ਪਟਿਆਲਾ: ਹਲਕਾ ਸਨੌਰ ਵਿਖੇ ਪਿੰਡ ਭਸਮੜ੍ਹੇ 'ਚ ਦੋ ਧਿਰਾਂ 'ਚ ਆਪਸੀ ਝਗੜਾ ਹੋਇਆ। ਇਸ ਮਾਮਲੇ ਨੂੰ ਲੈ ਕੇ ਇੱਕ ਮਹਿਲਾ ਨੇ ਪੁਲਿਸ ਕੋਲ ਦੂਜੀ ਧਿਰ ਖਿਲਾਫ ਸ਼ਿਕਾਇਤ ਦਰਜ ਕਰਵਾਈ ਹੈ। ਮਹਿਲਾ ਨੇ ਆਪਣੇ ਗੁਆਂਢੀਆਂ 'ਤੇ ਉਸ ਦੀ ਧੀ ਨਾਲ ਕੁੱਟਮਾਰ ਤੇ ਛੇੜਛਾੜ ਕਰਨ ਦੇ ਦੋਸ਼ ਲਾਏ ਹਨ।
ਪੁਲਿਸ ਕੋਲ ਸ਼ਿਕਾਇਤ ਦਿੰਦੇ ਹੋਏ ਪੀੜਤ ਮਹਿਲਾ ਨੇ ਦੱਸਿਆ ਕਿ ਉਸ ਦੇ ਪਤੀ ਦੀ ਮੌਤ ਹੋ ਚੁੱਕੀ ਹੈ। ਉਹ ਦਿਹਾੜੀ ਕਰਕੇ ਆਪਣੇ ਛੋਟੇ ਪੁੱਤਰ ਤੇ ਧੀ ਨੂੰ ਪਾਲ ਰਹੀ ਹੈ। ਉਸ ਦੇ ਪਿੰਡ 'ਚ ਰਹਿਣ ਵਾਲੇ ਮੁੰਡੇ ਵਿਜੇ ਕੁਮਾਰ, ਅਜੇ ਕੁਮਾਰ, ਵਿਕਾਸ ਤੇ ਬਿੱਟੂ ਰਾਮ ਅਤੇ ਉਸ ਦੀ ਪਤਨੀ ਉਸ ਦੀ ਧੀ ਨੂੰ ਮਾਨਸਿਕ ਤੌਰ 'ਤੇ ਪਰੇਸ਼ਾਨ ਕਰਦੇ ਹਨ। ਪੀੜਤ ਮਹਿਲਾ ਨੇ ਦੱਸਿਆ ਕਿ ਜਦ ਉਹ ਕੰਮ 'ਤੇ ਚੱਲੀ ਜਾਂਦੀ ਹੈ ਤਾਂ ਉਕਤ ਮੁਲਜ਼ਮ ਜਬਰਨ ਉਨ੍ਹਾਂ ਦੇ ਘਰ 'ਚ ਦਾਖਲ ਹੋ ਕੇ ਉਸ ਦੀ ਧੀ ਨਾਲ ਛੇੜਛਾੜ ਕਰਦੇ ਹਨ। ਮੁਲਜ਼ਮ ਉਸ ਧੀ ਨੂੰ ਅਗ਼ਵਾ ਕਰਨ ਦੀ ਵੀ ਧਮਕੀਆਂ ਦੇ ਰਹੇ ਹਨ ਤੇ ਉਹ ਅਕਸਰ ਉਨ੍ਹਾਂ ਦਾ ਪਿੱਛਾ ਵੀ ਕਰਦੇ ਹਨ।
ਪੀੜਤਾ ਨੇ ਦੱਸਿਆ ਕਿ ਜਦ ਉਹ ਇਨ੍ਹਾਂ ਮੁੰਡੀਆਂ ਦੀ ਸ਼ਿਕਾਇਤ ਕਰਨ ਉਨ੍ਹਾਂ ਘਰ ਪੁੱਜੀ ਤਾਂ ਮੁਲਜ਼ਮਾਂ ਦੇ ਪਰਿਵਾਰਕ ਮੈਂਬਰਾਂ ਨੇ ਉਸ ਦੀ ਧੀ ਤੇ ਉਸ ਨਾਲ ਕੁੱਟਮਾਰ ਕੀਤੀ। ਪੀੜਤ ਮਹਿਲਾ ਨੇ ਆਪਣੀ ਧੀ ਨੂੰ ਉਕਤ ਮੁਲਜ਼ਮਾਂ ਤੋਂ ਖ਼ਤਰਾ ਹੋਣ ਦੀ ਗੱਲ ਆਖੀ ਹੈ। ਉਸ ਨੇ ਇਨਸਾਫ ਦੀ ਮੰਗ ਕਰਦਿਆਂ ਉਕਤ ਮੁਲਜ਼ਮਾਂ ਖਿਲਾਫ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ।
ਇਸ ਬਾਰੇ ਥਾਣਾ ਜੁਲਕਾਂ ਦੇ ਇੰਚਾਰਜ ਹਰਮਨਪ੍ਰੀਤ ਸਿੰਘ ਚੀਮਾ ਨੇ ਦੱਸਿਆ ਕਿ ਇਨ੍ਹਾਂ ਦੋਹਾਂ ਧਿਰਾਂ ਵਿਚਾਲੇ ਪਹਿਲਾਂ ਵੀ ਝਗੜਾ ਹੋਇਆ ਸੀ। ਕੁੱਝ ਸਮੇਂ ਬਾਅਦ ਦੋਹਾਂ ਧਿਰਾਂ ਨੇ ਆਪਸੀ ਸਹਿਮਤੀ ਨਾਲ ਰਾਜੀਨਾਮਾ ਕਰ ਲਿਆ ਸੀ। ਰਾਜੀਨਾਮਾ ਹੋਣ ਮਗਰੋਂ ਮੁੜ ਤੋਂ ਪੀੜਤ ਮਹਿਲਾ ਤੇ ਉਸ ਦੀ ਧੀ ਨਾਲ ਕੁੱਟਮਾਰ ਕੀਤੀ ਗਈ। ਇਹ ਸਾਰੀ ਘਟਨਾ ਸੀਸੀਟੀਵੀ ਕੈਮਰੇ 'ਚ ਕੈਦ ਹੋ ਗਈ ਹੈ। ਪੁਲਿਸ ਵੱਲੋਂ ਪੀੜਤ ਮਹਿਲਾ ਤੇ ਉਸ ਦੀ ਧੀ ਦੇ ਬਿਆਨ ਦਰਜ ਕਰ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਜਾਰੀ ਹੈ। ਉਨ੍ਹਾਂ ਕਿਹਾ ਮਾਮਲੇ ਦੀ ਜਾਂਚ ਦੌਰਾਨ ਮੁਲਜ਼ਮ ਪਾਏ ਜਾਣ ਵਾਲਿਆਂ ਖਿਲਾਫ ਸਖ਼ਤ ਕਾਰਵਾਈ ਕੀਤੀ ਜਾਵੇਗੀ।