ਨਾਭਾ: ਕੇਂਦਰ ਸਰਕਾਰ ਵੱਲੋਂ ਤਿੰਨ ਆਰਡੀਨੈਂਸ ਬਿੱਲ ਪਾਸ ਕਰਨ ਤੋਂ ਬਾਅਦ ਬੀਤੇ ਦਿਨ ਰਾਸ਼ਟਰਪਤੀ ਨੇ ਇਨ੍ਹਾਂ ਬਿੱਲਾਂ 'ਤੇ ਆਪਣੀ ਮੋਹਰ ਲਗਾ ਦਿੱਤੀ ਹੈ, ਜਿਸ ਤੋਂ ਬਾਅਦ ਪੰਜਾਬ ਤੇ ਹਰਿਆਣਾ ਦੇ ਕਿਸਾਨਾਂ 'ਚ ਕਾਫੀ ਰੋਸ ਹੈ।
ਕਿਸਾਨ ਯੂਨੀਅਨ ਦੇ ਆਗੂ ਭਾਜਪਾ ਦੇ ਲੀਡਰਾਂ ਦੇ ਪਿੱਛੇ ਹੱਥ ਧੋ ਕੇ ਪੈ ਗਏ ਹਨ, ਜਿਸ ਦੀ ਤਾਜ਼ਾ ਮਿਸਾਲ ਨਾਭਾ ਵਿੱਚ ਵੇਖਣ ਨੂੰ ਮਿਲੀ ਹੈ। ਇਸੇ ਤਹਿਤ ਭਾਜਪਾ ਪੰਜਾਬ ਦੇ ਕਾਰਜਕਾਰੀ ਮੈਂਬਰ ਗੁਰਤੇਜ ਸਿੰਘ ਢਿੱਲੋਂ ਨਾਭਾ ਦੇ ਰੈਸਟ ਹਾਊਸ ਵਿਖੇ ਪ੍ਰੈੱਸ ਕਾਨਫਰੰਸ ਕਰਨ ਪਹੁੰਚੇ ਤਾਂ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਵੱਲੋਂ ਕਾਨਫ਼ਰੰਸ ਦੇ ਕਮਰੇ ਵਿੱਚ ਜਾ ਕੇ ਜਮ ਕੇ ਨਾਅਰੇਬਾਜ਼ੀ ਕੀਤੀ ਗਈ ਤੇ ਕਈ ਘੰਟੇ ਆਰਡੀਨੈਂਸ ਦੇ ਵਿਰੋਧ ਵਿੱਚ ਰੋਸ ਪ੍ਰਦਰਸ਼ਨ ਕੀਤਾ ਗਿਆ।
ਇਸ ਮੌਕੇ ਤੇ ਭਾਜਪਾ ਪੰਜਾਬ ਕਾਰਜਕਾਰੀ ਦੇ ਮੈਂਬਰ ਗੁਰਤੇਜ ਸਿੰਘ ਢਿੱਲੋਂ ਨੇ ਕਿਹਾ ਕਿ ਇਹ ਜੋ ਕਾਨੂੰਨ ਬਣਾਇਆ ਹੈ, ਉਹ ਕਿਸਾਨਾਂ ਦੇ ਹੱਕ ਵਿੱਚ ਬਣਾਇਆ ਗਿਆ ਹੈ ਅਤੇ ਕਿਸਾਨਾਂ ਵੱਲੋਂ ਇਹ ਬਿੱਲ ਪੜ੍ਹਿਆ ਨਹੀਂ ਗਿਆ ਜਿਸ ਕਰਕੇ ਕਿਸਾਨ ਰੋਸ ਪ੍ਰਦਰਸ਼ਨ ਕਰ ਰਹੇ ਹਨ।
ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਵੱਖ-ਵੱਖ ਸਿਆਸੀ ਪਾਰਟੀਆਂ ਵੱਲੋਂ ਗੁਮਰਾਹ ਕੀਤਾ ਜਾ ਰਿਹਾ ਹੈ ਜਦੋਂ ਉਨ੍ਹਾਂ ਨੂੰ ਪੁੱਛਿਆ ਕਿ ਹਰਸਿਮਰਤ ਕੌਰ ਬਾਦਲ ਨੇ ਇਹ ਬਿੱਲ ਬਿਨਾ ਪੜ੍ਹੇ ਅਸਤੀਫਾ ਕਿਉਂ ਦਿੱਤਾ ਹੈ ਤਾਂ ਗੁਰਤੇਜ ਸਿੰਘ ਢਿੱਲੋਂ ਨੇ ਗੋਲ-ਮੋਲ ਜਵਾਬ ਦਿੱਤਾ ਗਿਆ।
ਇਸ ਮੌਕੇ ਕਿਸਾਨ ਆਗੂ ਜਗਜੀਤ ਸਿੰਘ ਮੋਹਲ ਗਵਾਰਾ, ਕਿਸਾਨ ਆਗੂ ਘੁੰਮਣ ਸਿੰਘ ਰਾਜਗੜ੍ਹ ਅਤੇ ਕਿਸਾਨ ਆਗੂ ਅਵਤਾਰ ਸਿੰਘ ਕੈਦੂਪੁਰ ਨੇ ਕਿਹਾ ਕਿ ਅਸੀਂ ਭਾਜਪਾ ਨੂੰ ਸਬਕ ਸਿਖਾ ਕੇ ਹਟਾਂਗੇ। ਉਨ੍ਹਾਂ ਕਿਹਾ ਕਿ ਜਿੱਥੇ ਜਿੱਥੇ ਪੰਜਾਬ ਵਿੱਚ ਭਾਜਪਾ ਦੇ ਆਗੂ ਆਉਣਗੇ ਅਸੀਂ ਡਟ ਕੇ ਵਿਰੋਧ ਕਰਾਂਗੇ ਅਤੇ ਇਨ੍ਹਾਂ ਦੀ ਅਸੀਂ ਨੀਂਦ ਹਰਾਮ ਕਰ ਦੇਵਾਂਗੇ।