ਪਟਿਆਲਾ: ਇੱਕ ਪਾਸੇ ਜਿੱਥੇ ਕਿਸਾਨ ਤਿੰਨ ਖੇਤੀਬਾੜੀ ਕਾਨੂੰਨਾਂ (Three Agriculture Laws) ਨੂੰ ਰੱਦ ਕਰਵਾਉਣ ਦੇ ਲਈ ਦਿੱਲੀ ਬਾਰਡਰ ’ਤੇ ਸੰਘਰਸ਼ ਕਰ ਰਹੇ ਹਨ ਉੱਥੇ ਹੀ ਦੂਜੇ ਪਾਸੇ ਪੰਜਾਬ ’ਚ ਵੀ ਕਿਸਾਨਾਂ ਦਾ ਵੱਖ-ਵੱਖ ਥਾਵਾਂ ’ਤੇ ਪ੍ਰਦਰਸ਼ਨ ਜਾਰੀ ਹੈ। ਪਟਿਆਲਾ ਜ਼ਿਲ੍ਹੇ ਚ ਭਾਰਤੀ ਕਿਸਾਨ ਯੂਨੀਅਨ ਦੇ ਆਗੂ ਅਤੇ ਮਹਿਲਾ ਕਿਸਾਨਾਂ ਵੱਲੋਂ ਵੱਡੀ ਗਿਣਤੀ ’ਚ ਬਿਜਲੀ ਬੋਰਡ ਦੇ ਮੁੱਖ ਦਫਤਰ ਵਿਖੇ ਰੋਸ ਪ੍ਰਦਰਸ਼ਨ ਕੀਤਾ ਗਿਆ।
ਦੱਸ ਦਈਏ ਕਿ ਬਿਜਲੀ ਬੋਰਡ ਦੇ ਮੁੱਖ ਦਫਤਰ ਵਿਖੇ ਭਾਰਤੀ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਜੈ ਕਿਸਾਨ ਵੱਲੋਂ ਬਿਜਲੀ ਬੋਰਡ ਦੇ ਮੁੱਖ ਦਫਤਰ ਤਿੰਨੋ ਗੇਟਾਂ ਨੂੰ ਤਾਲਾ ਲਗਾ ਕੇ ਕਿਸਾਨਾਂ ਵੱਲੋਂ ਰੋਡ ਜਾਮ ਕੀਤਾ ਗਿਆ। ਇਸ ਦੌਰਾਨ ਕਿਸਾਨਾਂ ਨੇ ਪੰਜਾਬ ਸਰਕਾਰ ਅਤੇ ਬਿਜਲੀ ਵਿਭਾਗ ਖਿਲਾਫ ਨਾਅਰੇਬਾਜ਼ੀ ਕੀਤੀ। ਇਸ ਪ੍ਰਦਰਸ਼ਨ ਚ ਵੱਡੀ ਗਿਣਤੀ ਚ ਮਹਿਲਾ ਕਿਸਾਨ ਆਗੂ ਵੀ ਸ਼ਾਮਲ ਹੋਈਆਂ।
ਇਸ ਦੌਰਾਨ ਕਿਸਾਨ ਆਗੂ ਗੁਰਧਿਆਨ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਕਿਸਾਨਾਂ ਨੂੰ 8 ਘੰਟੇ ਬਿਜਲੀ ਨਹੀਂ ਦੇ ਰਹੀ ਪਰ ਦੂਜੇ ਸੂਬਿਆਂ ਚ ਜਾ ਕੇ 50-50 ਲੱਖ ਦੇਣ ਦੀ ਗੱਲ ਕਰ ਰਹੇ ਹਨ। ਉਹ ਵੀ ਸਾਡੇ ਵੀਰ ਹਨ ਪਰ ਪੰਜਾਬ ਦੇ ਲੋਕ ਵੀ ਪੰਜਾਬ ਸਰਕਾਰ ਨੂੰ ਆਖ ਰਹੇ ਹਨ ਉਨ੍ਹਾਂ ਦੇ ਨਾਲ ਵਿਤਕਰਾ ਕਿਉਂ ਕੀਤਾ ਜਾ ਰਿਹਾ ਹੈ।
ਉਨ੍ਹਾਂ ਨੇ ਇਹ ਵੀ ਕਿਹਾ ਕਿ ਸਰਕਾਰ ਦਾ ਦੋਗਲਾ ਚਿਹਰਾ ਸਾਹਮਣੇ ਆ ਚੁੱਕਿਆ ਹੈ। ਪੰਜਾਬ ਦੇ ਕਿਸਾਨਾਂ ਨੂੰ ਅਜੇ ਤੱਕ ਪੰਜ ਲੱਖ ਮੁਆਵਜ਼ਾ ਅਤੇ ਨੌਕਰੀ ਨਹੀਂ ਦੇ ਸਕੀ ਹੈ, ਪਰ ਸਰਕਾਰ ਦੂਜੇ ਸੂਬਿਆਂ ’ਚ ਵੱਡੇ ਐਲਾਨ ਕਰਦੀ ਹੈ। ਕਿਸਾਨ ਆਗੂਆਂ ਨੇ ਇਹ ਵੀ ਕਿਹਾ ਕਿ ਜਦੋ ਤੱਕ ਸਾਨੂੰ 8 ਘੰਟੇ ਬਿਜਲੀ ਨਹੀਂ ਮਿਲਦੀ ਉਨ੍ਹਾਂ ਦਾ ਧਰਨਾ ਇਸੇ ਤਰ੍ਹਾਂ ਜਾਰੀ ਰਹੇਗਾ।
ਇਹ ਵੀ ਪੜੋ: ਲਖੀਮਪੁਰ ਹਿੰਸਾ ਬਾਰੇ ਕਾਰਵਾਈ ‘ਤੇ ਸੰਤੁਸ਼ਟ ਨਹੀਂ ਸੁਪਰੀਮ ਕੋਰਟ