ਨਵੀਂ ਦਿੱਲੀ : ਲੋਕ ਸਭਾ ਚੋਣਾਂ ਦਾ ਪਹਿਲਾ ਗੇੜ 11 ਅਪ੍ਰੈਲ ਨੂੰ ਹੈ। ਇਸ ਦੇ ਲਈ ਹੋਣ ਵਾਲਾ ਚੋਣ ਪ੍ਰਚਾਰ ਮੰਗਲਵਾਰ ਨੂੰ ਬੰਦ ਹੋ ਚੁੱਕਾ ਹੈ। ਲੋਕ ਸਭਾ ਚੋਣਾਂ ਦੇ ਪਹਿਲੇ ਗੇੜ ਵਿੱਚ ਦੇਸ਼ ਦੇ 20 ਸੂਬਿਆਂ ਦੀਆਂ 91 ਲੋਕ ਸਭਾ ਸੀਟਾਂ ਲਈ ਵੋਟਾਂ ਪੈਣਗੀਆਂ।
ਚੋਣ ਕਮਿਸ਼ਨ ਵੱਲੋਂ ਮਿਲੀ ਜਾਣਕਾਰੀ ਮੁਤਾਬਕ ਪਹਿਲੇ ਗੇੜ ਲਈ ਕੁੱਲ ਉਮੀਦਵਾਰਾਂ ਦੀ ਗਿਣਤੀ 1,279 ਹੈ। ਪਹਿਲੇ ਗੇੜ ਦੀਆਂ 91 ਸੀਟਾਂ ਲਈ ਵੋਟਿੰਗ ਪ੍ਰਕਿਰਿਆ ਭਲਕੇ ਸਵੇਰੇ 7 ਵਜੇ ਤੋਂ ਸ਼ੁਰੂ ਹੋਵੇਗੀ। ਇਸ ਵਿੱਚ ਕੁੱਝ ਸੀਟਾਂ ਉੱਤੇ ਸ਼ਾਮ ਦੇ 6 ਵਜੇ ਤੱਕ ਵੋਟਿੰਗ ਕੀਤੀ ਜਾ ਸਕੇਗੀ।
ਚੋਣ ਨਿਯਮਾਂ ਦੇ ਮੁਤਾਬਕ ਵੋਟਿੰਗ ਸ਼ੁਰੂ ਹੋਣ ਤੋਂ 48 ਘੰਟੇ ਪਹਿਲਾਂ ਪ੍ਰਚਾਰ ਬੰਦ ਹੋ ਜਾਂਦਾ ਹੈ। ਇਸ ਨਿਯਮ ਦੇ ਮੁਤਾਬਕ ਜਿਨ੍ਹਾਂ ਸੀਟਾਂ ਉੱਤੇ ਸ਼ਾਮ 4 ਵਜੇ ਤੱਕ ਵੋਟਿੰਗ ਹੋਵੇਗੀ ਉਨ੍ਹਾਂ ਦਾ ਪ੍ਰਚਾਰ ਮੰਗਲਵਾਰ ਨੂੰ ਨੂੰ ਬੰਦ ਹੋ ਚੁੱਕਾ ਹੈ। ਇਸ ਇਲਾਵਾ ਜਿਨ੍ਹਾਂ ਸੀਟਾਂ ਉੱਤੇ ਸ਼ਾਮ ਦੇ 5 ਅਤੇ 6 ਵਜੇ ਤੱਕ ਵੋਟਿੰਗ ਹੋਵੇਗੀ ਉਨ੍ਹਾਂ ਸੀਟਾਂ ਤੇ ਮੰਗਲਵਾਰ ਸ਼ਾਮ 5 ਅਤੇ 6 ਵਜੇ ਪ੍ਰਚਾਰ ਮੁੱਕ ਗਿਆ ਹੈ।
ਲੋਕ ਸਭਾ ਚੋਣਾਂ ਦੇ ਪਹਿਲੇ ਗੇੜ ਵਿੱਚ ਉੱਤਰ ਪ੍ਰਦੇਸ਼ ਦੀਆਂ 8 ਲੋਕ ਸਭਾ ਸੀਟਾਂ (ਸਹਾਰਨਪੁਰ, ਕੈਰਾਨਾ, ਮੁਜ਼ਫਰਨਗਰ, ਬਿਜਨੌਰ, ਮੇਰਠ, ਬਾਗਪਤ, ਗਜ਼ਿਆਬਾਦ ਅਤੇ ਨੋਇਡਾ) ਲਈ ਵੋਟਾਂ ਪੈਣਗੀਆਂ। ਇਥੇ ਸਵੇਰੇ 7 ਤੋਂ ਸ਼ਾਮ 6 ਵਜੇ ਤੱਕ ਵੋਟਿੰਗ ਹੋਵੇਗੀ। ਬਿਹਾਰ ਦੀਆਂ ਚਾਰ ਸੀਟਾਂ (ਔਰੰਗਾਬਾਦ,ਗਯਾ,ਨਵਾਦਾ ਅਤੇ ਜਮੂਈ) ਉੱਤੇ ਸਵੇਰੇ 7 ਵਜੇ ਤੋਂ ਸ਼ਾਮ 4 ਵਜੇ ਤੱਕ ਵੋਟਿੰਗ ਹੋਵੇਗੀ। ਇਸ ਤੋਂ ਇਲਾਵਾ ਆਂਧਰ ਪ੍ਰਦੇਸ਼ ਦੀਆਂ 25 ਸੀਟਾਂ ਤੇ ਤੇਲੰਗਾਨਾ ਦੀਆਂ ਕੁੱਲ 17 ਸੀਟਾਂ ਤੇ ਵੋਟਿੰਗ ਹੋਵੇਗੀ।