ਪਟਿਆਲਾ: ਸ਼ਹਿਰ 'ਚ ਵਕੀਲਾਂ ਤੇ ਮਹਿਲਾ ਮੋਰਚਾ ਵੱਲੋਂ ਬਾਲੀਵੁੱਡ ਅਦਾਕਾਰਾਂ ਦਾ ਸਮਰਥਨ ਕੀਤਾ ਗਿਆ। ਇਸ ਮੌਕੇ ਪ੍ਰਦਰਸ਼ਨਕਾਰੀਆਂ ਨੇ ਕਿਸਾਨਾਂ ਤੇ ਹਾਲੀਵੁੱਡ ਅਦਾਕਾਰਾ ਰਿਹਾਨਾ ਦੇ ਹੱਕ 'ਚ ਆਵਾਜ਼ ਬੁਲੰਦ ਕੀਤੀ ਗਈ। ਇਸ ਪ੍ਰਦਰਸ਼ਨ 'ਚ ਵੱਡੀ ਗਿਣਤੀ ਵਕੀਲਾਂ, ਮਹਿਲਾਵਾਂ ਤੇ ਕਿੰਨਰ ਸਮਾਜ ਦੇ ਲੋਕਾਂ ਨੇ ਹਿੱਸਾ ਲਿਆ। ਪ੍ਰਦਰਸ਼ਨਕਾਰੀਆਂ ਨੇ ਕੇਂਦਰ ਸਰਕਾਰ ਤੇ ਬਾਲੀਵੁੱਡ ਅਦਾਕਾਰਾਂ ਦੇ ਖਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ। ਉਨ੍ਹਾਂ ਕਿਹਾ ਕਿ ਕਿਸਾਨਾਂ ਪ੍ਰਤੀ ਕੇਂਦਰ ਸਰਕਾਰ ਦਾ ਰਵੱਈਆ ਬੇਹਦ ਨਿੰਦਣਯੋਗ ਹੈ।
ਐਡਵੋਕੇਟ ਦਲਜੀਤ ਕੌਰ ਚੀਮਾ ਨੇ ਕਿਹਾ ਕਿ ਅਸੀਂ ਹਾਲੀਵੁੱਡ ਅਦਾਕਾਰਾ ਰਿਹਾਨਾ ਦੇ ਹੱਕ ਵਿੱਚ ਆਵਾਜ਼ ਬੁਲੰਦ ਕਰਨ ਲਈ ਇਕੱਠੇ ਹੋਏ ਹਾਂ। ਅਸੀਂ ਬਾਲੀਵੁੱਡ ਦੇ ਅਦਾਕਾਰਾਂ ਦਾ ਬਾਈਕਾਟ ਕਰਦੇ ਹਾਂ। ਕਿਉਂਕਿ ਇਹ ਪੰਜਾਬ 'ਚ ਫ਼ਿਲਮਾਂ ਬਣਾ ਕੇ ਇਥੋਂ ਪੈਸਾ ਕਮਾ ਕੇ ਇਸ ਮੁਕਾਮ ਤੱਕ ਪਹੁੰਚੇ ਹਨ, ਪਰ ਹੁਣ ਜਦੋਂ ਦੇਸ਼ ਦੇ ਕਿਸਾਨਾਂ ਨੂੰ ਇਨ੍ਹਾਂ ਦੀ ਲੋੜ ਹੈ ਤਾਂ ਸਾਡੇ ਬਾਲੀਵੁੱਡ ਕਲਾਕਾਰ ਤੇ ਖਿਡਾਰੀ ਕਿਸਾਨਾਂ 'ਤੇ ਗਲਤ ਟਿੱਪਣੀਆਂ ਕਰ ਰਹੇ ਹਨ।
ਉਨ੍ਹਾਂ ਕਿਹਾ ਕਿ ਬਾਲੀਵੁੱਡ ਅਦਾਕਾਰ ਕਿਸਾਨਾਂ ਦਾ ਸਮਰਥਨ ਕਰਨ ਦੀ ਬਜਾਏ ਕੇਂਦਰ ਸਰਕਾਰ ਤੇ ਪੀਐਮ ਮੋਦੀ ਦਾ ਪੱਖ ਪੂਰ ਰਹੇ ਹਨ। ਇਸ ਦੇ ਉਲਟ ਵਿਦੇਸ਼ੀ ਅਦਾਕਾਰਾਂ ਵੱਲੋਂ ਕਿਸਾਨਾਂ ਦੇ ਹੱਕ 'ਚ ਲਗਾਤਾਰ ਆਵਾਜ਼ ਬੁਲੰਦ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਹੁਣ ਦੇਸ਼ ਦੀ ਜਨਤਾ ਦੇ ਨਾਲ-ਨਾਲ ਵਿਦੇਸ਼ਾਂ ਦੇ ਲੋਕ ਵੀ ਕਿਸਾਨ ਅੰਦੋਲਨ ਦਾ ਸਮਰਥਨ ਕਰ ਰਹੇ ਹਨ। ਉਨ੍ਹਾਂ ਕਿਸਾਨਾਂ ਦੇ ਸਮਰਥਨ ਲਈ ਹਾਲੀਵੁੱਡ ਅਦਾਕਾਰਾਂ ਦਾ ਧੰਨਵਾਦ ਕੀਤਾ।
ਵਕੀਲਾਂ ਤੇ ਮਹਿਲਾ ਮੋਰਚਾ ਵੱਲੋਂ ਬਾਲੀਵੁੱਡ ਅਦਾਕਾਰ ਸੰਨੀ ਦਿਓਲ ਤੇ ਉਨ੍ਹਾਂ ਦੇ ਪਰਿਵਾਰ ਦਾ ਵਿਰੋਧ ਕੀਤਾ ਗਿਆ। ਬੀਤੇ ਦਿਨ ਕਿਸਾਨਾਂ ਵੱਲੋਂ ਉਨ੍ਹਾਂ ਦੀ ਫ਼ਿਲਮ ਦੀ ਸ਼ੂਟਿੰਗ ਵੀ ਰੋਕ ਦਿੱਤੀ ਗਈ ਸੀ। ਪ੍ਰਦਰਸ਼ਨਕਾਰੀਆਂ ਨੇ ਆਖਿਆ ਕਿ ਸੰਨੀ ਦਿਓਲ ਤੇ ਉਨ੍ਹਾਂ ਦੇ ਪਿਤਾ ਧਰਮਿੰਦਰ ਖ਼ੁਦ ਨੂੰ ਪੰਜਾਬ ਦਾ ਪੁੱਤਰ ਤੇ ਪੰਜਾਬੀ ਦੱਸਦੇ ਹਨ। ਪੰਜਾਬ ਤੋਂ ਹੋਣ ਦੇ ਬਾਵਜੂਦ ਉਹ ਕਿਸਾਨਾਂ ਦਾ ਸਮਰਥਨ ਨਹੀਂ ਕਰ ਰਹੇ, ਇਸ ਲਈ ਉਨ੍ਹਾਂ ਪਰਿਵਾਰ ਦਾ ਪੂਰਨ ਤੌਰ 'ਤੇ ਬਾਈਕਾਟ ਕੀਤਾ ਜਾਵੇਗਾ।