ਤਰਨਤਾਰਨ: ਪੰਜਾਬ ’ਚ ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਕਤਲ , ਲੁੱਟਖੋਹਾਂ ਦੇ ਮਾਮਲੇ ਸਾਹਮਣੇ ਆ ਰਹੇ ਹਨ। ਜਿਨ੍ਹਾਂ ਨੇ ਪੰਜਾਬ ਚ ਕਾਨੂੰਨ ਵਿਵਸਥਾ ’ਤੇ ਸਵਾਲ ਖੜੇ ਕੀਤੇ ਹਨ। ਨਾਲ ਹੀ ਪੁਲਿਸ ਪ੍ਰਸ਼ਾਸਨ ਦੀ ਕਾਰਵਾਈ ਵੀ ਸਵਾਲਾਂ ’ਚ ਹੈ। ਦੂਜੇ ਪਾਸੇ ਵਿਰੋਧੀਆਂ ਵੱਲੋਂ ਲਗਾਤਾਰ ਮਾਨ ਸਰਕਾਰ ਨੂੰ ਘੇਰਿਆ ਜਾ ਰਿਹਾ ਹੈ। ਇਸੇ ਤਰ੍ਹਾਂ ਦਾ ਮਾਮਲਾ ਤਰਨਤਾਰਨ ਦੇ ਭਿੱਖੀਵਿੰਡ ਤੋਂ ਸਾਹਮਣੇ ਆਇਆ ਹੈ ਜਿੱਥੇ 50 ਰੁਪਏ ਦੇ ਲੈਣ ਦੇਣ ਨੂੰ ਲੈ ਕੇ ਇੱਕ ਨੌਜਵਾਨ ਦਾ ਕਤਲ ਕਰ ਦਿੱਤਾ ਗਿਆ।
ਮਿਲੀ ਜਾਣਕਾਰੀ ਮੁਤਾਬਿਕ ਪਿੰਡ ਕਲਸੀਆਂ ਦਾ ਰਹਿਣ ਵਾਲਾ ਗੁਰਸਾਬਿਬ ਸਿੰਘ ਬੱਗੋ ਦਾ 50 ਰੁਪਏ ਦੇ ਲੈਣ ਦੇਣ ਨੂੰ ਲੈ ਕੇ ਕਤਲ ਕਰ ਦਿੱਤਾ ਗਿਆ। ਜਿਸ ਤੋਂ ਬਾਅਦ ਮ੍ਰਿਤਕ ਦੇ ਪਰਿਵਾਰਿਕ ਮੈਂਬਰਾਂ ਦਾ ਰੋ ਰੋ ਕੇ ਬੂਰਾ ਹਾਲ ਹੋਇਆ ਪਿਆ ਹੈ। ਉੱਥੇ ਹੀ ਦੂਜੇ ਪਾਸੇ ਘਟਨਾ ਦੀ ਜਾਣਕਾਰੀ ਮਿਲਦੇ ਹੀ ਮੌਕੇ ਤੇ ਪਹੁੰਚੀ ਪੁਲਿਸ ਵੱਲੋਂ ਮਾਮਲੇ ਦੀ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
ਮ੍ਰਿਤਕ ਦੇ ਭਰਾ ਜਸਕਰਨ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ ਵਿਚ ਇੱਕ ਪਾਈਪ ਲਾਈਨ ਪੈ ਰਹੀ ਹੈ ਅਤੇ ਉਹ ਉੱਥੇ ਸ਼ੇਰ ਸਿੰਘ, ਕੁਲਦੀਪ ਸਿੰਘ, ਕਾਲਾ ਸਿੰਘ ਅਤੇ ਗੋਸ਼ਾ ਸਰਵਣ ਸਿੰਘ ਨਾਲ ਪਾਈਪ ਲਾਈਨ ਪਾਉਣ ਦਾ ਕੰਮ ਕਰਦੇ ਸਨ ਅਤੇ ਇੱਕ ਦਿਨ ਦਿਹਾੜੀ ਵਿੱਚੋਂ ਉਸ ਦੇ ਪੰਜਾਹ ਰੁਪਏ ਇਨ੍ਹਾਂ ਵਿਅਕਤੀਆਂ ਵੱਲ ਵਧ ਗਏ ਅਤੇ ਕੱਲ ਉਸ ਨੇ ਆਪਣੇ ਮਿਹਨਤ ਦੇ ਪੰਜਾਹ ਰੁਪਏ ਇਨ੍ਹਾਂ ਵਿਅਕਤੀਆਂ ਤੋਂ ਮੰਗੇ ਇਸੇ ਗੱਲ ਨੂੰ ਲੈ ਕੇ ਇਹ ਪੰਜੇ ਵਿਅਕਤੀ ਰੋਸ ਵਿਚ ਆ ਗਏ ਜਿਨ੍ਹਾਂ ਨੇ ਪਹਿਲਾਂ ਤਾਂ ਉਸ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ ਅਤੇ ਬਾਅਦ ਵਿੱਚ ਇਨ੍ਹਾਂ ਪੰਜਾਂ ਵਿਅਕਤੀਆਂ ਨੇ ਉਸ ਨੂੰ ਅਤੇ ਉਸਦੇ ਭਰਾ ਨੂੰ ਘਰੋ ਖਿੱਚ ਕੇ ਕੁੱਟਮਾਰ ਕੀਤੀ ਅਤੇ ਜਾਂਦੇ ਸਮੇਂ ਉਸਦੇ ਭਰਾ ਦੇ ਸਿਰ ’ਤੇ ਇੱਟ ਮਾਰ ਦਿੱਤੀ ਜਿਸ ਕਾਰਨ ਉਸਦੀ ਮੌਤ ਹੋ ਗਈ।
ਇਸ ਸਬੰਧੀ ਮੌਕੇ ’ਤੇ ਪਹੁੰਚੇ ਥਾਣਾ ਭਿੱਖੀਵਿੰਡ ਦੀ ਪੁਲਿਸ ਵੱਲੋਂ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਪੱਟੀ ਵਿਖੇ ਭੇਜ ਦਿੱਤਾ ਗਿਆ ਹੈ ਪੀੜਤ ਪਰਿਵਾਰ ਨੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਇਨ੍ਹਾਂ ਵਿਅਕਤੀਆਂ ’ਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਤਾਂ ਜੋ ਉਨ੍ਹਾਂ ਨੂੰ ਇਨਸਾਫ ਮਿਲ ਸਕੇ।
ਇਹ ਵੀ ਪੜੋ: 3 ਬਦਮਾਸ਼ਾਂ ਨੇ ਬੰਦੂਕ ਦੀ ਨੋਕ 'ਤੇ ਵਪਾਰੀ ਦੀ ਕੀਤੀ ਲੁੱਟ, CCTV ਤਸਵੀਰਾਂ ਆਈਆਂ ਸਾਹਮਣੇ