ਜਲੰਧਰ: ਫਗਵਾੜਾ ਵਿਖੇ ਲਘੂ ਉਦਯੋਗਪਤੀ(Small Entrepreneur at Phagwara) ਦਾ ਇਕ ਵਫਦ ਸ਼ਾਖਾ ਪ੍ਰਧਾਨ ਅਨਿਲ ਸਿੰਗਲਾ ਦੀ ਅਗਵਾਈ ਹੇਠ ਐਸ.ਡੀ.ਐਮ. ਕੁਲਪ੍ਰੀਤ ਸਿੰਘ ਨੂੰ ਉਹਨਾਂ ਦੇ ਦਫ਼ਤਰ ਤਹਿਸੀਲ ਕੰਪਲੈਕਸ ਫਗਵਾੜਾ ਵਿਖੇ ਮਿਲਿਆ। ਇਸ ਦੌਰਾਨ ਪ੍ਰਧਾਨ ਮੰਤਰੀ ਦੇ ਨਾਮ ਇਕ ਮੰਗ ਪੱਤਰ ਦਿੰਦਿਆਂ ਕਰੀਬ 29 ਲੱਖ ਰੁਪਏ ਦੀ ਠੱਗੀ ਦੇ ਸ਼ਿਕਾਰ ਬਣੇ ਉਦਯੋਗਪਤੀ ਅਸ਼ੋਕ ਗੁਪਤਾ ਅਤੇ ਪੁਨੀਤ ਗੁਪਤਾ ਨੂੰ ਨਿਆਂ ਦੀ ਮੰਗ ਕੀਤੀ ਗਈ।
ਵਧੇਰੇ ਜਾਣਕਾਰੀ ਦਿੰਦਿਆਂ ਲਘੂ ਉਦਯੋਗ ਭਾਰਤੀ ਦੇ ਸਟੇਟ ਜੁਆਇੰਟ ਸੈਕ੍ਰੇਟਰੀ ਅਸ਼ੋਕ ਸੇਠੀ ਨੇ ਦੱਸਿਆ ਕਿ ਪ੍ਰਦੀਪ ਇੰਜੀਨੀਅਰਿੰਗ ਇੰਡਸਟ੍ਰੀ ਦੇ ਮਾਲਕਾਂ ਦਾ ਐਚ.ਡੀ.ਐਫ.ਸੀ. ਬੈਂਕ ਵਿੱਚ ਖਾਤਾ ਸੀ ਅਤੇ ਇਸ ਖਾਤੇ ਵਿੱਚ 28 ਲੱਖ 84 ਹਜਾਰ 700 ਰੁਪਏ ਜਮ੍ਹਾ ਸਨ।
ਖਾਤੇ ਦੀ ਲਿਮਿਟ 6 ਲੱਖ ਰੁਪਏ ਦੀ ਸੀ। ਆਨਲਾਈਨ ਠੱਗਾਂ ਨੇ ਪਹਿਲਾਂ ਲਿਮਿਟ ਨੂੰ ਵਧਾ ਕੇ ਪੰਜਾਹ ਲੱਖ ਰੁਪਏ ਕੀਤਾ ਗਿਆ ਅਤੇ ਫਿਰ ਕੁੱਲ ਜਮ੍ਹਾ ਰਕਮ ਵਿਚੋਂ ਪੰਜ-ਪੰਜ ਲੱਖ ਕਰਕੇ 28 ਲੱਖ 84 ਹਜਾਰ ਰੁਪਏ ਕਢਵਾ ਲਏ ਗਏ। ਸਿਰਫ਼ 700 ਬੈਲੇਂਸ ਛੱਡ ਦਿੱਤਾ ਗਿਆ।
