ਸੰਗਰੂਰ: ਪਸ਼ੂਆਂ 'ਚ ਤੇਜੀ ਨਾਲ ਫੈਲ ਰਹੇ ਚਮੜੀ ਦੇ ਰੋਗ ਲੰਪੀ ਨੇ ਭਵਾਨੀਗੜ੍ਹ 'ਚ ਵੀ ਦਸਤਕ ਦੇ ਦਿੱਤੀ ਹੈ। ਰਾਮਪੁਰਾ ਰੋਡ 'ਤੇ ਸਥਿਤ ਗਊਸ਼ਾਲਾ ਵਿੱਚ 70 ਤੋਂ 80 ਗਊਵੰਸ਼ ਵਿੱਚ ਲੰਪੀ ਚਮੜੀ ਰੋਗ ਲੱਛਣ ਦਿਖ ਰਹੇ ਹਨ ਹੋ। ਜਿਸ ਸਬੰਧੀ ਗਊਸ਼ਾਲਾ ਦੇ ਪ੍ਰਬੰਧਕਾਂ ਵੱਲੋਂ ਬਿਮਾਰ ਹੋਈਆਂ ਗਊਆਂ ਦੇ ਇਲਾਜ ਸਬੰਧੀ ਤੁਰੰਤ ਹੀ ਉਪਰਾਲੇ ਸ਼ੁਰੂ ਕਰ ਦਿੱਤੇ ਗਏ ਹਨ।
ਗਊਸ਼ਾਲਾ ਦੇ ਮੈਨੇਜਰ ਸੋਮਨਾਥ ਨੇ ਦੱਸਿਆ ਕਿ ਇੱਥੇ ਰੱਖੇ ਗਏ ਪਸ਼ੂਆਂ 'ਚੋਂ 70-80 ਦੇ ਕਰੀਬ ਗਊਵੰਸ਼ਾਂ 'ਚ ਲੰਪੀ ਸਕਿਨ ਡਿਜੀਜ਼ ਦੇ ਲੱਛਣ ਪਾਏ ਗਏ ਹਨ ਜਿਨ੍ਹਾਂ 'ਚ 7 ਦੁਧਾਰੂ ਪਸ਼ੂ ਵੀ ਸ਼ਾਮਲ ਹਨ। ਉਨ੍ਹਾਂ ਦੱਸਿਆ ਕਿ ਕੁੱਝ ਦਿਨ ਪਹਿਲਾਂ ਪ੍ਰਸ਼ਾਸਨ ਦੀ ਇੱਕ ਟੀਮ ਵੱਲੋਂ ਗਊਸ਼ਾਲਾ ਦਾ ਦੌਰਾ ਕੀਤਾ ਗਿਆ ਸੀ ਜਿਸ ਤੋੋਂ ਬਾਅਦ ਪਸ਼ੂਆਂ 'ਚ ਉਕਤ ਚਮੜੀ ਰੋਗ ਫੈਲੇ ਹੋਣ ਦੀ ਪੁਸ਼ਟੀ ਕੀਤੀ ਗਈ ਸੀ ਤੇ ਟੀਮ 'ਚ ਸ਼ਾਮਲ ਮਾਹਿਰ ਡਾਕਟਰਾਂ ਨੇ ਬਿਮਾਰ ਪਸ਼ੂਆਂ ਨੂੰ ਤੰਦਰੁਸਤ ਪਸ਼ੂਆਂ ਤੋਂ ਵੱਖ ਕਰਕੇ ਤੁਰੰਤ ਇਲਾਜ ਸ਼ੁਰੂ ਕਰਨ ਦੀਆਂ ਹਦਾਇਤਾਂ ਦਿੱਤੀਆਂ ਗਈਆਂ ਸਨ। ਉਨ੍ਹਾਂ ਦੱਸਿਆ ਕਿ ਬਿਮਾਰੀ ਦੀ ਚਪੇਟ 'ਚ ਆਏ ਪਸ਼ੂਆਂ ਦਾ ਗਊਸ਼ਾਲਾ ਦੇ ਪ੍ਰਬੰਧਕਾਂ ਵੱਲੋੋਂ ਬਿਨਾਂ ਦੇਰੀ ਕੀਤੇ ਇਲਾਜ ਸ਼ੁਰੂ ਕਰਵਾ ਦਿੱਤਾ ਗਿਆ ਹੈ, ਜੋ ਲਗਾਤਾਰ ਜਾਰੀ ਹੈ।
ਪਸ਼ੂ ਪਾਲਣ ਵਿਭਾਗ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਗਊਸ਼ਾਲਾ 'ਚ ਸਿਰਫ਼ 4-5 ਪਸ਼ੂਆਂ ਦੇ ਕਰੀਬ ਲੰਪੀ ਸਕਿਨ ਡਿਜ਼ੀਜ ਨਾਲ ਪੀੜਤ ਹਨ। ਮੌਕੇ ਦਾ ਜਾਇਜ਼ਾ ਲਿਆ ਗਿਆ ਹੈ ਤੇ ਵਿਭਾਗ ਵੱਲੋਂ ਇਸ ਬਿਮਾਰੀ ਨਾਲ ਗ੍ਰਸਤ ਪਸ਼ੂਆਂ ਦੀ ਵੈਕਸੀਨੇਸ਼ਨ ਕੀਤੀ ਜਾ ਰਹੀ ਹੈ। ਗਊਸ਼ਾਲਾ ਦੇ ਪ੍ਰਬੰਧਕਾਂ ਨੂੰ ਬਿਮਾਰ ਪਸ਼ੂਆਂ ਨੂੰ ਬਾਕੀ ਤੰਦਰੁਸਤ ਪਸ਼ੂਆਂ ਨਾਲੋਂ ਵੱਖ ਰੱਖਣ ਦੀਆਂ ਵਿਸ਼ੇਸ਼ ਹਦਾਇਤਾਂ ਦਿੱਤੀਆਂ ਗਈਆਂ ਹਨ।
ਇਹ ਵੀ ਪੜ੍ਹੋ: ਲੰਪੀ ਸਕਿਨ ਤੋਂ ਕਿਵੇਂ ਬਚਾਏ ਜਾ ਸਕਦੇ ਨੇ ਪਸ਼ੂ, ਇਨਸਾਨਾਂ ਲਈ ਕਿੰਨ੍ਹੀ ਹੈ ਖਤਰਨਾਕ ? ਮਾਹਰ ਡਾਕਟਰ ਨੇ ਦੱਸੀ ਕੱਲੀ-ਕੱਲੀ ਗੱਲ