ਤਰਨ ਤਾਰਨ : ਜ਼ਿਲ੍ਹੇ ਦੇ ਪਿੰਡ ਰਾਣੀਵਹਾਲ ਦੇ ਵਸਨੀਕ ਫੌਜੀ ਨਾਇਬ ਸੂਬੇਦਾਰ ਕਰਨੈਲ ਸਿੰਘ ਕਾਰਗਿਲ ਦੀ ਜੰਗ ਵਿੱਚ ਸ਼ਹੀਦ ਹੋਏ ਸਨ। ਪੰਜਾਬ ਸਰਕਾਰ ਨੇ ਪਿੰਡ ਦੇ ਸਰਕਾਰੀ ਸਕੂਲ ਦਾ ਨਾਂਅ ਉਨ੍ਹਾਂ ਦੇ ਨਾਂਅ 'ਤੇ ਰੱਖਣ ਦਾ ਐਲਾਨ ਕੀਤਾ ਸੀ, ਪਰ ਸ਼ਹੀਦ ਦੇ ਪਰਿਵਾਰ ਦਾ ਇਹ ਸੁਪਨਾਂ 21 ਸਾਲਾਂ ਦੀ ਉਡੀਕ ਤੋਂ ਬਾਅਦ ਹੁਣ ਪੂਰਾ ਹੋਇਆ ਹੈ।
ਇਸ ਬਾਰੇ ਸ਼ਹੀਦ ਕਰਨੈਲ ਸਿੰਘ ਦੀ ਪਤਨੀ ਰਣਜੀਤ ਕੌਰ ਦਾ ਕਹਿਣਾ ਹੈ ਕਿ ਉਹ ਖੁਸ਼ ਹਨ ਕਿ ਦੇਰ ਨਾਲ ਹੀ ਸਹੀ ਪਰ ਸਰਕਾਰ ਨੇ ਉਨ੍ਹਾਂ ਦੀ ਅਪੀਲ ਸੁਣੀ। ਉਨ੍ਹਾਂ ਦੱਸਿਆ ਕਿ ਲਗਾਤਾਰ ਕਈ ਸਾਲਾਂ ਤੱਕ ਸਰਕਾਰੀ ਦਫ਼ਤਰਾਂ ਦੇ ਚੱਕਰ ਕੱਟਣ ਤੋਂ ਬਾਅਦ ਅੱਜ ਇਹ ਦਿਨ ਆਇਆ ਹੈ। ਰਣਜੀਤ ਕੌਰ ਨੇ ਦੱਸਿਆ ਕਿ ਇਸ ਮਾਮਲੇ 'ਚ ਸੈਨਿਕ ਬੋਰਡ ਨੇ ਉਨ੍ਹਾਂ ਦੀ ਬਹੁਤ ਮਦਦ ਕੀਤੀ। ਉਨ੍ਹਾਂ ਸੈਨਿਕ ਬੋਰਡ ਦਾ ਧੰਨਵਾਦ ਕੀਤਾ।
ਸ਼ਹੀਦ ਦੇ ਭਰਾ ਨੇ ਦੱਸਿਆ ਕਿ ਉਨ੍ਹਾਂ ਨੂੰ ਆਪਣੇ ਭਰਾ ਨਾਇਬ ਸੂਬੇਦਾਰ ਕਰਨੈਲ ਸਿੰਘ ਦੀ ਸ਼ਹਾਦਤ 'ਤੇ ਮਾਣ ਹੈ। ਉਨ੍ਹਾਂ ਦੱਸਿਆ ਕਿ 5 ਅਗਸਤ ਸਾਲ 1999 ਨੂੰ ਕਾਰਗਿਲ ਜੰਗ ਦੇ ਦੌਰਾਨ ਪਾਕਿਸਤਾਨ ਨਾਲ ਲੋਹਾ ਲੈਂਦਿਆਂ ਕਰਨੈਲ ਸਿੰਘ ਸ਼ਹੀਦ ਹੋਏ। ਉਸ ਸਮੇਂ ਸਰਕਾਰ ਨੇ ਪਿੰਡ ਦੇ ਸਰਕਾਰੀ ਸਕੂਲ ਦਾ ਨਾਂਅ ਸ਼ਹੀਦ ਕਰਨੈਲ ਸਿੰਘ ਦੇ ਨਾਂਅ ਉੱਤੇ ਰੱਖਣ ਦਾ ਐਲਾਨ ਕੀਤਾ, ਪਰ 21 ਸਾਲ ਤੱਕ ਇਸ ਸਬੰਧ 'ਚ ਸਰਕਾਰ ਵੱਲੋਂ ਕੋਈ ਕੰਮ ਸ਼ੁਰੂ ਨਹੀਂ ਕੀਤਾ ਗਿਆ। ਲਗਭਗ 21 ਸਾਲਾਂ ਦੀ ਲੰਬੀ ਉਡੀਕ ਮਗਰੋਂ ਪੰਜਾਬ ਦੇ ਸਿੱਖਿਆ ਮੰਤਰੀ ਵੱਲੋਂ ਸੂਬੇ ਦੇ ਅੱਠ ਸਰਕਾਰੀ ਸਕੂਲਾਂ ਦੇ ਨਾਂਅ ਸ਼ਹੀਦਾਂ ਦੇ ਨਾਂਅ ਉੱਤੇ ਰੱਖੇ ਜਾਣ ਦਾ ਐਲਾਨ ਕੀਤਾ ਗਿਆ ਹੈ, ਇਸ 'ਚ ਉਨ੍ਹਾਂ ਦੇ ਸ਼ਹੀਦ ਭਰਾ ਦਾ ਨਾਂਅ ਵੀ ਸ਼ਾਮਲ ਹੈ। ਇਸ ਖ਼ਬਰ ਤੋਂ ਬਾਅਦ ਪਰਿਵਾਰ 'ਚ ਖੁਸ਼ੀ ਦਾ ਮਾਹੌਲ ਹੈ। ਸਕੂਲ ਦੇ ਵਿੱਚ ਨਾਇਬ ਸੂਬੇਦਾਰ ਕਰਨੈਲ ਸਿੰਘ ਦੀ ਯਾਦ ਵਿੱਚ ਯਾਦਗਾਰੀ ਸਮਾਰਕ ਵੀ ਬਣਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਸਰਕਾਰਾਂ ਸ਼ਹੀਦਾਂ ਦੇ ਨਾਂਅ ਤੇ ਸਕੂਲ ਦੇ ਨਾਂਅ ਰੱਖਣ ਬਾਰੇ ਐਲਾਨ ਤਾਂ ਕਰ ਦਿੰਦੀ ਹੈ, ਪਰ ਇਸ ਦੇ ਲਈ ਸ਼ਹੀਦਾਂ ਪਰਿਵਾਰਕ ਮੈਂਬਰਾਂ ਨੂੰ ਬੇਹਦ ਖਜ਼ਲ ਖੁਆਰ ਹੋਣਾ ਪੈਂਦਾ ਹੈ।