ਨਾਭਾ: ਉਸ ਸਮੇਂ ਮਾਹੌਲ ਨਾਭਾ 'ਚ ਤਣਾਅਪੂਰਨ ਹੋ ਗਿਆ, ਜਦੋਂ ਡੀ.ਸੀ ਦਫ਼ਤਰ ਦੇ ਬਾਹਰ ਧਰਨੇ 'ਤੇ ਬੈਠੀ ਨਾਭਾ ਬਲਾਕ ਦੇ ਪਿੰਡ ਟੋਡਰਵਾਲ ਦੀ ਮਹਿਲਾ ਸਰਪੰਚ ਅਤੇ ਉਸਦਾ ਪਤੀ ਪੁਲਿਸ ਮੁਲਾਜ਼ਮ ਨਾਲ ਹੀ ਹੱਥੋਪਾਈ ਕਰਨ ਲੱਗ ਪਿਆ। ਇਸ ਹੱਥੋਪਾਈ 'ਚ ਪੁਲਿਸ ਮੁਲਾਜ਼ਮ ਨੂੰ ਸੱਟਾਂ ਵੀ ਆਈਆਂ ਅਤੇ ਨਾਲ ਹੀ ਉਸਦੀ ਵਰਦੀ ਵੀ ਪਾੜ ਦਿੱਤੀ ਗਈ।
ਇਸ ਸਬੰਧੀ ਨਾਭਾ ਦੇ ਡੀਐੱਸਪੀ ਰਾਜੇਸ਼ ਕੁਮਾਰ ਛਿੱਬੜ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਕਤ ਮਹਿਲਾ ਸਰਪੰਚ ਅਤੇ ਉਸਦਾ ਪਤੀ ਦਫ਼ਤਰ ਦੇ ਗੇਟ 'ਤੇ ਪ੍ਰਦਰਸ਼ਨ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਪੁਲਿਸ ਵਲੋਂ ਉਨ੍ਹਾਂ ਨੂੰ ਬੁਲਾ ਕੇ ਗੇਟ ਤੋਂ ਪਾਸੇ ਹੋ ਕੇ ਪ੍ਰਦਰਸ਼ਨ ਕਰਨ ਦੀ ਗੱਲ ਕੀਤੀ ਗਈ ਸੀ, ਪਰ ਉਕਤ ਪ੍ਰਦਰਸ਼ਨਕਾਰੀ ਦੰਦਰਾਲਾ ਢੀਂਡਸਾ ਚੌਂਕੀ ਦੇ ਇੰਚਾਰਜ ਸਬ ਇੰਸਪੈਕਟਰ ਹਰਭਜਨ ਸਿੰਘ ਨਾਲ ਹੱਥੋਪਾਈ ਕਰਨ ਲੱਗ ਪਏ ਅਤੇ ਨਾਲ ਹੀ ਉਸ ਦੇ ਕੋਈ ਤਿੱਖੀ ਚੀਜ ਮਾਰੀ, ਜਿਸ ਨਾਲ ਉਹ ਜ਼ਖ਼ਮੀ ਹੋ ਗਿਆ।
ਉਨ੍ਹਾਂ ਦੱਸਿਆ ਕਿ ਇਸ ਦੌਰਾਨ ਮੁਲਾਜ਼ਮ ਦੀ ਵਰਦੀ ਤੱਕ ਇਨ੍ਹਾਂ ਵਲੋਂ ਪਾੜ ਦਿੱਤੀ ਗਈ ਅਤੇ ਜ਼ਖ਼ਮੀ ਹਾਲਤ 'ਚ ਉਸ ਨੂੰ ਸਿਵਲ ਹਸਪਤਾਲ ਭਰਤੀ ਕਰਵਾਇਆ ਗਿਆ। ਇਸ ਦੇ ਨਾਲ ਹੀ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਭਾਦਸੋਂ ਦੇ ਐੱਸ.ਐੱਚ.ਓ ਨੂੰ ਵੀ ਉਕਤ ਮਹਿਲਾ ਸਰਪੰਚ ਅਤੇ ਉਸਦੇ ਪਤੀ ਵਲੋਂ ਬੁਰਾ ਭਲਾ ਕਿਹਾ ਗਿਆ। ਡੀ.ਐੱਸ.ਪੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਹਿਲਾ ਸਰਪੰਚ ਦੇ ਪਤੀ ਸਮੇਤ ਪੰਜ ਲੋਕਾਂ ਖਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ, ਜਿਨ੍ਹਾਂ ਨੂੰ ਜਲਦ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।
ਇਹ ਵੀ ਪੜ੍ਹੋ:ਪੰਜਾਬ 'ਚ ਡਫ਼ਲੀ ਵਜਾਉਣ ਵਾਲਿਆਂ ਦੀ ਦਿੱਲੀ ਜਾ ਕੇ ਤੂਤੀ ਹੋਈ ਬੰਦ !