰਾਜੇਸ਼ ਖੰਨਾ, ਦਲੀਪ ਕੁਮਾਰ ਤੋ ਇਲਾਵਾ ਸੰਜੇ ਦੱਤ, ਸਨੀ ਦਿਓਲ, ਚੰਕੀ ਪਾਂਡੇ, ਅਕਸ਼ੈ ਕੁਮਾਰ, ਸੁਨੀਲ ਸ਼ੈਟੀ ਆਦਿ ਜਿਹੇ ਕਈ ਉੱਚਕੋਟੀ ਸਿਨੇਮਾ ਸਟਾਰਜ਼ ਦੇ ਨਾਲ-ਨਾਲ ਅਜੋਕੀ ਪੀੜੀ ਦੇ ਵੀ ਬੇਸ਼ੁਮਾਰ ਸਿਤਾਰਿਆਂ ਨਾਲ ਅਹਿਮ ਅਤੇ ਲੀਡ ਭੂਮਿਕਾਵਾਂ ਨਿਭਾ ਚੁੱਕੇ ਹਨ। ਉਨ੍ਹਾਂ ਦੀ ਹਰ ਫ਼ਿਲਮ ਪ੍ਰਭਾਵਸ਼ਾਲੀ ਅਦਾਕਾਰੀ ਦਾ ਅਹਿਸਾਸ ਕਰਵਾਉਣ ਵਿੱਚ ਸਫ਼ਲ ਰਹੀ ਹੈ।
ਹਿੰਦੀ ਦੇ ਨਾਲ-ਨਾਲ ਤਮਿਲ, ਤੇਲਗੂ ਫਿਲਮਾਂ ਵਿੱਚ ਵੀ ਆਪਣੀ ਅਦਾਕਾਰੀ ਕਾਇਮ ਕਰ ਚੁੱਕੇ ਅਦਾਕਾਰ ਹੁਣ ਪੰਜਾਬੀ ਫ਼ਿਲਮ ਨਿਰਦੇਸ਼ਕ ਵਕੀਲ ਸਿੰਘ ਵੱਲੋਂ ਬਣਾਈ ਜਾ ਰਹੀ ਉਨ੍ਹਾਂ ਦੀ ਪਹਿਲੀ ਫਿਲਮ 'ਪੂਨੀਆ ਕੀ ਦੁਨੀਆ' ਵਿੱਚ ਵੀ ਲੀਡ ਭੂਮਿਕਾ ਨਿਭਾਉਣ ਜਾ ਰਹੇ ਹਨ। ਇਸ ਫਿਲਮ ਦੀ ਸ਼ੂਟਿੰਗ ਲੰਡਨ ਦੀਆਂ ਵੱਖ-ਵੱਖ ਲੋਕੇਸ਼ਨਾਂ 'ਤੇ ਤੇਜ਼ੀ ਨਾਲ ਪੂਰੀ ਕੀਤੀ ਜਾ ਰਹੀ ਹੈ। 'ਜੈਨਟੈਂਗਲ ਲਿਮਿਟਡ, ਬਲੋਮ ਏਜ਼ ਵੈਂਚਰ ਅਤੇ ਕਸ਼ਿਸ਼ ਖਾਨ ਪ੍ਰੋਡੋਕਸ਼ਨਜ਼' ਵੱਲੋਂ ਬਣਾਈ ਜਾ ਰਹੀ ਇਸ ਫ਼ਿਲਮ ਵਿੱਚ ਜਿੰਮੀ ਸ਼ੇਰਗਿੱਲ, ਐਲੀ ਅਵਰਾਮ ਅਤੇ ਪੂਨਮ ਢਿੱਲੋ ਲੀਡ ਭੂਮਿਕਾਵਾਂ ਅਦਾ ਕਰ ਰਹੇ। ਇਨ੍ਹਾਂ ਤੋਂ ਇਲਾਵਾ, ਹਿੰਦੀ ਸਿਨੇਮਾ ਦੇ ਕਈ ਹੋਰ ਮੰਨੇ-ਪ੍ਰਮੰਨੇ ਚਿਹਰੇ ਵੀ ਇਸ ਫਿਲਮ ਵਿੱਚ ਮਹੱਤਵਪੂਰਨ ਕਿਰਦਾਰਾਂ 'ਚ ਨਜ਼ਰ ਆਉਣਗੇ।
ਅਪਣੀ ਨਵੀਂ ਫ਼ਿਲਮ ਦੀ ਸ਼ੂਟਿੰਗ ਵਿੱਚ ਮਸ਼ਰੂਫ਼ ਅਦਾਕਾਰ ਨੇ ਦੱਸਿਆ ਕਿ ਇਹ ਫਿਲਮ ਪੰਜਾਬੀ ਬੈਕਡਰਾਪ 'ਤੇ ਆਧਾਰਿਤ ਹੈ। ਇਸ ਫਿਲਮ ਵਿੱਚ ਪਰਿਵਾਰਿਕ ਕਹਾਣੀ ਦੇ ਨਾਲ-ਨਾਲ ਦਿਲਚਸਪ ਅਤੇ ਕਾਮੇਡੀ ਦੇ ਰੰਗ ਵੀ ਸ਼ਾਮਿਲ ਕੀਤੇ ਗਏ ਹਨ। ਉਨ੍ਹਾਂ ਨੇ ਕਿਹਾ ਕਿ ਇਸ ਫ਼ਿਲਮ ਵਿੱਚ ਉਨਾਂ ਦਾ ਕਿਰਦਾਰ ਹੁਣ ਤੱਕ ਦੇ ਨਿਭਾਏ ਗਏ ਸਾਰੇ ਨੈਗੇਟਿਵ ਕਿਰਦਾਰਾਂ ਨਾਲੋਂ ਕਾਫ਼ੀ ਵੱਖਰੇ ਹਨ। ਇਸ ਕਿਰਦਾਰ ਨੂੰ ਨਿਭਾਉਣਾ ਉਨ੍ਹਾਂ ਨੂੰ ਕਾਫ਼ੀ ਚੰਗਾ ਲੱਗ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਇਸ ਫਿਲਮ ਦੇ ਨਿਰਦੇਸ਼ਕ ਵਕੀਲ ਸਿੰਘ ਦੀ ਚਾਹੇ ਇਹ ਬਤੌਰ ਨਿਰਦੇਸ਼ਕ ਪਹਿਲੀ ਹਿੰਦੀ ਫਿਲਮ ਹੈ, ਪਰ ਉਹ ਆਪਣਾ ਕੰਮ ਬਹੁਤ ਹੀ ਬੇਹਤਰੀਨ ਅਤੇ ਪ੍ਰਭਾਵੀ ਢੰਗ ਨਾਲ ਮੁਕੰਮਲ ਕਰ ਰਹੇ ਹਨ।