ਮਲੇਰਕੋਟਲਾ: ਕੋਰੋਨਾ ਦੇ ਵਧਦੇ ਕੇਸਾਂ ਨੂੰ ਵੇਖਦੇ ਹੋਏ ਪੰਜਾਬ ਸਰਕਾਰ ਦੇ ਨਿਰਦੇਸ਼ਾਂ ਮੁਤਾਬਕ ਪ੍ਰਤੀ ਦਿਨ ਕੋਰੋਨਾ ਟੈਸਟਾਂ ਦੀ ਗਿਣਤੀ ਵਧਾ ਦਿੱਤੀ ਗਈ ਹੈ। ਸ਼ਹਿਰਾਂ ਦੇ ਨਾਲ-ਨਾਲ ਹੁਣ ਸਿਹਤ ਵਿਭਾਗ ਦੇ ਕਰਮਚਾਰੀ ਪਿੰਡਾਂ 'ਚ ਘਰ-ਘਰ ਜਾ ਕੇ ਕੋਰੋਨਾ ਟੈਸਟ ਕਰ ਰਹੇ ਹਨ। ਕੋਰੋਨਾ ਮਹਾਂਮਾਰੀ ਨੂੰ ਲੈ ਕੇ ਲੋਕਾਂ 'ਚ ਦਿਨ-ਬ-ਦਿਨ ਡਰ ਵਧਦਾ ਜਾ ਰਿਹਾ ਹੈ। ਇਸ ਦੇ ਚਲਦੇ ਪਿੰਡਾਂ ਦੇ ਲੋਕ ਕੋਰੋਨਾ ਟੈਸਟ ਕਰਨ ਵਾਲੇ ਸਿਹਤ ਮੁਲਾਜ਼ਮਾਂ ਦੇ ਆਉਣ 'ਤੇ ਰੋਸ ਪ੍ਰਗਟ ਕਰ ਰਹੇ ਹਨ।
ਸੰਗਰੂਰ 'ਚ ਕੋਰੋਨਾ ਟੈਸਟ ਕਰਨ ਲਈ ਪਿੰਡ ਦਿੱਬੜਾ 'ਚ ਗਈ ਸਿਹਤ ਵਿਭਾਗ ਦੀ ਟੀਮ ਉੱਤੇ ਪਿੰਡ ਵਾਸੀਆਂ ਨੇ ਇੱਟਾਂ ਨਾਲ ਹਮਲਾ ਕੀਤਾ। ਮਲੇਰਕੋਟਲਾ ਦੇ ਪਿੰਡ ਭਰਾਲ ਵਿਖੇ ਪੰਚਾਇਤੀ ਮੈਂਬਰਾਂ ਨੇ ਮਤਾ ਪਾਸ ਕੀਤਾ ਹੈ ਕਿ ਉਨ੍ਹਾਂ ਦੇ ਪਿੰਡ 'ਚ ਕੋਈ ਵੀ ਸਿਹਤ ਕਰਮਚਾਰੀ ਨਹੀਂ ਆਵੇਗਾ ਤੇ ਨਾ ਹੀ ਕੋਰੋਨਾ ਟੈਸਟ ਹੋਵੇਗਾ।
ਈਟੀਵੀ ਭਾਰਤ ਨਾਲ ਗੱਲਬਾਤ ਕਰਦਿਆਂ ਪੰਚਾਇਤੀ ਮੈਂਬਰ ਤੇ ਪਿੰਡ ਵਾਸੀਆਂ ਨੇ ਕਿਹਾ ਕਿ ਸਿਹਤ ਕਰਮਚਾਰੀ ਕੋਰੋਨਾ ਟੈਸਟ ਕਰਕੇ ਜਾਂਦੇ ਹਨ ਤੇ ਕਈ ਦਿਨਾਂ ਬਾਅਦ ਰਿਪੋਰਟ ਦਿੱਤੀ ਜਾਂਦੀ ਹੈ। ਇਸ ਮਗਰੋਂ ਸਰਕਾਰੀ ਹਸਪਤਾਲਾਂ 'ਚ ਕੋਰੋਨਾ ਪੀੜਤ ਮਰੀਜ਼ਾਂ ਦਾ ਇਲਾਜ ਸਹੀ ਢੰਗ ਨਾਲ ਨਹੀਂ ਕੀਤਾ ਜਾਂਦਾ। ਇਸ ਤੋਂ ਇਲਾਵਾ ਉਨ੍ਹਾਂ ਨੂੰ ਖਾਣ ਲਈ ਚੰਗਾ ਖਾਣਾ, ਪੀਣ ਲਈ ਸਾਫ ਪਾਣੀ ਆਦਿ ਮੁਹੱਈਆ ਨਹੀਂ ਕਰਵਾਇਆ ਜਾਂਦਾ ਹੈ। ਇਸ ਕਾਰਨ ਕੋਰੋਨਾ ਮਰੀਜ਼ਾਂ ਦੀ ਮੌਤ ਦਰ ਵਧ ਗਈ ਹੈ।
ਇਸ ਮਤੇ ਸਬੰਧੀ ਸੋਸ਼ਲ ਮੀਡੀਆ ਉੱਤੇ ਵੀ ਜਾਣਕਾਰੀ ਸਾਂਝੀ ਕੀਤੀ ਗਈ ਹੈ। ਪਿੰਡ ਵਾਸੀਆਂ ਨੇ ਕਿਹਾ ਕਿ ਜੇਕਰ ਕੋਈ ਸਿਹਤ ਕਰਮਚਾਰੀ ਪਿੰਡ 'ਚ ਦਾਖ਼ਲ ਹੋਵੇਗਾ ਤਾਂ ਉਸ ਦਾ ਵਿਰੋਧ ਕੀਤਾ ਜਾਵੇਗਾ। ਉਨ੍ਹਾਂ ਦੀ ਗੱਲ ਨਾ ਮੰਨਣ 'ਤੇ ਪਿੰਡ ਦੀ ਪੰਚਾਇਤ ਸਣੇ ਪਿੰਡ ਦੇ ਲੋਕ ਜ਼ਿਲ੍ਹਾ ਪੱਧਰ 'ਤੇ ਸਿਹਤ ਕਰਮਚਾਰੀਆਂ ਤੇ ਪੰਜਾਬ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕਰਨਗੇ। ਉਨ੍ਹਾਂ ਆਖਿਆ ਕਿ ਜੇਕਰ ਪਿੰਡ ਦੇ ਕਿਸੀ ਵਿਅਕਤੀ ਦੀ ਤਬੀਅਤ ਖ਼ਰਾਬ ਹੋਵੇਗੀ ਤਾਂ ਉਸ ਨੂੰ ਇਕਾਂਤਵਾਸ 'ਚ ਭੇਜ ਦਿੱਤਾ ਜਾਵੇਗਾ।