ਤਰਨਤਾਰਨ: ਸੂਬੇ ਭਰ ’ਚ ਨਾੜ ਸਾੜਨ ਵਾਲੇ ਕਿਸਾਨਾਂ ਤੇ ਜੁਰਮਾਨੇ ਕਰਨ ਦੇ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਦਿੱਤੇ ਗਏ ਆਦੇਸ਼ਾਂ ’ਤੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਵਿਰੋਧ ਜਤਾਇਆ ਗਿਆ। ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਕਣਕ ਦੀ ਨਾੜ ਨੂੰ ਅੱਗ ਲਾਉਣ ਵਾਲੇ ਕਿਸਾਨਾਂ ’ਤੇ ਜੁਰਮਾਨੇ ਪਾਉਣ ਦੇ ਦਿੱਤੇ ਗਏ ਆਦੇਸ਼ ਨਿੰਦਣਯੋਗ ਹਨ।
ਦੱਸ ਦਈਏ ਕਿ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਇਸ ਮਸਲੇ ਨੂੰ ਲੈ ਕੇ ਪ੍ਰੈਸ ਕਾਨਫਰੰਸ ਵੀ ਕੀਤੀ ਗਈ। ਇਸ ਦੌਰਾਨ ਮੇਹਰ ਸਿੰਘ ਤਲਵੰਡੀ ਨੇ ਕਿਹਾ ਕਿ ਲੋਕਾਂ ਨੇ ਵੱਡੇ-ਵੱਡੇ ਸੁਪਨੇ ਵੇਖ ਕੇ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਸੱਤਾ ਵਿੱਚ ਲਿਆਂਦਾ ਸੀ ਕਿ ਸੂਬੇ ਅੰਦਰ ਇਕ ਬਦਲਾਅ ਹੋਵੇਗਾ ਅਤੇ ਲੋਕਾਂ ਨੂੰ ਅਮਨ ਸੁੱਖ ਸ਼ਾਂਤੀ ਦੀ ਜ਼ਿੰਦਗੀ ਮਿਲੇਗੀ ਪਰ ਆਮ ਆਦਮੀ ਪਾਰਟੀ ਵੀ ਦੂਜੀਆਂ ਸਰਕਾਰਾਂ ਵਾਂਗ ਕਿਸਾਨਾਂ ’ਤੇ ਆਪਣੇ ਹਕੂਮਤ ਦਾ ਰੋਹਬ ਦਿਖਾਉਣਾ ਸ਼ੁਰੂ ਕਰ ਰਹੀ ਹੈ।
'ਸਰਕਾਰ ਨੇ ਚਿੱਠੀ ਰਾਹੀ ਦਿੱਤੇ ਆਦੇਸ਼': ਮੇਹਰ ਸਿੰਘ ਤਲਵੰਡੀ ਨੇ ਅੱਗੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ, ਪਟਵਾਰੀ ਕਾਨੂੰਨਗੋ ਅਤੇ ਤਹਿਸੀਲਦਾਰ ਨੂੰ ਇੱਕ ਚਿੱਠੀ ਰਾਹੀਂ ਆਦੇਸ਼ ਦਿੱਤੇ ਗਏ ਗਏ ਹਨ ਕਿ ਕਿਸਾਨਾਂ ਦੀਆਂ ਜ਼ਮੀਨਾਂ ਦੀ ਨਿਸ਼ਾਨਦੇਹੀ ਕੀਤੀ ਜਾਵੇ ਅਤੇ ਜਿਨ੍ਹਾਂ ਕਿਸਾਨਾਂ ਨੇ ਨਾੜ ਨੂੰ ਅੱਗ ਲਾਈ ਹੈ ਉਨ੍ਹਾਂ ਨੂੰ ਭਾਰੀ ਜੁਰਮਾਨੇ ਕਿਤੇ ਜਾਣ ਅਤੇ ਉਨ੍ਹਾਂ ਤੇ ਐੱਫਆਈਆਰ ਦਰਜ ਕਰਵਾਈ ਜਾਵੇ ਅਤੇ ਇਨ੍ਹਾਂ ਕਿਸਾਨਾਂ ਨੂੰ ਪੰਜਾਬ ਸਰਕਾਰ ਦਾ ਕੋਈ ਵੀ ਮੁਆਵਜ਼ਾ ਨਾ ਦਿੱਤਾ ਜਾਵੇ।
'ਮਾਨ ਸਰਕਾਰ ਦੇ ਫੂਕੇ ਜਾਣਗੇ ਪੁਤਲੇ': ਮੇਹਰ ਸਿੰਘ ਤਲਵੰਡੀ ਨੇ ਕਿਹਾ ਕਿ ਪੰਜਾਬ ਸਰਕਾਰ ਦਾ ਇਹ ਫਰਮਾਨ ਕਿਸਾਨਾਂ ਨੂੰ ਕਦੇ ਮਨਜ਼ੂਰ ਨਹੀਂ ਹੈ ਜਿਸ ਦੇ ਵਿਰੋਧ ਵਿੱਚ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਜਲਦੀ ਹੀ ਵੱਡਾ ਸੰਘਰਸ਼ ਵਿੱਢਣ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੂੰ ਇਹ ਫੈਸਲਾ ਜਲਦ ਵਾਪਸ ਲੈਣਾ ਹੋਵੇਗਾ ਨਹੀਂ ਤਾਂ ਪੂਰੇ ਪੰਜਾਬ ਅੰਦਰ ਮਾਣ ਸਰਕਾਰ ਦੇ ਪੁਤਲੇ ਫੂਕੇ ਜਾਣਗੇ।
ਇਹ ਵੀ ਪੜੋ: ਬੇਖੌਫ ਲੁਟੇਰਿਆ ਨੇ ਦਿਨ ਦਿਹਾੜੇ ਕੀਤੀ 16 ਲੱਖ ਰੁਪਏ ਦੀ ਲੁੱਟ