ਹੁਸ਼ਿਆਰਪੁਰ: ਗੜ੍ਹਸ਼ੰਕਰ ਦੇ ਪਿੰਡ ਮੈਲੀ ਦੇ ਬਾਹਰ ਔਰਤ ਦੇ ਪਹਿਲੇ ਪਤੀ ਨੇ ਦੂਸਰੇ ਪਤੀ ਦੀ ਬੇਰਹਿਮੀ ਨਾਲ ਹੱਤਿਆ ਕਰ ਦਿੱਤੀ ਹੈ। ਲੋਕਾਂ ਨੇ ਇੱਕਠੇ ਹੋ ਕੇ ਤੁੰਰਤ ਕਾਤਲ ਨੂੰ ਕਾਬੂ ਕਰਕੇ ਪੁਲਿਸ ਹਵਾਲੇ ਕਰ ਦਿੱਤਾ ਹੈ। ਥਾਣਾ ਚੱਬੇਵਾਲ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਲਾਸ਼ ਨੂੰ ਕਬਜੇ ਵਿੱਚ ਲੈ ਕੇ ਮੁਲਜ਼ਮ ਵਿਰੁੱਧ ਕਤਲ ਦਾ ਮੁੱਕਦਮਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਅਤੇ ਲਾਸ਼ ਪੋਸਟਮਾਰਟਮ ਲਈ ਭੇਜ ਦਿੱਤੀ ਗਈ ਹੈ।
ਇਸ ਮਾਮਲੇ ਦੀ ਜਾਣਕਾਰੀ ਦਿੰਦਿਆ ਔਰਤ ਨੇ ਦੱਸਿਆ ਹੈ ਕਿ ਉਸ ਦਾ ਵਿਆਹ 10 ਸਾਲ ਪਹਿਲਾਂ ਹੋਇਆ ਸੀ ਤੇ ਉਸ ਦੇ 5 ਬੱਚੇ ਹਨ। ਉਸ ਦਾ ਪਤੀ ਸ਼ਰਾਬ ਪੀ ਕੇ ਉਸ ਨੂੰ ਹਰ ਰੋਜ਼ ਮਾਰਦਾ ਕੁੱਟਦਾ ਹੁੰਦਾ ਸੀ, ਜਿਸ ਕਾਰਨ ਉਹ ਬਹੁਤ ਤੰਗ ਸੀ। ਉਸ ਨੇ ਦੱਸਿਆ ਕਿ 2 ਸਾਲ ਪਹਿਲਾਂ ਉਹ ਮਾਰ ਕੁੱਟ ਤੋਂ ਤੰਗ ਆ ਕੇ ਝਾਰਖੰਡ ਤੋਂ ਇੱਥੇ ਮੈਲੀ ਕਿਸੇ ਹੋਰ ਮੁੰਡੇ ਨਾਲ ਰਹਿਣ ਲੱਗ ਪਈ ਤੇ ਉਸ ਕੋਲ ਇੱਕ ਬੱਚਾ ਹੋ ਗਿਆ। ਉਨ੍ਹਾਂ ਦੱਸਿਆ ਕਿ ਉਸ ਦਾ ਪਤੀ ਵੀ ਉਸ ਦੇ ਪਿੱਛੇ ਆ ਗਿਆ ਤੇ ਲੜਾਈ ਝਗੜਾ ਕਰਨ ਲੱਗ ਪਿਆ।
ਉਸ ਨੇ ਦੱਸਿਆ ਕਿ ਸ਼ੁੱਕਰਵਾਰ ਦੁਪਹਿਰੇ 1 ਵਜੇ ਉਸ ਦਾ ਦੂਜਾ ਪਤੀ ਅਨੂਪ ਤੇ ਉਹ ਪਰਿਵਾਰ ਸਮੇਤ ਖ਼ੇਤਾਂ ਵਿੱਚੋਂ ਕਣਕ ਵੱਢ ਕੇ ਘਰ ਰੋਟੀ ਖ਼ਾਣ ਲਈ ਆਪਣੇ ਮੋਟਰਸਾਈਕਲ 'ਤੇ ਸਵਾਰ ਹੋ ਕੇ ਵਾਪਿਸ ਆ ਰਿਹਾ ਸੀ ਤਾਂ ਰਸਤੇ ਵਿੱਚ ਪਹਿਲਾਂ ਹੀ ਝਾੜੀਆਂ ਵਿੱਚ ਛਿਪ ਕੇ ਬੈਠੇ ਹੋਏ, ਉਸਦੇ ਪਹਿਲੇ ਪਤੀ ਨੇ ਮੋਟੇ ਡੰਡਿਆਂ ਨਾਲ ਅਨੂਪ 'ਤੇ ਹਮਲਾ ਕਰ ਦਿੱਤਾ। ਉਹ ਸਾਰੇ ਮੋਟਰਸਾਈਕਲ ਤੋਂ ਡਿੱਗ ਪਏ ਤਾਂ ਮੁਲਜ਼ਮ ਦੇ ਦੂਜੇ ਪਤੀ ਦੇ ਸਿਰ ਵਿੱਚ ਡੰਡਿਆਂ ਨਾਲ ਜ਼ਬਰਦਸਤ ਹਮਲਾ ਕਰ ਦਿੱਤਾ, ਜਿਸ ਕਾਰਨ ਸਿਰ 'ਚ ਸੱਟ ਲੱਗਣ ਕਾਰਨ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਆਰੋਪੀ ਨੂੰ ਕਾਬੂ ਕਰਕੇ ਲਾਸ਼ ਕਬਜੇ ਵਿੱਚ ਲੈ ਕੇ ਕਤਲ ਦਾ ਮਾਮਲਾ ਦਰਜ਼ ਕਰਕੇ ਲਾਸ਼ ਪੋਸਟਮਾਰਟਮ ਲਈ ਭੇਜ ਦਿੱਤੀ ਹੈ।
ਇਹ ਵੀ ਪੜ੍ਹੋ: ਕੈਨੇਡਾ ਤੋਂ ਆਏ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ, ਪੁਲਿਸ ਵੱਲੋਂ ਮਾਮਲੇ ਦੀ ਜਾਂਚ ਜਾਰੀ