ਚੰਡੀਗੜ੍ਹ: ਪੰਜਾਬੀ ਸਿਨੇਮਾ ਵਿੱਚ ਅਦਾਕਾਰ ਦੇ ਤੌਰ 'ਤੇ ਬਹੁਤ ਹੀ ਸ਼ਾਨਦਾਰ ਮੁਕਾਮ ਅਤੇ ਵਜ਼ੂਦ ਹਾਸਿਲ ਕਰਨ ਵਿਚ ਸਫ਼ਲ ਰਹੇ ਹਨ ਅਦਾਕਾਰ ਰਾਜ ਸਿੰਘ ਝਿੰਜਰ (Raj Singh Jhinjar), ਜੋ ਹੁਣ ਲੇਖਕ ਦੇ ਤੌਰ 'ਤੇ ਆਪਣੀ ਨਵੀਂ ਸਿਨੇਮਾ ਪਾਰੀ ਦਾ ਆਗਾਜ਼ ਕਰਨ ਜਾ ਰਹੇ ਹਨ, ਜਿੰਨ੍ਹਾਂ ਵੱਲੋਂ ਲਿਖੀ ਪੰਜਾਬੀ ਵੈੱਬ-ਸੀਰੀਜ਼ ‘ਡਰੀਮਲੈਂਡ’ ਜਲਦ ਰਿਲੀਜ਼ ਹੋਣ ਜਾ ਰਹੀ ਹੈ।
‘ਬਰਾਊਨ ਸਟਰਿੰਗ ਰਿਕਾਰਡਜ਼’ ਦੇ ਬੈਨਰ ਹੇਠ ਬਣੀ ਇਸ ਵੈੱਬ-ਸੀਰੀਜ਼ ਦਾ ਨਿਰਦੇਸ਼ਨ ਡਿੰਪਲ ਭੁੱਲਰ ਕਰ ਰਹੇ ਹਨ, ਜਦਕਿ ਸਹਿ ਲੇਖਨ ਦੀ ਜਿੰਮੇਵਾਰੀ ਗੁਰਦੀਪ ਮਨਾਲਿਆ ਦੁਆਰਾ ਸੰਭਾਲੀ ਗਈ ਹੈ। ਓਟੀਟੀ ਪਲੇਟਫ਼ਾਰਮ 'ਤੇ ਆਨ ਸਟਰੀਮ ਹੋਣ ਜਾ ਰਹੀ ਇਸ ਫਿਲਮ ਵਿਚ ਰਾਜ ਸਿੰਘ ਝਿੰਜਰ (Raj Singh Jhinjar web series) ਲੀਡ ਭੂਮਿਕਾ ਵਿਚ ਵੀ ਨਜ਼ਰ ਆਉਣਗੇ, ਜਿੰਨ੍ਹਾਂ ਤੋਂ ਇਲਾਵਾ ਫਿਲਮ ਦੀ ਸਟਾਰ-ਗੁਰਦੀਪ ਮਨਾਲਿਆ, ਸੰਨੀ ਕਾਹਲੋਂ, ਰਮਨ ਸ਼ੇਰਗਿੱਲ, ਰੀਤ ਸੋਹਲ, ਜਤਿੰਦਰ ਜਤਿਨ ਸ਼ਰਮਾ, ਨਵਦੀਪ ਰਾਏਪੁਰੀ, ਦੀਪ ਮਨਦੀਪ, ਸਤਵੰਤ ਕੌਰ, ਅਮਨ ਬੱਲ, ਗੱਗ ਬਰਾੜ, ਹਰਦੀਪ ਡੀ ਰਾਜ, ਰਾਜ ਜੋਸ਼ੀ, ਰਮਨ ਚਿਰਾਹੀ, ਸੰਤੋਸ਼ ਗਿੱਲ, ਅਰਸ਼ ਮੰਗਤ ਆਦਿ ਵੀ ਸ਼ਾਮਿਲ ਹਨ।

ਰੋਮਾਟਿਕ, ਐਕਸ਼ਨ, ਡ੍ਰਾਮੈਟਿਕ ਕਹਾਣੀ ਆਧਾਰਿਤ ਇਸ ਫਿਲਮ ਦਾ ਨਿਰਮਾਣ ਅਰਸ਼ ਸੰਧੂ, ਵਿੱਕੀ ਡੱਬਵਾਲੀ ਨੇ ਕੀਤਾ ਹੈ, ਜਦਕਿ ਇਸ ਦੇ ਕਾਰਜਕਾਰੀ ਨਿਰਮਾਤਾ ਰਿਤੀਸ਼ ਸਿੰਘਾਲ ਅਤੇ ਸਿਨੇਮਾਟੋਗ੍ਰਾਫ਼ਰ ਅਨਿਲ ਦੈਵਾਥ ਹਨ। ਪੰਜਾਬੀ ਫਿਲਮ ਇੰਡਸਟਰੀ ਵਿਚ ਵੱਖ-ਵੱਖ ਸੇਡਜ਼ ਦਾ ਹਰ ਕਿਰਦਾਰ ਪ੍ਰਭਾਵੀ ਰੂਪ ਵਿਚ ਕਰਨ ਵਾਲੇ ਅਦਾਕਾਰ ਵਜੋਂ ਆਪਣੀ ਸਫ਼ਲ ਮੌਜੂਦਗੀ ਦਾ ਇਜ਼ਹਾਰ ਲਗਾਤਾਰ ਕਰਵਾ ਰਹੇ ਅਦਾਕਾਰ ਰਾਜ ਸਿੰਘ ਝਿੰਜਰ ਨੂੰ ਆਪਣੇ ਹੁਣ ਤੱਕ ਦੇ ਕਰੀਅਰ ਵਿਚ ਕਈ ਉਤਰਾਅ ਚੜ੍ਹਾਅ ਭਰੇ ਪੜ੍ਹਾਵਾਂ ਵਿਚੋਂ ਗੁਜ਼ਰਨਾ ਪਿਆ ਹੈ।

