ਪਟਿਆਲਾ : ਗਰਮੀ ਦੇ ਮੌਸਮ 'ਚ ਉਂਝ ਤਾਂ ਲੋਕ ਵਾਟਰ ਪਾਰਕ ਆਦਿ ਜਾਣਾ ਬੇਹਦ ਪਸੰਦ ਕਰਦੇ ਹਨ। ਸ਼ਾਹੀ ਸ਼ਹਿਰ ਮੰਨੇ ਜਾਣ ਵਾਲੇ ਪਟਿਆਲਾ 'ਚ ਇੱਕ ਅਜਿਹੀ ਥਾਂ ਵੀ ਹੈ ਜਿਥੇ ਸਥਾਨਕ ਲੋਕ, ਬੱਚੇ ਤੇ ਹਰ ਕੋਈ ਜਾਣਾ ਪਸੰਦ ਕਰਦਾ ਹੈ, ਇਹ ਥਾਂ ਬਾਰਾਂਦਰੀ 'ਚ ਬਣਿਆ ਫਰਨ ਹਾਊਸ ਹੈ।
ਭਾਰਤ 'ਚ ਅਜਿਹਾ ਫਰਨ ਹਾਊਸ ਮਹਿਜ ਦੋ ਥਾਵਾਂ ਉੱਤੇ ਹੀ ਬਣਿਆ ਹੋਇਆ ਹੈ, ਜਿਨ੍ਹਾਂ 'ਚੋਂ ਇੱਕ ਪਟਿਆਲਾ ਤੇ ਦੂਜਾ ਕੋਲਕਾਤਾ ਵਿੱਚ ਹੈ। ਇਹ ਫਰਨ ਹਾਊਸ ਪਟਿਆਲਾ ਰਿਆਸਤ ਦੇ ਇਤਿਹਾਸ ਨੂੰ ਦਰਸਾਉਂਦਾ ਹੈ। ਇਸ ਬਾਰੇ ਦੱਸਦੇ ਹੋਏ ਇਸ ਦੀ ਸਾਂਭ ਸੰਭਾਲ ਕਰਨ ਵਾਲੇ ਬਾਗਵਾਨੀ ਅਫ਼ਸਰ ਐਸ.ਐਸ.ਮਾਨ ਨੇ ਈਟੀਵੀ ਭਾਰਤ ਨੂੰ ਦੱਸਿਆ ਕਿ ਇਹ ਫਰਨ ਹਾਊਸ ਸਾਲ 1876 ਤੋਂ 1900 ਦੇ ਸਮੇਂ ਵਿੱਚ ਤਿਆਰ ਕੀਤਾ ਗਿਆ ਸੀ।
ਇਸ ਪਟਿਆਲਾ ਰਿਆਸਤ ਦੇ ਰਾਜਾ ਰਜਿੰਦਰ ਸਿੰਘ ਨੇ ਬਣਵਾਇਆ ਸੀ। ਇਹ ਫਰਨ ਹਾਊਸ ਤਕਰੀਬਨ .08 ਕਨਾਲ ਦੇ ਰਕਬੇ 'ਚ ਤਿਆਰ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਬਾਗਵਾਨੀ ਵਿਭਾਗ ਵੱਲੋਂ ਅਜੇ ਵੀ ਇਸ ਇਤਿਹਾਸਕ ਫਵਾਰਿਆਂ ਦੀ ਫਰਨ ਹਾਊਸ ਵਿੱਚ ਸਾਂਭ ਸੰਭਾਲ ਕੀਤੀ ਜਾ ਰਹੀ ਹੈ।
ਇਸ ਨੂੰ ਤਿਆਰ ਕਰਨ ਲਈ ਤਕਰੀਬਨ 96 ਖੰਭੇ ਤਿਆਰ ਕੀਤੇ ਗਏ ਸਨ, ਜਿਸ ਉੱਤੇ ਫਵਾਰੇ ਫਿੱਟ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਇਸ ਫਰਨ ਹਾਊਸ ਦੇ ਆਲੇ-ਦੁਆਲੇ ਹਰੇ ਬੂਟੇ, ਦਰਖ਼ਤ ਆਦਿ ਲੱਗੇ ਹੋਏ ਹਨ। ਇਸ ਨੂੰ ਪੱਥਰ, ਚੂਨੇ ਆਦਿ ਨਾਲ ਤਿਆਰ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਸ਼ੁਰੂਆਤੀ ਦਿਨਾਂ 'ਚ ਇਸ ਨੂੰ ਚਲਾਉਣ ਲਈ ਪਟਿਆਲਾ ਦੇ ਕਾਲੀ ਮਾਤਾ ਮੰਦਰ ਕੋਲੋਂ ਪਾਣੀ ਦੀ ਸਪਲਾਈ ਕੀਤੀ ਜਾਂਦੀ ਸੀ ਪਰ ਹੁਣ ਇਸ 'ਚ ਮੋਟਰ ਰਾਹੀਂ ਪਾਣੀ ਦੀ ਸਪਲਾਈ ਕੀਤੀ ਜਾਂਦੀ ਹੈ।
ਐਸ.ਐਸ.ਮਾਨ ਨੇ ਦੱਸਿਆ ਕਿ ਰਾਜਾ ਰਜਿੰਦਰ ਸਿੰਘ ਵੱਲੋਂ ਇਹ ਫਰਨ ਹਾਊਸ ਇਸ ਲਈ ਬਣਵਾਇਆ ਗਿਆ ਸੀ ਤਾਂ ਜੋ ਕਿਸੇ ਵੀ ਮੌਸਮ 'ਚ ਕੁਦਰਤੀ ਮੀਂਹ ਦਾ ਆਨੰਦ ਮਾਣਿਆ ਜਾ ਸਕੇ। ਐਸ.ਐਸ.ਮਾਨ ਨੇ ਦੱਸਿਆ ਗਰਮੀਆਂ ਦੇ ਮੌਸਮ 'ਚ ਇਥੇ ਆਉਣ ਵਾਲੇ ਸੈਲਾਨੀਆਂ ਦੀ ਆਮਦ ਵੱਧ ਜਾਂਦੀ ਹੈ।
ਇਥੇ ਕੋਈ ਵੀ ਆਮ ਵਿਅਕਤੀ ਇਸ ਫਰਨ ਹਾਊਸ ਨੂੰ ਵੇਖਣ ਆ ਸਕਦਾ ਹੈ। ਇਥੇ ਸਕੂਲੀ ਵਿਦਿਆਰਥੀ, ਸਥਾਨਕ ਲੋਕ ਵੀ ਆਉਂਦੇ ਹਨ। ਅਜਿਹਾ ਕਿਹਾ ਜਾ ਸਕਦਾ ਹੈ ਕਿ ਪਟਿਆਲਾ ਰਿਆਸਤ ਦੇ ਇਤਿਹਾਸ ਨੂੰ ਦਰਸਾਉਂਦਾ ਇਹ ਫਰਨ ਹਾਊਸ ਅਜੇ ਵੀ ਲੋਕਾਂ ਲਈ ਖਿੱਚ ਦਾ ਕੇਂਦਰ ਬਣਿਆ ਹੋਇਆ ਹੈ।