ਪਟਿਆਲਾ: ਖੇਤੀ ਬਿੱਲਾਂ ਨੂੰ ਲੈ ਕੇ ਕਿਸਾਨਾਂ ਨੇ ਆਪਣੇ ਹੱਕਾਂ ਲਈ ਕੇਂਦਰ ਸਰਕਾਰ ਨਾਲ ਆਰ-ਪਾਰ ਦੀ ਜੰਗ ਛੇੜ ਦਿੱਤੀ ਹੈ। ਖੇਤੀ ਬਿੱਲਾਂ ਨੂੰ ਲੈ ਕੇ ਕਿਸਾਨਾਂ ਦਾ ਸੰਘਰਸ਼ ਤਿੱਖਾ ਹੁੰਦਾ ਵੇਖ ਹੁਣ ਕਈ ਸਿਆਸੀ ਪਾਰਟੀਆਂ ਕਿਸਾਨਾਂ ਦਾ ਸਮਰਥਨ ਕਰ ਰਹੀਆਂ ਹਨ। ਇਸੇ ਕੜੀ 'ਚ ਕਿਸਾਨਾਂ ਦੇ ਹੱਕ 'ਚ ਨਿੱਤਰੇ ਸ਼੍ਰੋਮਣੀ ਅਕਾਲੀ ਦਲ ਨੇ ਨਾਭਾ 'ਚ ਖੇਤੀ ਆਰਡੀਨੈਂਸਾਂ ਦੇ ਵਿਰੁੱਧ ਵਿਸ਼ਾਲ ਧਰਨਾ ਲਾਇਆ।
ਇਹ ਧਰਨਾ ਅਕਾਲੀ ਦਲ ਦੇ ਹਲਕਾ ਮੁਖੀ ਕਬੀਰ ਦਾਸ ਦੀ ਅਗਵਾਈ 'ਚ ਪਟਿਆਲਾ ਗੇਟ ਵਿਖੇ ਦਿੱਤਾ ਗਿਆ। ਇਸ ਮੌਕੇ ਅਕਾਲੀ ਵਰਕਰਾਂ ਨੇ ਭਾਜਪਾ ਸਰਕਾਰ ਖਿਲਾਫ ਜਮ ਕੇ ਨਾਅਰੇਬਾਜ਼ੀ ਕੀਤੀ।
ਅਕਾਲੀ ਆਗੂ ਕਬੀਰ ਦਾਸ ਨੇ ਖੇਤੀ ਬਿੱਲਾਂ ਨੂੰ ਕਾਲਾ ਕਾਨੂੰਨ ਦੱਸਦੇ ਹੋਏ ਇਸ ਦਾ ਵਿਰੋਧ ਕੀਤਾ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਨੇ ਪੰਜਾਬ ਚੋਂ ਖੇਤੀ ,ਕਿਸਾਨੀ, ਮੰਡੀਕਰਣ ਨੂੰ ਖ਼ਤਮ ਕਰਨ ਲਈ ਇਹ ਖੇਤੀ ਆਰਡੀਨੈਂਸ ਪਾਸ ਕੀਤੇ ਹਨ। ਜਦੋਂ ਇਸ ਸਬੰਧੀ ਕੇਂਦਰੀ ਕੈਬਿਨੇਟ 'ਚ ਅਕਾਲੀ ਦਲ ਦੀ ਆਗੂ ਬੀਬੀ ਹਰਸਿਮਰਤ ਕੌਰ ਦੀ ਗੱਲ ਨਹੀਂ ਸੁਣੀ ਗਈ ਤਾਂ ਉਨ੍ਹਾਂ ਨੇ ਅਸਤੀਫਾ ਦੇਣਾ ਬਿਹਤਰ ਸਮਝਿਆ।
ਉਨ੍ਹਾਂ ਆਖਿਆ ਕਿ ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਗਏ ਇਹ ਬਿੱਲ ਨਾਂ ਸਿਰਫ ਕਿਸਾਨ ਵਿਰੋਧੀ ਹਨ, ਸਗੋਂ ਆੜਤੀਆਂ, ਦਿਹਾੜੀਦਾਰਾਂ ਤੇ ਮੰਡੀ 'ਚ ਕੰਮ ਕਰਨ ਵਾਲੇ ਲੋਕਾਂ ਦੇ ਖਿਲਾਫ ਹਨ। ਇਸ ਲਈ ਅਕਾਲੀ ਦਲ ਉਦੋਂ ਤੱਕ ਇਨ੍ਹਾਂ ਬਿੱਲਾਂ ਦਾ ਵਿਰੋਧ ਕਰਦਾ ਰਹੇਗਾ ਜਦ ਤੱਕ ਕਿ ਇਹ ਬਿੱਲ ਵਾਪਸ ਨਹੀਂ ਲਏ ਜਾਂਦੇ। ਉਨ੍ਹਾਂ ਆਖਿਆ ਕਿ ਸ਼੍ਰੋਮਣੀ ਅਕਾਲੀ ਦਲ ਦੀ ਨਾਭਾ ਇਕਾਈ ਇਸ ਸੰਘਰਸ਼ ਲਈ ਪੂਰੀ ਤਰ੍ਹਾਂ ਕਿਸਾਨ ਜਥੇਬੰਦੀਆਂ ਦਾ ਸਮਰਥਨ ਕਰੇਗੀ।