ਤਰਨਤਾਰਨ: ਪੰਜਾਬ ਵਿੱਚ ਸੱਤਾ 'ਤੇ ਕਾਬਜ਼ ਨਵੀਂ ਬਣੀ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਪੰਜਾਬ ਅੰਦਰ ਬਦਲਾਅ ਦਾ ਨਾਅਰਾ ਬੁਲੰਦ ਕਰਦਿਆਂ ਪੂਰੇ ਸੂਬੇ ਭਰ ਵਿੱਚ ਸਰਕਾਰ ਬਣਦਿਆਂ ਸਾਰ ਹੀ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਵੱਲੋਂ ਬਿਜਲੀ ਸਪਲਾਈ ਦੀ ਹੋ ਰਹੀ ਅਣਗਿਣਤ ਚੋਰੀ ਨੂੰ ਰੋਕਣ ਲਈ ਰੋਜ਼ਾਨਾ ਵੱਖ ਵੱਖ ਟੀਮਾਂ ਬਣਾ ਕੇ ਛਾਪੇਮਾਰੀ ਕੀਤੀ ਜਾ ਰਹੀ ਹੈ।
ਪਰ ਬਿਜਲੀ ਵਿਭਾਗ ਵੱਲੋਂ ਜਾਰੀ ਸਖਤ ਹਦਾਇਤਾਂ ਦੀ ਵਿਭਾਗ ਦੇ ਅਧਿਕਾਰੀ ਕਿੰਨੀ ਕ ਪਾਲਣਾ ਕਰਦੇ ਹਨ । ਇਸ ਦੀ ਤਾਜ਼ਾ ਮਿਸਾਲ ਉਪ ਮੰਡਲ ਦਫ਼ਤਰ ਖਾਲੜਾ ਤੋਂ ਸਾਹਮਣੇ ਆਉਂਦੀ ਹੈ। ਜਿੱਥੇ ਬਿਜਲੀ ਦਫਤਰ ਅੰਦਰ ਚਾਹ ਬਣਾਉਣ ਲਈ ਅਧਿਕਾਰੀਆਂ ਵੱਲੋਂ ਕਰੀਬ 3000 ਵਾਟ ਦਾ ਹੀਟਰ ਲਗਾਇਆ ਹੋਇਆ ਹੈ। ਇੱਥੇ ਇਹ ਵੀ ਗੱਲ ਦੱਸਣੀ ਬੇਹੱਦ ਜ਼ਰੂਰੀ ਹੈ ਕਿ ਜਿੱਥੇ ਬਿਜਲੀ ਵਿਭਾਗ ਵੱਲੋਂ ਮੀਟਰ ਧਾਰਕਾਂ ਨੂੰ ਆਪਣਾ ਲੋਡ ਵਧਾਉਣ ਲਈ ਸਖ਼ਤ ਦਿਸ਼ਾ ਨਿਰਦੇਸ਼ ਦਿੱਤੇ ਹੋਏ ਹਨ। ਉੱਥੇ ਹੀ ਖਾਲੜਾ ਬਿਜਲੀ ਵਿਭਾਗ ਦੇ ਦਫਤਰ ਅਧਿਕਾਰੀਆਂ ਵੱਲੋਂ ਪਿਛਲੇ ਕਈ ਸਾਲਾਂ ਤੋਂ 3000 ਵਾਟ ਦੇ ਹੀਟਰ 'ਤੇ ਚਾਹ ਬਣਾ ਕੇ ਪੀਐੱਸਪੀਸੀਐੱਲ ਨੂੰ ਵੱਡੇ ਪੱਧਰ ਤੇ ਚੂਨਾ ਲਗਾਇਆ ਜਾ ਰਿਹਾ ਹੈ। ਜਦਕਿ ਵਿਭਾਗ ਵੱਲੋਂ ਆਪਣੇ ਦਫ਼ਤਰ ਦੇ ਬਿਜਲੀ ਸਪਲਾਈ ਦੇ ਲੋਡ਼ ਵੱਲ ਵੀ ਧਿਆਨ ਨਹੀਂ ਦਿੱਤਾ ਗਿਆ ਹੈ।