ਉਹਨਾਂ ਦੱਸਿਆ ਕਿ ਇਸ ਮਾਮਲੇ ਵਿਚ ਐਫ.ਆਈ.ਆਰ. ਦਰਜ ਕਰਵਾਉਣ ਲਈ ਵੀ ਧਰਨਾ ਲਗਾਉਣ ਲਈ ਮਜਬੂਰ ਹੋਣਾ ਪਿਆ। ਹੁਣ ਸਾਰੇ ਦਸਤਾਵੇਜ ਦੇਣ ਦੇ ਬਾਵਜੂਦ ਬੈਂਕ ਨੇ ਕੋਈ ਸਹਿਯੋਗ ਨਹੀਂ ਕੀਤਾ ਜਾ ਰਿਹਾ। ਪੀੜ੍ਹਤ ਉਦਯੋਗਪਤੀ ਪੁਨੀਤ ਗੁਪਤਾ ਅਨੁਸਾਰ ਆਰ.ਬੀ.ਆਈ. ਦੇ ਨਿਯਮਾਂ ਅਨੁਸਾਰ ਜੇਕਰ ਇਸ ਤਰ੍ਹਾਂ ਦੀ ਆਨਲਾਈਨ ਠੱਗੀ ਹੁੰਦੀ ਹੈ, ਤਾਂ 10 ਦਿਨ ਦੇ ਅੰਦਰ ਬੈਂਕ ਨੂੰ ਸੰਬੰਧਤ ਖਾਤੇ ਵਿਚ ਰਕਮ ਜਮ੍ਹਾ ਕਰਨੀ ਹੁੰਦੀ ਹੈ।
ਪਰ ਉਹਨਾਂ ਦੇ ਮਾਮਲੇ ਵਿਚ ਬੈਂਕ ਟਾਲਮਟੋਲ ਕਰ ਰਿਹਾ ਹੈ। ਉਹਨਾਂ ਦੀ ਸਾਰੀ ਜਮ੍ਹਾ ਪੁੰਜੀ ਠੱਗਾਂ ਨੇ ਹੜਪ ਕਰ ਲਈ ਗਈ ਹੈ। ਉਹਨਾਂ ਲਈ ਕਾਰੋਬਾਰ ਕਰਨਾ ਮੁਸ਼ਕਲ ਹੋ ਗਿਆ ਹੈ।
ਲਘੂ ਉਦਯੋਗ ਭਾਰਤੀ ਦੇ ਪ੍ਰਧਾਨ ਅਨਿਲ ਸਿੰਗਲਾ ਨੇ ਕਿਹਾ ਕਿ ਜੇਕਰ ਪੀੜ੍ਹਤ ਉਦਯੋਗਪਤੀ ਨੂੰ ਨਿਆਂ ਨਾ ਮਿਲਿਆ ਤਾਂ ਮਜਬੂਰਨ ਸੰਘਰਸ਼ ਦਾ ਰਸਤਾ ਅਖ਼ਤਿਆਰ ਕਰਨਾ ਪਵੇਗਾ। ਕਿਉਂਕਿ ਪਹਿਲਾਂ ਹੀ ਕੋਰੋਨਾ ਮਹਾਮਾਰੀ ਦੇ ਦੌਰ ਵਿਚ ਸਮਾਲ ਸਕੇਲ ਇੰਡਸਟ੍ਰੀ ਖ਼ਤਰੇ ਵਿਚ ਹੈ ਅਤੇ ਛੋਟੇ ਉਦਯੋਗਪਤੀਆਂ ਨੂੰ ਕਾਫੀ ਨੁਕਸਾਨ ਝੱਲਣਾ ਪੈ ਰਿਹਾ ਹੈ। ਇਸ ਮੌਕੇ ਉਦਯੋਗਪਤੀ ਓਮ ਉੱਪਲ, ਸੁਦੇਸ਼ ਸ਼ਰਮਾ, ਸੁਬੋਧ ਸੋਬਤੀ, ਪ੍ਰਵੇਸ਼ ਗੁਪਤਾ, ਅਲੋਕ ਸੇਠੀ, ਵਿਵੇਕ ਗੁਪਤਾ ਆਦਿ ਹਾਜਰ ਸਨ।
ਇਹ ਵੀ ਪੜ੍ਹੋ:ਸੁਨਿਆਰੇ ਦੀ ਦੁਕਾਨ ਲੁੱਟਣ ਵਾਲੇ 2 ਮੁਲਜ਼ਮਾਂ ਨੂੰ ਪੁਲਿਸ ਨੇ ਕੀਤਾ ਕਾਬੂ