ਤਰਨਤਾਰਨ: ਪੰਜਾਬ ਦੀ ਜਵਾਨੀ ਨਸ਼ੇ ਦੀ ਦਲਦਲ ’ਚ ਧੱਸਦੀ ਜਾ ਰਹੀ ਹੈ ਜਿਸ ਦੇ ਚੱਲਦੇ ਕਈ ਨੌਜਵਾਨ ਇਸ ਨਸ਼ੇ ਦੇ ਕਾਰਨ ਆਪਣੀ ਜਿੰਦਗੀ ਨੂੰ ਗੁਆ ਚੁੱਕੇ ਹਨ ਅਤੇ ਕਈਆਂ ਨੂੰ ਆਰਥਿਕ ਤੰਗੀ ਦਾ ਵੀ ਸਾਹਮਣਾ ਕਰਨਾ ਪੈ ਰਿਹਾ ਹੈ। ਸੂਬੇ ਭਰ ’ਚ ਸਰਕਾਰਾਂ ਨਸ਼ੇ ਨੂੰ ਖਤਮ ਕਰਨ ਦੇ ਦਾਅਵੇ ਕਰਦਿਆਂ ਰਹਿ ਗਈਆਂ ਪਰ ਨਸ਼ਾ ਪੰਜਾਬ ਦੀ ਜਵਾਨੀ ਨੂੰ ਖੋਖਲਾ ਕਰਦਾ ਜਾ ਰਿਹਾ ਹੈ। ਪਰ ਹੁਣ ਕੁਝ ਨੌਜਵਾਨ ਨਸ਼ੇ ਦੇ ਇਸ ਦਲਦਲ ਚੋਂ ਬਾਹਰ ਨਿਕਲ ਰਹੇ ਹਨ ਅਤੇ ਉਨ੍ਹਾਂ ਨੇ ਨਸ਼ੇ ਤੋਂ ਪੰਜਾਬ ਦੀ ਜਵਾਨੀ ਨੂੰ ਬਚਾਉਣ ਦੇ ਲਈ ਗੁਹਾਰ ਵੀ ਲਗਾਈ। ਤਰਨਤਾਰਨ ਦੇ ਵਿਖੇ ਵੀ ਕਈ ਨੌਜਵਾਨਾਂ ਨੇ ਨਸ਼ਾ ਛੱਡਿਆ ਅਤੇ ਉਨ੍ਹਾਂ ਨੇ ਆਪਣੀ ਦਾਸਤਾਨ ਵੀ ਦੱਸੀ।
ਨਸ਼ਾ ਛੱਡਣ ਵਾਲੇ ਨੌਜਵਾਨਾਂ ਨੇ ਦੱਸਿਆ ਕਿ ਉਗ ਚਿੱਟੇ ਸਣੇ ਹੋਰ ਕਈ ਪ੍ਰਕਾਰ ਦੇ ਨਸ਼ਾ ਕਰਦੇ ਸੀ। ਨਸ਼ੇ ਦੇ ਉਹ ਇੰਨ੍ਹੇ ਜਿਆਦਾ ਆਦੀ ਸੀ ਕਿ ਉਹ ਆਪਣੀ ਬਾਂਹ ਆਦਿ ਦੀਆਂ ਨਾੜਾਂ ਚ ਨਸ਼ੇ ਦੇ ਟੀਕੇ ਲਗਾਉਂਦੇ ਸੀ। ਜਿਸ ਕਾਰਨ ਉਨ੍ਹਾਂ ਦੇ ਹੱਥ ਨੀਲੇ ਹੋ ਜਾਂਦੇ ਸੀ ਜਿਸ ਕਾਰਨ ਅਖਿਰ ਚ ਉਨ੍ਹਾਂ ਦੀ ਹੱਥਾਂ ਦੀਆਂ ਉਂਗਲਾਂ ਖਰਾਬ ਹੋਣ ਲੱਗੀਆਂ। ਉਨ੍ਹਾਂ ਇਹ ਵੀ ਕਿਹਾ ਕਿ ਅੱਜ ਵੀ ਪੰਜਾਬ ’ਚ ਨਸ਼ਾ ਵਿਕਦਾ ਹੈ।
ਇਕ ਹੋਰ ਨੌਜਵਾਨ ਨੇ ਦੱਸਿਆ ਕਿ ਉਹ ਕਾਫੀ ਲੰਬੇ ਸਮੇਂ ਤੋਂ ਨਸ਼ਾ ਛੱਡ ਚੁੱਕੇ ਹਨ ਅਤੇ ਹੁਣ ਉਹ ਨਸ਼ਾ ਕਰਨ ਵਾਲਿਆਂ ਤੋਂ ਦੂਰ ਵੀ ਰਹਿੰਦੇ ਹਨ। ਨਾਲ ਹੀ ਨੌਜਵਾਨ ਨੇ ਦੱਸਿਆ ਕਿ ਉਹ ਕਈ ਤਰ੍ਹਾਂ ਦੇ ਨਸ਼ੇ ਕਰਦਾ ਸੀ। ਜਿਸ ਕਾਰਨ ਉਸਨੂੰ ਹੁਣ ਆਰਥਿਕ ਤੰਗੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਨਸ਼ਾ ਛੱਡ ਚੁੱਕੇ ਨੌਜਵਾਨਾਂ ਨੇ ਦੱਸਿਆ ਕਿ ਬੇਸ਼ਕ ਉਹ ਹੁਣ ਨਸ਼ਾ ਛੱਡ ਚੁੱਕੇ ਹਨ ਪਰ ਹੁਣ ਬੇਰੁਜ਼ਗਾਰੀ ਉਨ੍ਹਾਂ ਦਾ ਪਿੱਛਾ ਨਹੀਂ ਛੱਡ ਰਹੀ ਹੈ। ਉਨ੍ਹਾਂ ਦੀ ਆਰਥਿਕ ਹਾਲਤ ਬਹੁਤ ਜਿਆਦਾ ਖਰਾਬ ਹੈ। ਜਿਸ ਕਾਰਨ ਨਸ਼ਾ ਛੱਡ ਚੁੱਕੇ ਨੌਜਵਾਨਾਂ ਨੇ ਪੰਜਾਬ ਸਰਕਾਰ ਤੋਂ ਅਪੀਲ ਕੀਤੀ ਕਿ ਉਨ੍ਹਾਂ ਨੂੰ ਰੋਜ਼ਗਾਰ ਲਈ ਕਰਜ਼ੇ ਦਿੱਤੇ ਜਾਣ ਤਾਂ ਜੋ ਉਹ ਨਸ਼ੇ ਛੱਡ ਕੇ ਆਪਣਾ ਪਰਿਵਾਰ ਪਾਲ ਸਕਣ।
ਕਾਬਿਲੇਗੌਰ ਹੈ ਕਿ ਤਰਨਤਾਰਨ ਸਰਹੱਦੀ ਇਲਾਕਾ ਹੋਣ ਦੇ ਕਾਰਨ ਨਸ਼ਿਆਂ ਦਾ ਬੋਲਬਾਲਾ ਵਧੇਰਾ ਹੈ। ਜ਼ਿਲ੍ਹੇ ਦੇ ਨੇੜੇ ਦੇ ਪਿੰਡ ਜਿਵੇਂ ਪੱਟੀ ਘਰਿਆਲਾ ਵਿਖੇ ਕੁਝ ਨੌਜਵਾਨਾਂ ਵੱਲੋਂ ਨਸ਼ਾ ਛੱਡਿਆ ਗਿਆ ਹੈ। ਨਾਲ ਹੀ ਉਨ੍ਹਾਂ ਵੱਲੋਂ ਦੂਜਿਆ ਨੂੰ ਨਸ਼ਾ ਛੱਡਣ ਦੀ ਅਪੀਲ ਕੀਤੀ ਜਾ ਰਹੀ ਹੈ।
ਇਹ ਵੀ ਪੜੋ: ਬੱਸ ’ਚ ਹੋਈ ਗਰਭਵਤੀ ਮਹਿਲਾ ਦੀ ਡਿਲੀਵਰੀ, ਬੱਚੀ ਨੂੰ ਦਿੱਤਾ ਜਨਮ