ਇਸ ਮਾਮਲੇ ਸਬੰਧੀ ਐੱਸਡੀਓ ਬੂਟਾ ਰਾਮ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਖਾਲੜਾ ਦੀ ਐੱਸਡੀਓ ਛੁੱਟੀ 'ਤੇ ਹਨ ਅਤੇ ਉਸ ਦਾ ਚਾਰਜ ਉਨ੍ਹਾਂ ਕੋਲ ਹੈ। ਪਰ ਦਫ਼ਤਰ ਵਿੱਚ ਹੀਟਰ ’ਤੇ ਚਾਹ ਬਣਦੀ ਹੈ। ਇਸ ਬਾਰੇ ਉਨ੍ਹਾਂ ਨੂੰ ਕੁਝ ਵੀ ਪਤਾ ਨਹੀਂ ਹੈ। ਉਨ੍ਹਾਂ ਕਿਹਾ ਕਿ ਉਹ ਮਾਮਲੇ ਦੀ ਜਾਂਚ ਕਰਵਾ ਕੇ ਬਣਦੀ ਕਾਰਵਾਈ ਕਰਨਗੇ।
ਇੱਥੇ ਦੱਸਣਯੋਗ ਗੱਲ ਇਹ ਵੀ ਹੈ ਕਿ ਐੱਸਡੀਓ ਬੂਟਾ ਰਾਮ ਕਈ ਸਾਲ ਪਹਿਲਾਂ ਖਾਲੜਾ ਦਫ਼ਤਰ ਵਿੱਚ ਬਤੌਰ ਐੱਸਡੀਓ ਆਪਣੀਆਂ ਸੇਵਾਵਾਂ ਨਿਭਾ ਚੁੱਕੇ ਹਨ ਅਤੇ ਉਸ ਟਾਈਮ ਵੀ ਦਫ਼ਤਰ ਵਿੱਚ ਹੀਟਰ 'ਤੇ ਹੀ ਚਾਹ ਬਣਾਈ ਜਾਂਦੀ ਸੀ। ਪਰ ਅੱਜ ਉਨ੍ਹਾਂ ਦਾ ਕਹਿਣਾ ਹੈ ਕਿ ਇਹ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਨਹੀਂ ਹੈ । ਹੁਣ ਦੇਖਣਾ ਇਹ ਹੋਵੇਗਾ ਕਿ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਉੱਚ ਅਧਿਕਾਰੀ ਇਸ ਮਾਮਲੇ ਸਬੰਧੀ ਕੀ ਕਾਰਵਾਈ ਅਮਲ ਵਿੱਚ ਲਿਆਉਂਦੇ ਹਨ।
ਉੱਥੇ ਹੀ ਦੱਸਣਯੋਗ ਹੈ ਵੀ ਹੈ ਕਿ ਬਿਜਲੀ ਦਫਤਰ ਖਾਲੜਾ ਵਿੱਚ ਐੱਸ.ਡੀ.ਓ ਦਫਤਰ, ਬਿੱਲ ਕੈਸ਼ ਕਾਉਂਟਰ, ਜੇਈ, ਲਾਈਨਮੈਨ, ਕਲਰਕ, ਆਰੇ ਅਤੇ ਕਈ ਹੋਰ ਅਧਿਕਾਰੀ ਬੈਠਦੇ ਹਨ। ਪਰ ਵਿਭਾਗ ਵੱਲੋਂ ਆਪਣੇ ਉੱਚ ਅਧਿਕਾਰੀਆਂ ਦੀ ਨੱਕ ਹੇਠ ਪਿਛਲੇ ਕਈ ਸਾਲਾਂ ਤੋਂ ਹੀਟਰ ਲਗਾਇਆ ਜਾ ਰਿਹਾ ਹੈ।
ਇਹ ਵੀ ਪੜੋ: ਮੋਹਾਲੀ ਝੂਲਾ ਹਾਦਸਾ ਮਾਮਲੇ ਵਿੱਚ ਪੰਜਾਬ ਰਾਜ ਮਨੁੱਖੀ ਅਧਿਕਾਰ ਕਮਿਸ਼ਨ ਨੇ ਲਿਆ ਵੱਡਾ ਐਕਸ਼ਨ