ਪਟਿਆਲਾ: ਕਿਸਾਨ ਜੱਥੇਬੰਦੀਆਂ ਦੇ ਹੱਕ 'ਚ ਨਿੱਤਰੇ ਯੂਥ ਕਾਂਗਰਸ ਦੇ ਵਰਕਰਾਂ ਨੇ ਨਾਭਾ 'ਚ ਕੈਂਡਲ ਮਾਰਚ ਕੱਢਿਆ। ਇਹ ਕੈਂਡਲ ਮਾਰਚ ਕੇਂਦਰ ਸਰਕਾਰ ਵੱਲੋਂ ਖੇਤੀ ਆਰਡੀਨੈਂਸ ਪਾਸ ਕਰਨ ਦੇ ਵਿਰੋਧ ਵਿੱਚ ਕੱਢਿਆ ਗਿਆ।
ਵੱਡੀ ਗਿਣਤੀ 'ਚ ਨਾਭਾ ਯੂਥ ਕਾਂਗਰਸ ਦੇ ਵਰਕਰਾਂ ਨੇ ਇਸ ਕੈਂਡਲ ਮਰਾਚ ਵਿੱਚ ਹਿੱਸਾ ਲਿਆ। ਇਸ ਦੌਰਾਨ ਉਨ੍ਹਾਂ ਕੇਂਦਰ ਸਰਕਾਰ ਤੇ ਪੀਐਮ ਮੋਦੀ ਖਿਲਾਫ ਜਮ ਕੇ ਨਾਅਰੇਬਾਜ਼ੀ ਕੀਤੀ।ਕੈਬਿਨੇਟ ਮੰਤਰੀ ਸਾਧੂ ਸਿੰਘ ਧਰਮਸੋਤ ਦੇ ਪੀਏ ਚਰਨਜੀਤ ਬਾਤਿਸ਼ ਨੇ ਵੀ ਇਸ ਰੋਸ ਪ੍ਰਦਰਸ਼ਨ ਵਿੱਚ ਹਿੱਸਾ ਲਿਆ।
ਨਾਭਾ ਯੂਥ ਕਾਂਗਰਸ ਦੇ ਪ੍ਰਧਾਨ ਮਨਜਿੰਦਰ ਸਿੰਘ ਨੇ ਕਿਹਾ ਕਿ ਯੂਥ ਕਾਂਗਰਸ ਪੂਰੀ ਤਰ੍ਹਾਂ ਕਿਸਾਨਾਂ ਦਾ ਸਮਰਥਨ ਕਰਦਾ ਹੈ। ਉਨ੍ਹਾਂ ਕਿਹਾ ਕਿ ਨਾਭਾ ਯੂਥ ਕਾਂਗਰਸ ਕਿਸਾਨਾਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਕੇਂਦਰ ਸਰਕਾਰ ਖਿਲਾਫ਼ ਲੜੇਗਾ। ਉਨ੍ਹਾਂ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਇਹ ਖੇਤੀ ਬਿੱਲ ਪਾਸ ਕਰਕੇ ਪੰਜਾਬ ਦੇ ਕਿਸਾਨਾਂ ਨੂੰ ਮਾਰਨਾ ਚਾਹੁੰਦੀ ਹੈ। ਮੋਦੀ ਸਰਕਾਰ ਮਹਿਜ਼ ਖ਼ਾਸ ਵਰਗ ਦੇ ਲੋਕਾਂ ਲਈ ਕੰਮ ਕਰ ਰਹੀ ਹੈ। ਉਨ੍ਹਾਂ ਆਖਿਆ ਕਿ ਜਦ ਤੱਕ ਕੇਂਦਰ ਸਰਕਾਰ ਵੱਲੋਂ ਇਹ ਖੇਤੀ ਆਰਡੀਨੈਂਸ ਵਾਪਸ ਨਹੀਂ ਲਏ ਜਾਣਗੇ, ਉਦੋਂ ਤੱਕ ਅਸੀਂ ਕਿਸਾਨਾਂ ਦੇ ਹੱਕ 'ਚ ਸੰਘਰਸ਼ 'ਤੇ ਡੱਟੇ ਰਹਾਂਗੇ।