ਪਟਿਆਲਾ: ਐਐਸਪੀ ਹਰਚਰਨ ਸਿੰਘ ਭੁੱਲਰ ਨੇ ਦੱਸਿਆ ਕਿ ਪਿਛਲੇ ਸਮੇਂ ਦੌਰਾਨ ਵਾਪਰੀਆਂ ਘਟਨਾਵਾਂ ਅਤੇ ਅਗਾਮੀ ਚੋਣਾਂ ਦੇ ਮੱਦੇਨਜਰ ਮਾੜੇ ਅਨਸਰਾਂ ਖਿਲਾਫ ਵਿੱਢੀ ਗਈ ਮੁਹਿੰਮ ਤਹਿਤ ਪਟਿਆਲਾ ਪੁਲਿਸ ਨੂੰ ਉਸ ਸਮੇਂ ਕਾਮਯਾਬੀ ਮਿਲੀ, ਜਦੋ ਮਿਤੀ 26 ਦਸੰਬਰ ਨੂੰ ਵੱਖ ਵੱਖ ਧਾਰਮਿਕ ਸਥਾਨਾਂ ਅਤੇ ਹੋਰ ਜਨਤਕ ਥਾਵਾਂ ’ਤੇ ਜਾ ਲੋਕਾਂ ਨੂੰ ਖਾਲਿਸਤਾਨ ਬਣਾਉਣ ਲਈ ਰੈਫਰੈਂਡਮ ਕਰਾਉਣ ਲਈ ਵੋਟਿੰਗ ਕਰਨ ਲਈ ਉਕਸਾਉਣ ਦੀ ਮਨਸ਼ਾ ਨਾਲ ਰਜਿਸਟ੍ਰੇਸ਼ਨ ਫਾਰਮ ਵੰਡੇ ਜਾ ਰਹੇ ਸੀ। ਉਨ੍ਹਾਂ ਦੱਸਿਆ ਕਿ ਇਸ ਦੌਰਾਨ ਦੋ ਵਿਅਕਤੀਆਂ ਨੂੰ ਸਮੇਤ ਇੱਕ ਔਰਤ ਨੂੰ ਭਾਰੀ ਮਾਤਰਾ ਵਿੱਚ ਖਾਲਿਸਤਾਨ ਪੱਖੀ ਸਮੱਗਰੀ ਸਮੇਤ ਕਾਬੂ ਕੀਤਾ ਗਿਆ ਹੈ(Patiala police nabed three for allegedly working for SFJ)।
ਐਐਸਪੀ ਮੁਤਾਬਕ ਇਸ ਤੋਂ ਇਲਾਵਾ ਇਨ੍ਹਾਂ ਵਿਅਕਤੀਆਂ ਨੇ ਧਾਰਮਿਕ ਸਥਾਨਾਂ ਅਤੇ ਜਨਤਕ ਥਾਵਾਂ ’ਤੇ ਖਾਲਿਸਤਾਨ ਜਿੰਦਾਬਾਦ ਅਤੇ ਅਜਾਦੀ ਦਾ ਇੱਕੋ ਹੱਲ ਖਾਲਿਸਤਾਨ ਆਦਿ ਨਾਅਰੇ ਵੀ ਲਿਖੇ ਤੇ ਪੋਸਟਰ ਚਿਪਕਾਏ। ਉਨ੍ਹਾਂ ਦੱਸਿਆ ਕਿ ਇਨ੍ਹਾਂ ਨੂੰ ਇਹ ਪੋਸਟਰ ਹੋਰ ਪ੍ਰਿੰਟਿੰਗ ਸਮੱਗਰੀ ਜਗਮੀਤ ਸਿੰਘ ਦੀ ਮਾਤਾ ਜਸਵੀਰ ਕੌਰ ਮੁਹੱਈਆ ਕਰਵਾਉਂਦੀ ਸੀ। ਪੁਲਿਸ ਮੁਤਾਬਕ ਜਸਵੀਰ ਕੌਰ ਬੱਬਰ ਖਾਲਸਾ ਇੰਟਰਨੈਸ਼ਨਲ ਦੇ ਏਰੀਆ ਕਮਾਂਡਰ ਰਹੇ ਮਨਜੀਤ ਸਿੰਘ ਦੇ ਭਰਾ ਕੁਲਦੀਪ ਸਿੰਘ ਦੀ ਪਤਨੀ ਹੈ। ਪੁਲਿਸ ਮੁਤਾਬਕ ਉਕਤ ਕਾਰਵਾਈਆਂ ਕਾਰਨ ਇਨ੍ਹਾਂ ਵਿਰੁੱਧ ਥਾਣਾ ਬਨੂੜ ਵਿਖੇ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ।
