ਪਟਿਆਲਾ: ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਬਣਾਈ ਗਈ ਸਬ ਕਮੇਟੀ ਦੀ ਇਕੱਤਰਤਾ ਗੁਰਦੁਆਰਾ ਸ੍ਰੀ ਦੂਖਨਿਵਾਰਨ ਸਾਹਿਬ ਹੋਈ। ਇਹ ਸਬ ਕਮੇਟੀ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਨਾਲ ਕੁਝ ਵਿਵਾਦਤ ਕਥਨਾਂ ਬਾਰੇ ਵਿਚਾਰ ਕਰਨ ਲਈ ਬਣਾਈ ਗਈ।
ਇਕੱਤਰਤਾ ਦੌਰਾਨ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਸ਼ਾਮਲ ਨਹੀਂ ਹੋਏ। ਸਬ ਕਮੇਟੀ ਵੱਲੋਂ ਦੀਰਘ ਵਿਚਾਰਾਂ ਤੋਂ ਕੀਤੀਆਂ ਗਈਆਂ। ਸਬ ਕਮੇਟੀ ਨੇ ਦੱਸਿਆ ਕਿ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਨੂੰ ਮਿਤੀ 12 ਨਵੰਬਰ ਨੂੰ ਗੁਰਦੁਆਰਾ ਪਰਮੇਸ਼ਰ ਦੁਆਰ, ਪਿੰਡ ਸ਼ੇਖੂਪੁਰਾ ਵਿਖੇ ਜਾ ਕੇ ਦਸਤੀ ਰੂਪ ਵਿੱਚ ਪੱਤਰ ਦਿੱਤਾ ਗਿਆ ਸੀ, ਜੋ ਉਨ੍ਹਾਂ ਨੇ ਖ਼ੁਦ ਪ੍ਰਾਪਤ ਕੀਤਾ ਸੀ।
ਸਬ ਕਮੇਟੀ ਵੱਲੋਂ ਵਿਚਾਰ ਵਟਾਂਦਰੇ ਪਿਛੋਂ ਕਮੇਟੀ ਵੱਲੋਂ ਨਿਰਣਾ ਲਿਆ ਗਿਆ ਹੈ ਕਿ ਪਰਸਪਰ ਗੱਲਬਾਤ ਰਾਹੀਂ ਵਿਵਾਦਤ ਮਾਮਲਿਆਂ ਨੂੰ ਸੁਲਝਾਉਣ ਲਈ ਯਤਨ ਜਾਰੀ ਰੱਖਦਿਆਂ ਨਵੀਂ ਤਾਰੀਕ ਰੱਖੀ ਜਾਵੇ ਤਾਂ ਜੋ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਦੀ ਉਪਲਬੱਧਤਾ ਹੋਣ ਤੋਂ ਬਾਅਦ ਤੈਅ ਕੀਤੀ ਜਾਵੇਗੀ। ਇਸ ਸਬੰਧ 'ਚ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਨੂੰ ਪੱਤਰ ਲਿਖ ਦਿੱਤਾ ਗਿਆ ਹੈ ਕਿ ਉਹ 5 ਜਨਵਰੀ, 2020 ਤੱਕ ਆਪਣੀ ਉਪਲਬੱਧਤਾ ਦੱਸਣ ਲਈ ਕੋਆਰਡੀਨੇਟਰ ਸਬ ਕਮੇਟੀ ਨਾਲ ਸੰਪਰਕ ਕਰਨ ਤਾਂ ਜੋ ਅਗਲੀ ਇਕੱਤਰਤਾ ਦੀ ਤਾਰੀਕ ਨਿਸ਼ਚਤਿ ਕੀਤੀ ਜਾ ਸਕੇ।