ਬਹਾਦੁਰਗੜ੍ਹ: ਕੁੰਡਲੀ ਮਾਨੇਸਰ ਪਲਵਲ ਐਕਸਪ੍ਰੈਸ ਵੇਅ 'ਤੇ ਵੀਰਵਾਰ ਸਵੇਰੇ ਬਹੁਤ ਹੀ ਦਰਦਨਾਕ ਹਾਦਸਾ ਸਾਹਮਣੇ ਆਇਆ ਹੈ। ਇੱਥੇ ਤੇਜ਼ ਰਫ਼ਤਾਰ ਟਰੱਕ ਨੇ ਸੜਕ ਕਿਨਾਰੇ ਸੁੱਤੇ ਪਏ ਮਜ਼ਦੂਰਾਂ ਨੂੰ ਕੁਚਲ ਦਿੱਤਾ। ਇਸ ਹਾਦਸੇ 'ਚ 3 ਮਜ਼ਦੂਰਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਜਦਕਿ 11 ਮਜ਼ਦੂਰ ਜ਼ਖਮੀ ਹੋ ਗਏ। ਇਨ੍ਹਾਂ ਮਜ਼ਦੂਰਾਂ ਵਿੱਚੋਂ ਕੁਝ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਹਾਦਸੇ ਵਿੱਚ ਜ਼ਖਮੀ ਹੋਏ 10 ਮਜ਼ਦੂਰਾਂ ਨੂੰ ਇਲਾਜ ਲਈ ਪੀਜੀਆਈ ਰੋਹਤਕ ਰੈਫਰ ਕਰ ਦਿੱਤਾ ਗਿਆ ਹੈ। ਜਦਕਿ 1 ਜ਼ਖਮੀ ਨੂੰ ਇਲਾਜ ਲਈ ਬਹਾਦਰਗੜ੍ਹ ਦੇ ਟਰਾਮਾ ਸੈਂਟਰ 'ਚ ਦਾਖਲ ਕਰਵਾਇਆ ਗਿਆ।
ਕੇਐਮਪੀ ਐਕਸਪ੍ਰੈਸ ਵੇਅ ’ਤੇ ਹੋਏ ਇਸ ਹਾਦਸੇ ਬਾਰੇ ਜਾਣਕਾਰੀ ਦਿੰਦਿਆਂ ਐਸਪੀ ਨੇ ਦੱਸਿਆ ਕਿ ਹਾਦਸੇ ਦਾ ਸ਼ਿਕਾਰ ਹੋਏ ਸਾਰੇ ਲੋਕ ਕੇਐਮਪੀ ’ਤੇ ਪੁਲਾਂ ਦੀ ਮੁਰੰਮਤ ਦਾ ਕੰਮ ਕਰਦੇ ਸਨ। ਦੇਰ ਸ਼ਾਮ ਤੱਕ ਕੰਮ ਖਤਮ ਕਰਨ ਤੋਂ ਬਾਅਦ ਮਜ਼ਦੂਰ ਥੱਕ ਕੇ ਸੜਕ ਕਿਨਾਰੇ ਹੀ ਸੌਂ ਗਏ। ਸੌਣ ਤੋਂ ਪਹਿਲਾਂ ਸੜਕ ਦੇ ਇੱਕ ਪਾਸੇ ਬੈਰੀਕੇਡਿੰਗ ਵੀ ਕੀਤੀ ਗਈ। ਰਿਫਲੈਕਟਰ ਵੀ ਲਗਾਏ ਗਏ ਸਨ ਪਰ ਇੱਕ ਤੇਜ਼ ਰਫ਼ਤਾਰ ਟਰੱਕ ਨੇ ਸਾਰੇ ਬੈਰੀਕੇਡ ਤੋੜਦੇ ਹੋਏ ਇਨ੍ਹਾਂ ਮਜ਼ਦੂਰਾਂ ਨੂੰ ਲਤਾੜ ਦਿੱਤਾ। ਮਜ਼ਦੂਰਾਂ ਨੂੰ ਕੁਚਲਣ ਤੋਂ ਬਾਅਦ ਤੇਜ਼ ਰਫ਼ਤਾਰ ਟਰੱਕ ਐਕਸਪ੍ਰੈੱਸ ਵੇਅ 'ਤੇ ਪਲਟ ਗਿਆ। ਹਾਦਸੇ ਤੋਂ ਬਾਅਦ ਟਰੱਕ ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ। ਹਾਦਸੇ ਦਾ ਸ਼ਿਕਾਰ ਹੋਏ ਸਾਰੇ ਮਜ਼ਦੂਰ ਉੱਤਰ ਪ੍ਰਦੇਸ਼ ਦੇ ਕਾਨਪੁਰ ਦੇ ਰਹਿਣ ਵਾਲੇ ਹਨ। ਇਹ ਸਾਰੇ 2 ਮਹੀਨਿਆਂ ਤੋਂ KMP 'ਤੇ ਕੰਮ ਕਰ ਰਹੇ ਸਨ।
ਇਹ ਦੱਸਿਆ ਜਾ ਰਿਹਾ ਹੈ ਕਿ ਹਾਦਸਾ ਵੀਰਵਾਰ ਸਵੇਰੇ 5.30 ਤੋਂ 6 ਵਜੇ ਦੇ ਦਰਮਿਆਨ ਵਾਪਰਿਆ। ਹਾਦਸੇ 'ਚ ਜ਼ਖਮੀ ਹੋਏ ਕੁਝ ਮਜ਼ਦੂਰਾਂ ਨੇ ਦੱਸਿਆ ਕਿ ਤੇਜ਼ ਰਫਤਾਰ 'ਚ ਟਰੱਕ ਉਨ੍ਹਾਂ ਨੂੰ ਕੁਚਲਦਾ ਹੋਇਆ ਕੁਝ ਦੂਰੀ 'ਤੇ ਪਲਟ ਗਿਆ। ਹਾਦਸੇ ਤੋਂ ਬਾਅਦ ਚਾਰੇ ਪਾਸੇ ਚੀਕ-ਚਿਹਾੜਾ ਮਚ ਗਿਆ। ਹਾਦਸੇ ਦੀ ਸੂਚਨਾ ਮਿਲਦੇ ਹੀ ਪੁਲਿਸ ਮੌਕੇ 'ਤੇ ਪਹੁੰਚੀ ਅਤੇ ਜ਼ਖਮੀਆਂ ਨੂੰ ਹਸਪਤਾਲ ਪਹੁੰਚਾਇਆ। ਫਿਲਹਾਲ ਪੁਲਿਸ ਮਾਮਲੇ ਦੀ ਜਾਂਚ 'ਚ ਜੁਟੀ ਹੋਈ ਹੈ। ਪੁਲਿਸ ਨੇ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਬਹਾਦਰਗੜ੍ਹ ਦੇ ਸਿਵਲ ਹਸਪਤਾਲ ਭੇਜ ਦਿੱਤਾ ਹੈ। ਪੁਲਿਸ ਦਾ ਕਹਿਣਾ ਹੈ ਕਿ ਘਟਨਾ ਨੂੰ ਅੰਜਾਮ ਦੇਣ ਵਾਲੇ ਟਰੱਕ ਡਰਾਈਵਰ ਦੀ ਪਛਾਣ ਕਰ ਲਈ ਗਈ ਹੈ, ਜਲਦ ਹੀ ਡਰਾਈਵਰ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।
ਇਹ ਵੀ ਪੜ੍ਹੋ: ਬੈਂਗਲੁਰੂ 'ਚ ਭਾਰੀ ਮੀਂਹ, ਮੁੱਖ ਮੰਤਰੀ ਨੇ ਰਾਹਤ ਫੰਡ ਦੇਣ ਦਾ ਕੀਤਾ ਐਲਾਨ