ਨਿਰਦੇਸ਼ਕ ਰਾਜੀਵ ਕੁਮਾਰ ਦੀ ਆਫ਼ ਬੀਟ ਫਿਲਮ ‘ਨਾਦਰ’ ਅਤੇ ਮਨਜੀਤ ਮਾਨ ਨਿਰਦੇਸ਼ਿਤ ਚਰਚਿਤ ਫਿਲਮ ‘ਦਿਲ ਵਿਲ ਪਿਆਰ ਵਿਆਰ’ ਨਾਲ ਪੰਜਾਬੀ ਸਿਨੇਮਾ ਦਾ ਸ਼ਾਨਦਾਰ ਹਿੱਸਾ ਬਣੇ ਇਹ ਹੋਣਹਾਰ ਅਦਾਕਾਰ ਹੁਣ ਤੱਕ ਕਈ ਵੱਡੀਆਂ ਅਤੇ ਸਫ਼ਲ ਫਿਲਮਾਂ ਵਿਚ ਆਪਣੀ ਨਾਯਾਬ ਅਦਾਕਾਰੀ ਦਾ ਲੋਹਾ ਮੰਨਵਾ ਚੁੱਕੇ ਹਨ, ਜਿੰਨ੍ਹਾਂ ਵਿਚ ‘ਹਰਜੀਤਾ’, ‘ਡਾਕੂਆਂ ਦਾ ਮੁੰਡਾ’, ‘ਬੱਬਰ’, ‘ਸਿਕੰਦਰ’, ‘ਡਾਕੂਆਂ ਦਾ ਮੁੰਡਾ 2’ ਅਤੇ ਹਾਲੀਆ ਰਿਲੀਜ਼ ‘ਬੱਲੇ ਓ ਚਾਲਾਕ ਸੱਜਣਾਂ’ ਆਦਿ ਰਹੀਆਂ ਹਨ।

ਪੰਜਾਬੀ ਫਿਲਮਾਂ ਦੇ ਨਾਲ-ਨਾਲ ਵੈੱਬ ਸੀਰੀਜ਼ (Raj Singh Jhinjar web series) ਦਾ ਵੀ ਵੱਡਾ ਨਾਂਅ ਬਣਨ ਵੱਲ ਵੱਧ ਰਹੇ ਅਦਾਕਾਰ ਅਤੇ ਲੇਖਕ ਰਾਜ ਸਿੰਘ ਝਿੰਜਰ ਅਨੁਸਾਰ ਉਨਾਂ ਦਾ ਕੋਈ ਵੀ ਪ੍ਰੋਜੈਕਟ ਚਾਹੇ ਉਹ ਫਿਲਮ ਹੋਵੇ ਜਾਂ ਫਿਰ ਵੈੱਬ ਸੀਰੀਜ਼, ਉਹ ਆਪਣਾ ਸੋ ਫੀਸਦੀ ਦੇਣਾ ਉਨਾਂ ਦੀ ਵਿਸ਼ੇਸ਼ ਤਰਜੀਹ ਰਹਿੰਦੀ ਹੈ। ਇਸ ਦੇ ਇਲਾਵਾ ਫ਼ਾਰਮੂਲਾ ਫਿਲਮਾਂ ਦਾ ਹਿੱਸਾ ਬਣਨਾ ਵੀ ਉਨਾਂ ਕਦੇ ਗਵਾਰਾ ਨਹੀਂ ਕੀਤਾ ਅਤੇ ਨਾਂ ਹੀ ਅੱਗੇ ਉਹ ਕਰਨਗੇ, ਕਿਉਂਕਿ ਸਫ਼ਲਤਾ ਲਈ ਸ਼ਾਰਟ ਕੱਟ ਅਪਨਾਉਣਾ ਉਨਾਂ ਦੀ ਜ਼ਿੰਦਗੀ ਅਤੇ ਕਰੀਅਰ ਦਾ ਕਦੇ ਮਨੋਰਥ ਨਹੀਂ ਰਿਹਾ। ਉਨ੍ਹਾਂ ਕਿਹਾ ਕਿ ਲੇਖਕ ਦੇ ਤੌਰ 'ਤੇ ਰਿਲੀਜ਼ ਹੋਣ ਵਾਲੀ ਉਕਤ ਵੈੱਬ-ਸੀਰੀਜ਼ ਵਿਚ ਆਮ ਫਿਲਮਾਂ ਨਾਲ ਦਰਸ਼ਕਾਂ ਨੂੰ ਵਿਲੱਖਣ ਅਤੇ ਪੰਜਾਬੀਅਤ ਜੜ੍ਹਾਂ ਨਾਲ ਜੁੜੀ ਕਹਾਣੀ ਵੇਖਣ ਨੂੰ ਮਿਲੇਗੀ।