ਤਰਨ ਤਾਰਨ : ਸ਼ਹਿਰ 'ਚ ਆਏ ਦਿਨ ਅਪਰਾਧਕ ਮਾਮਲੇ ਵੱਧ ਗਏ ਹਨ। ਤਰਨ ਤਾਰਨ ਪੁਲਿਸ ਨੇ 24 ਘੰਟਿਆਂ 'ਚ ਲੁੱਟ-ਖੋਹ ਦਾ ਮਾਮਲਾ ਸੁਲਝਾਇਆ ਹੈ। ਇਸ ਮਾਮਲੇ 'ਚ ਪੁਲਿਸ ਨੇ 5 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੇ ਮੁਲਜ਼ਮਾਂ ਕੋਲੋਂ ਵੱਡੀ ਗਿਣਤੀ 'ਚ ਹਥਿਆਰ ਬਰਾਮਦ ਕੀਤੇ ਹਨ।
ਇਸ ਬਾਰੇ ਜਾਣਕਾਰੀ ਦਿੰਦੇ ਹੋਏ ਪੁਲਿਸ ਅਧਿਕਾਰੀ ਰੂਮਨ ਐਚ. ਨਿੰਬਾਲੇ ਨੇ ਦੱਸਿਆ ਕਿ ਪੁਲਿਸ ਵਿਭਾਗ ਨੂੰ ਲਗਾਤਾਰ ਕਈ ਦਿਨਾਂ ਤੋਂ ਲੁੱਟ ਖੋਹ ਦੀਆਂ ਸ਼ਿਕਾਇਤਾ ਮਿਲ ਰਹੀਆਂ ਸਨ। ਤਰਨ ਤਾਰਨ ਪੁਲਿਸ ਨੇ ਟੀਮ ਬਣਾ ਕੇ ਇਨ੍ਹਾਂ ਲੁੱਟ ਖੋਹਾਂ ਮਾਮਲਿਆਂ ਦੀ ਜਾਂਚ ਕੀਤੀ, ਜਿਸ ਨੂੰ ਕਿ ਸੁਲਝਾ ਲਿਆ ਗਿਆ। ਪੁਲਿਸ ਨੇ ਲੁੱਟ ਖੋਹਾਂ ਕਰਨ ਵਾਲੇ 5 ਮੁਲਜ਼ਮ ਗ੍ਰਿਫ਼ਤਾਰ ਕੀਤੇ ਹਨ।
ਪੁਲਿਸ ਅਧਿਕਾਰੀ ਨੇ ਦੱਸਿਆ ਕਿ ਮੁਲਜ਼ਮਾਂ ਕੋਲੋਂ ਤਿੰਨ 32 ਬੋਰ ਪਿਸਟਲ ਸਣੇ 4 ਜਿੰਦਾ ਰੌਂਦ, 80 ਹਜ਼ਾਰ 562 ਰੁਪਏ ਭਾਰਤੀ ਕਰੰਸੀ ,2000 ਨਸ਼ੀਲੀਆ ਗੋਲੀਆਂ ਬਰਾਮਦ ਕੀਤੀਆਂ ਗਈਆਂ ਹਨ। ਮੁਲਜ਼ਮਾਂ ਨੇ ਪੁਲਿਸ ਵੱਲੋਂ ਕੀਤੀ ਗਈ ਪੁੱਛਗਿੱਛ ਦੌਰਾਨ ਸ਼ਹਿਰ 'ਚ 30 ਵੱਧ ਵਾਰਦਾਤਾਂ ਕਬੂਲੀਆਂ ਹਨ। ਇਹ ਗੈਂਗ ਜਲੰਧਰ,ਰੋਪੜ ਅਤੇ ਲੁਧਿਆਣਾ ਵਰਗੇ ਸ਼ਹਿਰਾਂ 'ਚ ਵੀ ਲੁੱਟ ਖੋਹ ਕਰ ਚੁੱਕੇ ਹਨ।