ਤਰਨ ਤਾਰਨ : ਅੱਜ ਦੇ ਸਮੇਂ ਦੌਰਾਨ ਲੋਕਾਂ 'ਚ ਆਪਸੀ ਦਰਾਰ ਇੰਨੀ ਕੁ ਵੱਧ ਚੁੱਕੀ ਹੈ ਕਿ ਆਪਣੇ ਹੀ ਆਪਣੀਆਂ ਦੇ ਦੁਸ਼ਮਨ ਬਣ ਜਾਂਦੇ ਹਨ। ਅਜਿਹਾ ਹੀ ਮਾਮਲਾ ਤਰਨ ਤਾਰਨ ਦੇ ਪਿੰਡ ਬੋਦਲਕੀੜੀ ਵਿਖੇ ਸਾਹਮਣੇ ਆਇਆ ਹੈ, ਜਿਥੇ ਮਹਿਜ਼ ਭੇਡਾਂ ਦੀ ਵੰਡ ਨੂੰ ਲੈ ਕੇ ਇੱਕ ਭਰਾ ਨੇ ਦੂਜੇ ਭਰਾ ਦਾ ਕਤਲ ਕਰ ਦਿੱਤਾ।
ਮ੍ਰਿਤਕ ਵਿਅਕਤੀ ਦੀ ਪਛਾਣ ਨਿਰਵੈਰ ਸਿੰਘ ਪੁੱਤਰ ਰੌਣਕੀ ਰਾਮ ਵਜੋਂ ਹੋਈ ਹੈ। ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਨਿਰਵੈਰ ਸਿੰਘ ਭੇਡਾਂ ਪਾਲਣ ਦਾ ਕੰਮ ਕਰਦਾ ਸੀ। ਸਾਲ 'ਚ ਇੱਕ ਦੋ ਭੇਡਾਂ ਵੇਚ ਕੇ ਉਹ ਆਪਣੇ ਘਰ ਦਾ ਗੁਜ਼ਾਰਾ ਚਲਾਉਂਦਾ ਸੀ। ਨਿਰਵੈਰ ਸਿੰਘ ਤੇ ਉਸ ਦੇ ਛੋਟੇ ਭਰਾ ਵਿਚਾਲੇ ਭੇਡਾਂ ਦੀ ਵੰਡ ਨੂੰ ਲੈ ਕੇ ਆਪਸੀ ਵਿਵਾਦ ਚੱਲ ਰਿਹਾ ਸੀ, ਵੇਖਦੇ ਹੀ ਵੇਖਦੇ ਇਹ ਝਗੜਾ ਬੇਹਦ ਜ਼ਿਆਦਾ ਵੱਧ ਗਿਆ। ਇਸ ਦੌਰਾਨ ਉਸ ਦੇ ਸਕੇ ਛੋਟੇ ਭਰਾ ਜਗਰੂਪ ਸਿੰਘ ਤੇ ਉਸ ਦੀ ਪਤਨੀ ਹਰਜੀਤ ਕੌਰ ਨੇ ਨਿਰਵੈਰ ਸਿੰਘ ਦੇ ਇੱਟਾਂ ਮਾਰੀਆਂ, ਜਿਸ ਕਾਰਨ ਉਹ ਗੰਭੀਰ ਜ਼ਖਮੀ ਹੋ ਗਿਆ ਤੇ ਕੁੱਝ ਸਮੇਂ ਬਾਅਦ ਉਸ ਦੀ ਮੌਤ ਹੋ ਗਈ।
ਪੀੜਤ ਪਰਿਵਾਰ ਨੇ ਪੁਲਿਸ ਪ੍ਰਸ਼ਾਸਨ ਕੋਲੋਂ ਇਨਸਾਫ ਦੀ ਮੰਗ ਕਰਦਿਆਂ ਨਿਰਵੈਰ ਸਿੰਘ ਦੇ ਕਤਲ ਕਰਨ ਵਾਲੇ ਮੁਲਜ਼ਮਾਂ ਦੇ ਖਿਲਾਫ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ।
ਥਾਣਾ ਵੈਰੋਂਵਾਲ ਦੇ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਮ੍ਰਿਤਕ ਦੀ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ ਅਤੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਅਧਾਰ ’ਤੇ ਜਗਰੂਪ ਸਿੰਘ ਅਤੇ ਉਸ ਦੀ ਪਤਨੀ ਹਰਜੀਤ ਕੌਰ ਖਿਲਾਫ ਕਤਲ ਦਾ ਮਾਮਲਾ ਦਰਜ ਕਰ ਲਿਆ ਗਿਆ ਹੈ। ਪੁਲਿਸ ਵੱਲੋਂ ਮਾਮਲੇ ਦੀ ਅਗਲੀ ਕਾਰਵਾਈ ਜਾਰੀ ਹੈ।
ਇਹ ਵੀ ਪੜ੍ਹੋ : ਸਿੱਖ ਨੌਜਵਾਨ ਨਾਲ ਕੁੱਟਮਾਰ ਕਰ ਕੀਤੀ ਕੇਸਾਂ ਦੀ ਬੇਅਦਬੀ