ਪਟਿਆਲਾ: ਇੰਡੀਅਨ ਮਿਲਟਰੀ ਅਕੈਡਮੀ (Indian Military Academy) ਦੇਹਰਾਦੂਨ ਦੇ ਵਿਚੋਂ ਪਟਿਆਲਾ ਜ਼ਿਲ੍ਹੇ ਦੇ ਪਿੰਡ ਅਜਰੌਰ ਦੇ ਨੌਜਵਾਨ ਜਸਕਰਨ ਸਿੰਘ ਨੇ ਪਾਸਿੰਗ ਆਊਟ ਕਰਕੇ ਪੂਰੇ ਇਲਾਕੇ ਦਾ ਨਾਮ ਰੌਸ਼ਨ ਕੀਤਾ ਹੈ। ਇੱਕ ਬੇਹੱਦ ਮੱਧਵਰਗੀ ਪਰਿਵਾਰ ਵਿੱਚ ਜਨਮੇ ਇਸ ਨੌਜਵਾਨ ਨੇ ਲੈਫਟੀਨੈਂਟ ਦੇ ਪੰਧ ਦੇ ਤੌਰ ’ਤੇ ਇਹ ਉਪਲੱਬਧੀ ਹਾਸਲ ਕੀਤੀ ਹੈ। ਇਹ ਨੌਜਵਾਨ ਆਪਣੇ ਪਿੰਡ ਅਜਰੌਰ ਪਹੁੰਚਿਆ ਜਿਥੇ ਕਿ ਪਿੰਡ ਨਿਵਾਸੀਆਂ ਦੇ ਵੱਲੋਂ ਉਸ ਦਾ ਬੈਂਡ ਵਾਜੇ ਨਾਲ ਸਵਾਗਤ ਕੀਤਾ ਗਿਆ।
ਢੋਲ ਨਾਲ ਕੀਤਾ ਸਵਾਗਤ
ਜਸਕਰਨ ਦੇ ਪਿੰਡ ਆਉਣ ’ਤੇ ਪਿੰਡ ਵਾਸੀਆਂ ਦੇ ਵੱਲੋਂ ਉਸ ਦਾ ਸ਼ਾਨਦਾਰ ਢੰਗ ਨਾਲ ਸਵਾਗਤ ਕੀਤਾ ਗਿਆ, ਇਸ ਮੌਕੇ ਉਸ ਦੇ ਰਿਸ਼ਤੇਦਾਰ ਦੋਸਤ ਅਤੇ ਹੋਰ ਇਲਾਕਾ ਨਿਵਾਸੀ ਵੀ ਮੌਜੂਦ ਰਹੇ। ਪਿੰਡ ਪਹੁੰਚਣ ’ਤੇ ਉਸ ਨੂੰ ਢੋਲ ਵਜਾ ਕੇ ਪਿੰਡ ਵਿੱਚ ਲਿਆਂਦਾ ਗਿਆ ਅਤੇ ਉਸ ਤੋਂ ਬਾਅਦ ਘਰੇ ਧਾਰਮਿਕ ਰਸਮਾਂ ਦੇ ਨਾਲ ਉਸ ਦਾ ਸਵਾਗਤ ਕੀਤਾ ਗਿਆ।
ਬਚਪਨ ਤੋਂ ਸੀ ਕੁਝ ਕਰਨ ਦੀ ਇੱਛਾ
ਜਸਕਰਨ ਸਿੰਘ ਨੇ ਦੱਸਿਆ ਕਿ ਉਸਦੇ ਮਨ ਵਿੱਚ ਬਚਪਨ ਤੋਂ ਹੀ ਇਸ ਤਰ੍ਹਾਂ ਦੇ ਅਹੁਦੇ ਦੇ ਲਈ ਕੰਮ ਕਰਨ ਦੀ ਤਮੰਨਾ ਸੀ ਅਤੇ 2015 ਦੇ ਵਿੱਚ ਉਹ ਮੁਹਾਲੀ ਟ੍ਰੇਨਿੰਗ ਲੈਂਦਾ ਰਿਹਾ ਸੀ ਤੇ ਉਸ ਤੋਂ ਬਾਅਦ ਉਸ ਦੀ ਚੋਣ ਨੈਸ਼ਨਲ ਡਿਫ਼ੈਂਸ ਅਕੈਡਮੀ (National Defense Academy) ਪੂਨੇ ਵਿੱਚ ਹੋਈ ਜਿੱਥੇ ਉਸ ਨੇ ਤਿੰਨ ਸਾਲ ਟ੍ਰੇਨਿੰਗ ਲਈ ਅਤੇ ਪਿਛਲੇ ਸਾਲ ਉਹ ਦੇਹਰਾਦੂਨ ਅਕੈਡਮੀ ਚਲਾ ਗਿਆ। ਜਿਥੇ ਪਿਛਲੇ ਦਿਨੀਂ ਉਸ ਨੇ ਪਾਸਿੰਗ ਆਊਟ ਕਰਕੇ ਲੈਫਟੀਨੈਂਟ ਅਹੁਦਾ ਹਾਸਲ ਕਰ ਲਿਆ ਹੈ।
ਇਹ ਵੀ ਪੜੋ: ਅੱਜ ਵੀ ਜਿਉਂਦੇ ਨੇ "ਵਿਰਾਸਤ ਦੇ ਵਾਰਸ"
ਉਥੇ ਹੀ ਜਸਕਰਨ ਸਿੰਘ ਦੇ ਪਿਤਾ ਨੇ ਦੱਸਿਆ ਕਿ ਮੇਰੇ ਪੁੱਤਰ ਨੇ ਇਹ ਅਹੁਦਾ ਹਾਸਲ ਕਰਕੇ ਦੇਸ਼ ਸੇਵਾ ਦੇ ਲਈ ਜੋ ਮਨ ਵਿੱਚ ਫ਼ੈਸਲਾ ਲਿਆ ਸੀ ਉਸ ਨਾਲ ਸਾਨੂੰ ਵੀ ਮਾਣ ਮਹਿਸੂਸ ਹੋ ਰਿਹਾ ਹੈ ਅਤੇ ਸਾਨੂੰ ਖੁਸ਼ੀ ਹੈ ਕਿ ਉਸ ਨੇ ਆਪਣੀ ਮਿਹਨਤ ਦੇ ਸਦਕਾ ਇਹ ਉਪਲੱਬਧੀ ਹਾਸਲ ਕਰ ਲਈ ਹੈ।
ਇੱਕ ਛੋਟੇ ਜਿਹੇ ਪੱਛੜੇ ਇਲਾਕੇ ਦੇ ਪਿੰਡ ਵਿਚੋਂ ਆਪਣੀ ਮਿਹਨਤ ਦੇ ਸਦਕਾ ਇਹ ਉਪਲੱਬਧੀ ਹਾਸਲ ਕਰ ਕੇ ਜਸਕਰਨ ਸਿੰਘ ਨੇ ਸਾਬਤ ਕਰ ਦਿੱਤਾ ਹੈ ਕਿ ਜੇਕਰ ਕਿਸੇ ਦੇ ਮਨ ਵਿੱਚ ਕੁਝ ਹਾਸਲ ਕਰਨ ਦੇ ਲਈ ਠਾਣ ਲਿਆ ਜਾਵੇ ਤਾਂ ਪਰਮਾਤਮਾ ਵੀ ਮਦਦ ਕਰਦਾ ਹੈ। ਜਸਕਰਨ ਦੀ ਇਹ ਉਪਲੱਬਧੀ ਉਨ੍ਹਾਂ ਹੋਰ ਨੌਜਵਾਨਾਂ ਦੇ ਲਈ ਵੀ ਇੱਕ ਚਾਨਣ ਮੁਨਾਰੇ ਦਾ ਕੰਮ ਕਰੇਗੀ ਜੋ ਜ਼ਿੰਦਗੀ ਦੇ ਵਿਚ ਕੁਝ ਬਣਨਾ ਚਾਹੁੰਦੇ ਨੇ ਅਤੇ ਇਸਦੇ ਲਈ ਸਿਰਫ ਤੁਹਾਡੀ ਮਿਹਨਤ ਹੀ ਅੱਗੇ ਕੰਮ ਕਰਦੀ ਹੈ ਅਤੇ ਇਨਸਾਨ ਆਪਣੀ ਮੰਜ਼ਿਲ ਹਾਸਿਲ ਕਰ ਲੈਂਦਾ ਹੈ ਜਿਸ ਤਰ੍ਹਾਂ ਇਸ ਨੌਜਵਾਨ ਨੇ ਕੀਤੀ ਹੈ।
ਇਹ ਵੀ ਪੜੋ: TEACHER PROTEST:ਅਧਿਆਪਕਾਂ ਵਲੋਂ ਸਰਕਾਰ ਖਿਲਾਫ਼ ਅਨੋਖਾ ਪ੍ਰਦਰਸ਼ਨ