ਚੰਡੀਗੜ੍ਹ: ‘ ਨੈਟਫਲਿਕਸ’ ਦੀ ਚਰਚਿਤ ਅਤੇ ਆਪਾਰ ਕਾਮਯਾਬ ਰਹੀ ਫ਼ਿਲਮ ‘ਕਲਾ’ ਨਾਲ ਆਪਣੇ ਅਭਿਨੈ ਸਫ਼ਰ ਦੀ ਸ਼ੁਰੂਆਤ ਕਰਨ ਵਾਲੇ ਅਦਾਕਾਰ ਬਾਬਿਲ ਖ਼ਾਨ ਦੀ ਕਿਸਮਤ ਚਮਕ ਪਈ ਹੈ, ਜਿੰਨ੍ਹਾਂ ਨੂੰ ਇਸ ਫ਼ਿਲਮ ਵਿਚ ਨਿਭਾਏ ਬੇਹਤਰੀਨ ਕਿਰਦਾਰ ਲਈ ‘ਜੀ ਸਿਨੇ 2023 ਬੈਸਟ ਡੈਬਿਊ ਐਵਾਰਡ’ ਨਾਲ ਨਵਾਜਿਆ ਗਿਆ ਹੈ।
ਅੰਤਰਰਾਸ਼ਟਰੀ ਸਿਨੇਮਾ ਖਿੱਤੇ ਵਿਚ ਵੱਡੇ ਸਨਮਾਨ ਵਜੋਂ ਜਾਣੇ ਜਾਂਦੇ ਇਸ ਐਵਾਰਡ ਨੂੰ ਹਾਸਿਲ ਕਰਕੇ ਬਾਬਿਲ ਕਾਫ਼ੀ ਖ਼ੁਸ਼ੀ ਮਹਿਸੂਸ ਕਰ ਰਹੇ ਹਨ, ਜਿੰਨ੍ਹਾਂ ਆਪਣੀਆਂ ਭਾਵਨਾਵਾਂ ਪ੍ਰਗਟ ਕਰਦੇ ਕਿਹਾ ਕਿ ਅਨਿਵਿਤਾ ਦੱਤ ਗੁਪਤਾਨ ਦੁਆਰਾ ਨਿਰਦੇਸ਼ਿਤ ਨੈਟਫਲੈਕਿਸ ਦੀ ਇਸ ਫ਼ਿਲਮ ‘ਕਲਾ’ ਵਿਚ ਜਗਨ ਦਾ ਕਿਰਦਾਰ ਨਿਭਾਉਣਾ ਉਨ੍ਹਾਂ ਲਈ ਇਕ ਬਹੁਤ ਹੀ ਯਾਦਗਾਰੀ ਅਤੇ ਅਨੂਠਾ ਤਜ਼ਰਬਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਲਗਨ ਅਤੇ ਜੀ ਜਾਨ ਨਾਲ ਨਿਭਾਈ ਇਸ ਭੂਮਿਕਾ ਨੂੰ ਐਨਾ ਸਰਾਹਿਆ ਜਾਣਾ ਇਹ ਵੀ ਸਾਬਿਤ ਕਰਦਾ ਹੈ ਕਿ ਕਿਸੇ ਵੀ ਕੰਮ ਲਈ ਜਨੂੰਨੀਅਤ ਨਾਲ ਆਪਣੀਆਂ ਜਿੰਮੇਵਾਰੀਆਂ ਨੂੰ ਅੰਜ਼ਾਮ ਦਿੱਤਾ ਜਾਵੇ ਤਾਂ ਮਿਹਨਤ ਜਰੂਰ ਰੰਗ ਲਿਆਉਂਦੀ ਹੈ।
ਉਨ੍ਹਾਂ ਕਿਹਾ ਕਿ ਉਕਤ ਮਿਲੇ ਮਾਣ ਨਾਲ ਮਨ ਅੰਦਰ ਜਿੱਥੇ ਆਗਾਮੀ ਸਮੇਂ ਕੁਝ ਹੋਰ ਚੰਗੇਰ੍ਹਾ ਕਰਨ ਲਈ ਉਤਸ਼ਾਹਿਤ ਪੈਦਾ ਹੋਇਆ ਹੈ, ਉਥੇ ਨਾਲ ਹੀ ਇਹ ਬਲ ਵੀ ਮਿਲਿਆ ਹੈ ਕਿ ਕੋਸ਼ਿਸ਼ਾ ਸਾਰਥਿਕ ਹੀ ਕੀਤੀਆਂ ਜਾਣ ਤਾਂ ਉਹ ਜਿਆਦਾ ਅਸਰ ਵਿਖਾਉਂਦੀਆਂ ਹਨ ਅਤੇ ਤੁਹਾਡੀ ਕਲਾ ਅਤੇ ਦਾਇਰੇ ਨੂੰ ਵੀ ਪ੍ਰਫੁੱਲਿਤ ਕਰਦੀਆਂ ਹਨ।
