ਤਰਨ ਤਾਰਨ: ਸ਼ਹਿਰ ਦੇ ਗੋਇੰਦਵਾਲ ਰੋਡ 'ਤੇ ਸਥਿਤ ਡੇਰਾ ਬਾਬਾ ਜਗਤਾਰ ਵਿਖੇ ਬੀਤੀ ਦਿਨੀਂ ਲੁੱਟ ਦੀ ਘਟਨਾ ਵਾਪਰੀ ਸੀ। ਪੁਲਿਸ ਨੇ ਲੁੱਟ ਮਾਮਲੇ 'ਚ ਸ਼ਾਮਲ ਛੇ ਮੁਲਜ਼ਮਾਂ 'ਚੋਂ ਇੱਕ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਲੁੱਟ ਦੇ ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਐਸਐਸਪੀ ਧਰੁਵ ਦਹੀਆ ਨੇ ਦੱਸਿਆ ਕਿ ਪਿਛਲੇ ਦਿਨੀਂ ਡੇਰਾ ਬਾਬਾ ਜਗਤਾਰ ਸਿੰਘ ਦੇ ਖ਼ਜਾਨਚੀ ਮਹਿੰਦਰ ਸਿੰਘ ਨਾਲ ਕੁੱਝ ਅਣਪਛਾਤੇ ਲੋਕਾਂ ਨੇ ਕੁੱਟਮਾਰ ਕਰਕੇ ਉਨ੍ਹਾਂ ਕੋਲੋਂ 1 ਕਰੋੜ 46 ਲੱਖ ਨਕਦੀ ਲੁੱਟ ਲਈ ਸੀ। ਇਸ ਮਾਮਲੇ ਦੀ ਸ਼ਿਕਾਇਤ ਦਰਜ ਕਰਨ 'ਤੇ ਪੁਲਿਸ ਨੇ ਛੇ ਲੋਕਾਂ ਨੂੰ ਨਾਮਜ਼ਦ ਕੀਤਾ ਸੀ।
ਐਸਐਸਪੀ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਮੁਲਜ਼ਮ ਦੀ ਪਛਾਣ ਸਤਨਾਮ ਸਿੰਘ ਵਜੋਂ ਹੋਈ ਹੈ। ਸਤਨਾਮ ਨੂੰ ਇਹ ਪਤਾ ਸੀ ਕਿ ਡੇਰੇ 'ਚ ਵੱਡੀ ਰਕਮ ਦਾ ਲੈਣ-ਦੈਣ ਹੁੰਦਾ ਹੈ। ਇਸ ਲਈ ਉਸ ਨੇ ਆਪਣੇ ਭਰਾ ਨਾਲ ਮਿਲ ਕੇ ਲੁੱਟ ਦੀ ਯੋਜਨਾ ਬਣਾਈ। ਇਸ ਵਾਰਦਾਤ 'ਚ ਸ਼ਾਮਲ ਸੁਖਚੈਨ ਅਪਰਾਧੀ ਕਿਸਮ ਦਾ ਵਿਅਕਤੀ ਹੈ, ਤੇ ਉਸ 'ਤੇ ਪਹਿਲਾਂ ਵੀ ਕਈ ਮਾਮਲੇ ਦਰਜ ਹਨ। ਇੱਕ ਮਾਮਲੇ 'ਚ ਉਹ ਦੱਸ ਸਾਲ ਦੀ ਸਜ਼ਾ ਵੀ ਕੱਟ ਚੁਕਿਆ ਹੈ।
ਪੁਲਿਸ ਅਧਿਕਾਰੀ ਨੇ ਦੱਸਿਆ ਕਿ ਗ੍ਰਿਫ਼ਤਾਰੀ ਮੌਕੇ ਸਤਨਾਮ ਸਿੰਘ ਕੋਲੋਂ ਲੁੱਟੇ ਗਏ 12 ਲੱਖ ਰੁਪਏ ਬਰਾਮਦ ਕੀਤੇ। ਪੁਲਿਸ ਵੱਲੋਂ ਬਾਕੀ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਵੱਖ-ਵੱਖ ਥਾਵਾਂ ਉੱਤੇ ਛਾਪੇਮਾਰੀ ਕੀਤੀ ਜਾ ਰਹੀ ਹੈ। ਪੁਲਿਸ ਨੇ ਜਲਦ ਹੀ ਸਾਰੇ ਮੁਲਜ਼ਮਾਂ ਨੂੰ ਕਾਬੂ ਕਰਨ ਦਾ ਭਰੋਸਾ ਦਿੱਤਾ ਹੈ।