ਤਰਨਤਾਰਨ: ਪੰਜਾਬ ਚ ਜਿਆਦਾਤਰ ਨੌਜਵਾਨ ਵਿਦੇਸ਼ ਵੱਲ ਨੂੰ ਜਾ ਰਹੇ ਸਨ ਤਾਂ ਜੋ ਉਹ ਆਪਣੇ ਪਰਿਵਾਰ ਦਾ ਭਵਿੱਖ ਵਧੀਆ ਕਰ ਸਕਣ। ਪਰ ਇਹ ਸੁਪਨਾ ਕਿਸੇ ਕਿਸੇ ਨੌਜਵਾਨ ਦਾ ਪੂਰਾ ਹੋ ਪਾਉਂਦਾ ਹੈ। ਅਜਿਹਾ ਹੀ ਕੁਝ ਹੋਇਆ ਹੈ ਤਰਨਤਾਰਨ ਦੇ ਪਿੰਡ ਧੂੰਦਾ ਤੋਂ ਦੁਬਈ ਗਏ ਨੌਜਵਾਨ ਦੀ ਜਿਸਦੀ ਸੜਕ ਹਾਦਸੇ ਚ ਮੌਤ ਹੋ ਗਈ।
ਮਿਲੀ ਜਾਣਕਾਰੀ ਮੁਤਾਬਿਕ ਹਲਕਾ ਖਡੂਰ ਸਾਹਿਬ ਦੇ ਅਧੀਨ ਆਉਂਦੇ ਪਿੰਡ ਧੂੰਦਾ ਦਾ ਰਹਿਣ ਵਾਲਾ 30 ਸਾਲਾਂ ਨੌਜਵਾਨ ਅਜਮੇਰ ਸਿੰਘ ਦੀ ਦੁਬਈ ਦੇ ਜਬਲ ਅਲੀ ਸਹਿਰ ਦੀ ਕਲਬਦ ਕੰਪਨੀ ਵਿੱਚ ਕੰਮ ਕਰਦਾ ਸੀ ਜਿਸਦੀ 15 ਅਗਸਤ ਨੂੰ ਇਕ ਦਰਦਨਾਕ ਸੜਕ ਹਾਦਸੇ ਵਿੱਚ ਮੌਤ ਹੋ ਗਈ। ਮ੍ਰਿਤਕ ਅਜਮੇਰ ਸਿੰਘ ਦੁਬਈ ਵਿਖੇ ਕਰੀਬ ਤਿੰਨ ਸਾਲਾਂ ਤੋਂ ਕੰਮ ਕਰ ਰਿਹਾ ਸੀ।
ਦੱਸ ਦਈਏ ਕਿ ਮ੍ਰਿਤਕ ਆਪਣੇ ਪਿੱਛੇ ਪਤਨੀ ਰਾਜਵਿੰਦਰ ਕੌਰ ਤੇ 3 ਸਾਲ ਦੀ ਬੱਚੀ ਚਨਾਥ ਕੌਰ ਤੇ ਬਜ਼ੁਰਗ ਮਾਤਾ - ਪਿਤਾ ਛੱਡ ਗਿਆ ਹੈ। ਅਜਮੇਰ ਸਿੰਘ ਦੀ ਬੇਵਕਤੀ ਮੌਤ ’ਤੇ ਪਰਿਵਾਰ ਅਤੇ ਪਿੰਡ ਵਾਸੀ ਡੂੰਘੇ ਸਦਮੇ ਵਿੱਚ ਹਨ ਅਤੇ ਉਨ੍ਹਾਂ ਦਾ ਰੋ ਰੋ ਕੇ ਬੁਰਾ ਹਾਲ ਹੋਇਆ ਪਿਆ ਹੈ।
ਇਸ ਮੌਕੇ ਪਰਿਵਾਰਿਕ ਮੈਂਬਰਾਂ ਅਤੇ ਪਿੰਡ ਵਾਸੀਆਂ ਨੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਕੇਂਦਰ ਸਰਕਾਰ ਦੇ ਵਿਦੇਸ਼ ਵਿਭਾਗ ਅਤੇ ਪ੍ਰਸ਼ਾਸਨ ਕੋਲੋ ਮੰਗ ਕੀਤੀ ਕਿ ਮ੍ਰਿਤਕ ਨੌਜਵਾਨ ਅਜਮੇਰ ਸਿੰਘ ਦੀ ਮ੍ਰਿਤ ਦੇਹ ਨੂੰ ਦੁਬਈ ਤੋਂ ਲਿਆਉਣ ਚ ਮਦਦ ਕਰਨ ਤਾਂ ਜੋ ਪਰਿਵਾਰ ਮ੍ਰਿਤ ਨੌਜਵਾਨ ਦੀਆਂ ਅੰਤਿਮ ਰਸਮਾਂ ਨੂੰ ਪੂਰਾ ਕਰ ਸਕੇ।
ਇਹ ਵੀ ਪੜੋ: ਪੁਲਿਸ ਤੇ ਗੈਂਗਸਟਰਾਂ ਵਿਚਾਲੇ ਹੋਈ ਫਾਇਰਿੰਗ ਦੌਰਾਨ ਜੱਗੂ ਭਗਵਾਨਪੁਰੀਆ ਦੇ ਦੋ ਸਾਥੀ ਗ੍ਰਿਫ਼ਤਾਰ