ਉਨ੍ਹਾਂ ਕਿਹਾ ਕਿ ਇਸ ਪੁਰਸਕਾਰ ਦਾ ਸਿਹਰਾ ਉਹ ਆਪਣੇ ਕੋ ਸਟਾਰਜ਼ ਤ੍ਰਿਪਤੀ ਡਿਮਰੀ, ਸਵਿਸ਼ਤਾ ਮੁਖਰਜੀ, ਅਨੁਸ਼ਕਾ ਸ਼ਰਮਾ, ਵਰੁਨ ਗਰੋਵਰ, ਸੁਵਾਨਦ ਕਿਰਕਿਰੇ, ਗਿਰਿਜ਼ਾ ਕਾਕ, ਅਮਿਤ ਸਿਆਲ, ਸਮੀਰ ਕੋਚਰ, ਅਭਿਸ਼ੇਕ ਬੈਨਰਜ਼ੀ ਤੋਂ ਇਲਾਵਾ ਕੈਮਰਾਮੈਨ ਸਿਧਾਰਥ ਦੀਵਾਨ, ਨਿਰਮਾਤਾ ਕਰਨੇਸ਼ ਸ਼ਰਮਾ ਨੂੰ ਵੀ ਜਾਂਦਾ ਹੈ, ਜਿੰਨ੍ਹਾਂ ਸਾਰਿਆਂ ਦੇ ਸੁਮੱਚੀ ਫ਼ਿਲਮ ਨੂੰ ਪ੍ਰਭਾਵੀ ਬਣਾਉਣ ਲਈ ਕੀਤੇ ਤਰੱਦਦ ਸਦਕਾ ਹੀ ਇਸ ਨਿੱਕੀ ਉਮਰ ਵਿਚ ਹੀ ਉਨ੍ਹਾਂ ਦੇ ਅਭਿਨੈ ਕਾਰਜ ਨੂੰ ਏਨ੍ਹੀ ਜਿਆਦਾ ਮਕਬੂਲੀਅਤ ਅਤੇ ਮਾਨਤਾ ਮਿਲ ਗਈ ਹੈ।
ਉਨ੍ਹਾਂ ਅੱਗੇ ਕਿਹਾ ਕਿ ‘ਕਲਾ’ ਵਰਗੀ ਸਾਰਥਿਕ ਅਤੇ ਅਰਥਭਰਪੂਰ ਫ਼ਿਲਮ ਪਰੀਯੋਜਨਾ ਵਿਚ ਕੰਮ ਕਰਨ ਦਾ ਅਵਸਰ ਮਿਲਣਾ ਵੀ ਉਨ੍ਹਾਂ ਲਈ ਬੇਹੱਦ ਫ਼ਖਰ ਵਾਲੀ ਗੱਲ ਵਾਂਗ ਰਿਹਾ ਸੀ, ਉਸ ਉਪਰੰਤ ਇਹ ਐਵਾਰਡ ਮਿਲ ਜਾਣਾ ਤਾਂ ਸੋਨੇ 'ਤੇ ਸੁਹਾਗੇ ਵਾਂਗ ਰਿਹਾ ਹੈ। ਉਨ੍ਹਾਂ ਕਿਹਾ ਕਿ ਮਿਲੇ ਇਸ ਮਾਣ ਲਈ ਲੇਖਨ ਅਤੇ ਕ੍ਰਿਏਟਿਵ ਟੀਮ ਦਾ ਵੀ ਅਹਿਮ ਯੋਗਦਾਨ ਰਿਹਾ ਹੈ, ਜਿੰਨਾਂ ਦੇ ਸਾਥ ਨਾਲ ਹੀ ਪਰਦੇ ਵਿਚ ਜਗਨ ਦੇ ਕਿਰਦਾਰ ਨੂੰ ਜੀਵੰਤ ਕਰਨ ਵਿਚ ਮਦਦ ਮਿਲੀ।
ਉਨ੍ਹਾਂ ਕਿਹਾ ਕਿ ਇਸ ਕਿਰਦਾਰ ਨੂੰ ਨਿਭਾਉਣ ਤੋਂ ਪਹਿਲਾਂ ਉਨ੍ਹਾਂ ਇਸ ਦੀਆਂ ਸੱਚਾਈਆਂ ਨੂੰ ਬਾਰੀਕੀਆਂ ਨੂੰ ਵੀ ਨੇੜਿਓ ਜਾਣਿਆਂ, ਜਿਸ ਦੇ ਮੱਦੇਨਜ਼ਰ ਹੀ ਉਨ੍ਹਾਂ ਨੂੰ ਇਸ ਭੂਮਿਕਾ ਨੂੰ ਏਨ੍ਹੀ ਗਹਿਰਾਈ ਨਾਲ ਨਿਭਾਉਣ ਵਿਚ ਮਦਦ ਮਿਲ ਸਕੀ। ਮੂਲ ਰੂਪ ਵਿਚ ਮੁੰਬਈ ਮਹਾਰਾਸ਼ਟਰ ਨਾਲ ਸਬੰਧਤ ਇਸ ਹੋਣਹਾਰ ਐਕਟਰ ਦੇ ਹੁਣ ਤੱਕ ਦੇ ਹੋਰਨਾਂ ਪ੍ਰੋਜੈਕਟਾਂ ਵਿਚ ਲਘੂ ਫ਼ਿਲਮਜ਼ ‘ਦਾ ਮਾਟਰੈਸ ਮੈਨ’, ‘ਦਾ ਰੇਲਵੇ ਮੈਨ’ ਆਦਿ ਵੀ ਸ਼ਾਮਿਲ ਰਹੀਆਂ ਹਨ।
ਇਹ ਵੀ ਪੜ੍ਹੋ:Punjabi Movies in April 2023: ਮਾਰਚ ਤੋਂ ਬਾਅਦ ਅਪ੍ਰੈਲ 'ਚ ਵੀ ਡਬਲ ਧਮਾਕਾ, ਰਿਲੀਜ਼ ਹੋਣਗੀਆਂ ਇਹ ਪੰਜਾਬੀ ਫਿਲਮਾਂ