ਭੁੱਲਰ ਨੇ ਹੋਰ ਜਾਣਕਾਰੀ ਦਿੰਦਿਆ ਦੱਸਿਆ ਮੁੱਢਲੀ ਪੁੱਛਗਿੱਛ ਤੋਂ ਸਾਹਮਣੇ ਆਇਆ ਹੈ ਇਹ ਕੰਮ ਦੀ ਮੁੱਖ ਕਰਤਾ ਧਰਤਾ ਜਸਵੀਰ ਕੌਰ ਹੈ, ਜਿਸ ਦਾ ਪਤੀ ਕੁਲਦੀਪ ਜੋ ਪੰਜਾਬ ਰੋਡਵੇਜ ਚੰਡੀਗੜ੍ਹ ਵਿਖੇ ਸੁਪਰਡੈਂਟ ਦੀ ਨੌਕਰੀ ਕਰਦਾ ਹੈ। ਕੁਲਦੀਪ ਸਿੰਘ ਅਖੰਡ ਜਥੇ ਸੇਵਾ ਕਰਨ ਲਈ ਆਪਣੇ ਪਰਿਵਾਰ ਸਮੇਤ ਗੁਰਦੁਆਰਾ ਸਾਹਿਬ ਸ੍ਰੀ ਫਤਿਹਗੜ੍ਹ ਸਾਹਿਬ ਸੀ, ਜਿਥੇ ਰਵਿੰਦਰ ਸਿੰਘ ਵੀ ਸੇਵਾ ਕਰਦਾ ਸੀ। ਰਵਿੰਦਰ ਸਿੰਘ ਅਤੇ ਜਗਮੀਤ ਸਿੰਘ ਵਿੱਚ ਵਿਚਾਰ ਮਿਲਣ ਕਰਕੇ ਦੋਸਤੀ ਹੋ ਗਈ ਅਤੇ ਦੋਵੇਂ ਹੀ ਇਸ ਗੈਰਕਾਨੂੰਨੀ ਗਤੀਵਿਧੀਆਂ ਸਰਗਰਮ ਹੋ ਗਏ।
ਸੋਸ਼ਲ ਮੀਡੀਆ ’ਤੇ ਸਰਗਰਮੀ
ਪੁਲਿਸ ਮੁਤਾਬਕ ਜਸਵੀਰ ਕੌਰ ਅਤੇ ਉਸ ਦਾ ਬੇਟਾ ਜਗਮੀਤ ਸਿੰਘ ਮੀਡੀਆ ਜਿਵੇਂ ਵੱਟਸਐਪ, ਅਤੇ ਯੂ-ਟਿਊਬ ਰਾਹੀ ਵੱਖ ਖਾਲਿਸਤਾਨ ਬਣਾਉਣ ਸਬੰਧੀ ਰਿਫਰੈਂਡਮ-2020, ਸਿੱਖ ਜਸਟਿਸ ਵਰਗੀਆਂ ਪਾਬੰਦੀ ਸ਼ੁਦਾ ਸੰਸਥਾਵਾਂ ਨਾਲ ਜੁੜੇ ਹੋਏ ਸਨ। ਸਿੱਖਸ ਫਾਰ ਜਸਟਿਸ ਜੋ ਵਿਦੇਸ਼ ਵਿੱਚ ਬੈਠੇ ਵਿਅਕਤੀ ਇੰਟਰਨੈੱਟ ਰਾਹੀਂ ਮੀਡੀਆ ਚਲਾ ਰਹੇ ਹਨ ਅਤੇ ਭਾਰਤ ਵਿੱਚ ਜਥੇਬੰਦੀ ਬੈਨ ਹੈ ਅਤੇ ਜੱਥੇਬੰਦੀ ਪੰਜਾਬ ਵਿੱਚ ਨੌਜਵਾਨਾਂ ਨੂੰ ਅਜਿਹੀਆਂ ਸਰਗਰਮੀਆਂ ਲਈ ਪ੍ਰੇਰਿਤ ਕਰਦੀ ਹੈ।