ਸੰਗਰੂਰ: ਜ਼ਿਲ੍ਹੇ ਦੇ ਪਿੰਡ ਭੱਦਲਵੱਡ ਨੇ ਸਾਰੇ ਪਿੰਡਾਂ ਤੇ ਸ਼ਹਿਰਾਂ ਨੂੰ ਪਿੱਛੇ ਦੇਸ਼ 'ਚ ਆਪਣੀ ਵਿਲਖਣ ਪਛਾਣ ਬਣਾਈ ਹੈ। ਸੰਗਰੂਰ ਦਾ ਇਹ ਪਿੰਡ ਕਿਸੀ ਮੈਟਰੋ ਸਿਟੀ ਨਾਲੋਂ ਘੱਟ ਨਹੀਂ ਹੈ, ਇਥੇ ਸ਼ਹਿਰਾਂ ਵਾਂਗ ਲੋਕਾਂ ਨੂੰ ਸਾਰੀਆਂ ਸਹੂਲਤਾਂ ਉਪਲਵਧ ਹਨ। ਇਹ ਹੀ ਇੱਕ ਕਾਰਨ ਹੈ ਕਿ ਕੇਂਦਰ ਸਰਕਾਰ ਪਿੰਡ ਭੱਦਲਵੜ ਨੂੰ ਰਾਸ਼ਟਰੀ ਅਵਾਰਡ ਨਾਲ ਸਨਮਾਨਤ ਕਰਨ ਜਾ ਰਹੀ ਹੈ।
ਪਿੰਡ ਭੱਦਲਵੱਡ 'ਚ ਪੇਡੂ ਲੋਕਾਂ ਲਈ 24 ਘੰਟੇ ਪਾਣੀ ਦੀ ਸਪਲਾਈ, ਹਰ ਘਰ ਵਿੱਚ ਸ਼ੌਚਾਲਏ, ਸੀਵਰੇਜ ਦੀ ਸਹੂਲਤ, ਖੇਡਣ ਲਈ ਮੈਦਾਨ, ਕਸਰਤ ਕਰਨ ਲਈ ਜਿੰਮ ਤੇ ਖੂਬਸੂਰਤ ਪਾਰਕ ਬਣਾਏ ਗਏ ਹਨ। ਇਸ ਤੋਂ ਇਲਾਵਾ ਪਿੰਡ 'ਚ ਸੀਸੀਟੀਵੀ ਕੈਮਰੇ, ਪੱਕੀਆਂ ਗੱਲੀਆਂ ਅਤੇ ਰੋਸ਼ਨੀ ਲਈ ਸੋਲਰ ਲਾਇਟਾਂ ਦਾ ਪੁਖਤਾ ਪ੍ਰਬੰਧ ਕੀਤਾ ਗਿਆ ਹੈ। ਇਸ ਪਿੰਡ ਦੀ ਸਰਪੰਚ ਨੀਤੂ ਸ਼ਰਮਾ ਨੇ ਆਪਣੀ ਸੂਝ ਅਤੇ ਫੰਡਾਂ ਦਾ ਸਦੁਪਯੋਗ ਕਰਕੇ ਆਪਣੇ ਪਿੰਡ ਨੂੰ ਵੱਖ ਪਛਾਣ ਦਵਾਈ ਹੈ।
ਮੌਜੂਦਾ ਸਰਪੰਚ ਨੀਤੂ ਸ਼ਰਮਾ ਅਤੇ ਉਨ੍ਹਾਂ ਦੇ ਪਤੀ ਤੇ ਸਾਬਕਾ ਸਰਪੰਚ ਸੁਖਪਾਲ ਸ਼ਰਮਾ 2008 ਤੋਂ ਲਗਾਤਾਰ ਪਿੰਡ ਦੀ ਕਮਾਨ ਸੰਭਾਲੇ ਹੋਏ ਹਨ। ਸਾਬਕਾ ਸਰਪੰਚ ਸੁਖਪਾਲ ਸ਼ਰਮਾ ਨੇ ਸਾਰੀਆਂ ਪਾਰਟੀਆਂ ਦਾ ਧੰਨਵਾਦ ਕੀਤਾ ਹੈ, ਉਨ੍ਹਾਂ ਕਿਹਾ ਪਾਰਟੀ ਕੋਈ ਵੀ ਸਤਾ 'ਚ ਹੋਵੇ ਪਰ ਹਰ ਕਿਸੀ ਨੇ ਪਿੰਡ ਲਈ ਪੈਸੇ ਦਿੱਤੇ ਹਨ।
ਪਿੰਡ ਵਾਸੀਆਂ ਦਾ ਵੀ ਕਹਿਣਾ ਹੈ ਕਿ ਉਨ੍ਹਾਂ ਨੂੰ ਬੇਹੱਦ ਖੁਸ਼ੀ ਹੈ ਕਿ ਉਨ੍ਹਾਂ ਦੇ ਪਿੰਡ ਦੇ ਮੁਖੀ ਨੇ ਉਨ੍ਹਾਂ ਦੇ ਪਿੰਡ ਲਈ ਇੰਨਾ ਕੰਮ ਕੀਤਾ ਹੈ, ਜੋ ਕਾਬਿਲੇ ਤਾਰੀਫ ਹੈ। ਇਸ ਦੇ ਲਈ ਅੱਜ ਕੇਂਦਰ ਸਰਕਾਰ ਵੀ ਸਾਡੇ ਪਿੰਡ ਦੀ ਮੁਰੀਦ ਹੋ ਚੁੱਕੀ ਹੈ ਅਤੇ ਸਾਨੂੰ ਸਨਮਾਨ ਦੇਣ ਜਾ ਰਹੀ ਹੈ ।
ਸਿਰਫ ਸਰਕਾਰੀ ਫੰਡ ਦਾ ਸਦਉਪਯੋਗ ਕਰਕੇ ਹੀ ਭੱਦਲਵੱਡ ਦੀ ਪੰਚਾਇਤ ਨੇ ਪਿੰਡ ਦੀ ਨੁਹਾਰ ਬਦਲ ਕੇ ਰੱਖ ਦਿੱਤੀ ਗੈ। ਇਹ ਸਭ ਦਰਸਾਉਂਦਾ ਹੈ ਕਿ ਵਿਕਾਸ ਕਾਰਜਾਂ ਨੂੰ ਨੇਪਰੇ ਚਾੜਨ ਲਈ ਵੱਖ ਤੋਂ ਕੁਝ ਵੀ ਕਰਨ ਦੀ ਲੋੜ ਨਹੀਂ ਹੁੰਦੀ, ਬੱਸ ਨੇਕ ਨਿਅਤ ਹੋਣੀ ਚਾਹੀਦੀ ਹੈ, ਕੰਮ ਤਾਂ ਰੱਬ ਹੱਥ ਫੜ੍ਹਾ ਕੇ ਕਰਵਾ ਦਿੰਦਾ ਹੈ।