ਪਟਿਆਲਾ: ਰਾਜਪੁਰਾ ਨੇੜੇ ਭਾਖੜਾ ਨਹਿਰ ਵਿੱਚੋਂ ਇੱਕ ਬੱਚੇ ਦੀ ਲਾਸ਼ ਬਰਾਮਦ ਕੀਤੀ ਗਈ ਹੈ। ਪੁਲਿਸ ਨੇ ਲਾਸ਼ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਹੈ। ਪੁਲਿਸ ਨੂੰ ਸ਼ੱਕ ਹੈ ਕਿ ਬਰਾਮਦ ਕੀਤੀ ਗਈ ਬੱਚੇ ਦੀ ਲਾਸ਼ ਪਿੰਡ ਖੇੜੀ ਗੰਡਿਆਂ ਤੋਂ ਬੀਤੇ ਦਿਨੀਂ ਲਾਪਤਾ ਹੋਏ ਦੋ ਸਕੇ ਭਰਾਵਾਂ ਵਿੱਚੋਂ ਇੱਕ ਦੀ ਹੋ ਸਕਦੀ ਹੈ।
ਬੱਚਿਆਂ ਦੀ ਭਾਲ ਲਈ ਪਟਿਆਲਾ ਪੁਲਿਸ ਵੱਲੋਂ ਚਲਾਈ ਜਾ ਰਹੀ ਖੋਜ ਮੁਹਿੰਮ ਦੌਰਾਨ ਦੇਰ ਸ਼ਾਮ ਨੂੰ ਪਿੰਡ ਬਘੌਰਾ ਨੇੜੇ ਭਾਖੜਾ ਦੀ ਨਰਵਾਣਾ ਬਰਾਂਚ ਤੋਂ ਪੁਲਿਸ ਨੂੰ ਇੱਕ 11-12 ਸਾਲ ਦੇ ਬੱਚੇ ਦੀ ਲਾਸ਼ ਮਿਲੀ ਹੈ। ਮੌਕੇ 'ਤੇ ਪਹੁੰਚੇ ਐਸ.ਐਸ.ਪੀ. ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਖੇੜੀ ਗੰਡਿਆਂ ਤੋਂ ਗੁੰਮ ਬੱਚਿਆਂ ਵਿੱਚੋਂ ਪਰਿਵਾਰ ਨੇ ਇੱਕ ਬੱਚੇ ਦੇ ਜੋ ਕੱਪੜੇ ਦੱਸੇ ਸਨ ਜਿਸ 'ਚ ਲਾਲ ਰੰਗ ਦੀ ਟੀ-ਸ਼ਰਟ ਤੇ ਗਲ 'ਚ ਕਾਲਾ ਧਾਗਾ ਬਰਾਮਦ ਹੋਈ ਲਾਸ਼ ਨਾਲ ਮੇਲ ਖਾਂਦੇ ਹਨ, ਪਰ ਮੌਕੇ 'ਤੇ ਪਹੁੰਚੇ ਗੁੰਮ ਹੋਏ ਬੱਚਿਆਂ ਦੇ ਪਰਿਵਾਰਕ ਮੈਂਬਰਾਂ ਨੇ ਬੱਚੇ ਦੀ ਸ਼ਨਾਖਤ ਦੌਰਾਨ ਕਿਹਾ ਕਿ ਇਹ ਉਨ੍ਹਾਂ ਦਾ ਬੱਚਾ ਨਹੀਂ ਹੈ। ਉੱਥੇ ਹੀ ਗੋਤਾਖੋਰ ਦਾ ਕਹਿਣਾ ਹੈ ਕਿ ਬੱਚੇ ਦੀ ਲਾਸ਼ ਖੇੜੀ ਗੰਡਿਆਂ ਤੋਂ ਗਾਇਬ ਹੋਏ ਦੋ ਬੱਚਿਆਂ ਵਿੱਚੋ ਇੱਕ ਦੀ ਹੈ, ਇਹ ਪਰਿਵਾਰਕ ਮੈਂਬਰਾਂ ਨੇ ਪਹਿਲਾਂ ਮੰਨਿਆ ਸੀ।
ਪੁਲਿਸ ਸੂਤਰਾਂ ਮੁਤਾਬਕ ਅਜੇ ਤੱਕ ਬੱਚੇ ਦੀ ਮਿਲੀ ਲਾਸ਼ ਦੀ ਸ਼ਨਾਖਤ ਨਾ ਹੋਣ ਕਾਰਨ ਲਾਸ਼ ਨੂੰ ਪਹਿਚਾਣ ਲਈ 72 ਘੰਟੇ ਪਟਿਆਲਾ ਵਿਖੇ ਮੋਰਚਰੀ ਵਿੱਚ ਰੱਖਿਆ ਜਾਵੇਗਾ ਅਤੇ 72 ਘੰਟੇ ਕੋਈ ਵਾਰਸ ਨਾ ਆਉਣ ਦੀ ਸੂਰਤ ਵਿੱਚ ਲਾਸ਼ ਦਾ ਡੀ.ਐਨ.ਏ. ਟੈਸਟ ਕਰਵਾਇਆ ਜਾਵੇਗਾ। ਇਸ ਮੌਕੇ ਉਨ੍ਹਾਂ ਦੇ ਨਾਲ ਐਸ.ਪੀ. ਜਾਂਚ ਸ੍ਰੀ ਹਰਮੀਤ ਸਿੰਘ ਹੁੰਦਲ, ਐਸ.ਪੀ. ਪਲਵਿੰਦਰ ਸਿੰਘ ਚੀਮਾ ਸਮੇਤ ਪੁਲਿਸ ਪਾਰਟੀ ਤੇ ਗੋਤਾਖੋਰ ਮੌਜੂਦ ਸਨ।