ਪਟਿਆਲਾ: ਪੰਜਾਬ 'ਚ ਨਗਰ ਕੌਂਸਲ ਚੋਣਾਂ ਨੂੰ ਲੈ ਕੇ ਸਿਆਸਤ ਜਾਰੀ ਹੈ। ਇਸ ਦੇ ਚਲਦੇ ਵੱਖ-ਵੱਖ ਸਿਆਸੀ ਪਾਰਟੀਆਂ 'ਚ ਫੇਰਬਦਲ ਹੋ ਚੁੱਕਾ ਹੈ। ਨਾਭਾ 'ਚ ਕਾਂਗਰਸ ਪਾਰਟੀ ਨੂੰ ਉਦੋਂ ਵੱਡਾ ਝੱਟਕਾ ਲੱਗਾ,ਜਦੋਂ 250 ਕਾਂਗਰਸੀ ਵਰਕਰਾਂ ਕਾਂਗਰਸ ਪਾਰਟੀ ਨੂੰ ਅਲਵਿਦਾ ਕਹਿ ਕੇ ਆਮ ਆਦਮੀ ਪਾਰਟੀ 'ਚ ਸ਼ਮੂਲੀਅਤ ਕਰ ਲਈ।
ਇਹ ਵਰਕਰ ਸਾਬਕਾ ਵਿਧਾਇਕ ਰਮੇਸ਼ ਕੁਮਾਰ ਸਿੰਗਲਾ ਤੇ 'ਆਪ' ਦੇ ਸੀਨੀਅਰ ਆਗੂ ਜਸਦੀਪ ਸਿੰਘ ਨਿੱਕੂ ਦੀ ਅਗਵਾਈ ਹੇਠ ਪਾਰਟੀ 'ਚ ਸ਼ਾਮਲ ਹੋਏ। ਇਸ ਮੌਕੇ ਸਾਬਕਾ ਵਿਧਾਇਕ ਰਮੇਸ਼ ਕੁਮਾਰ ਸਿੰਗਲਾ ਨੇ ਕਿਹਾ ਕਿ ਸੂਬੇ 'ਚ ਭ੍ਰਿਸ਼ਟਾਚਾਰ ਦੇ ਚਲਦੇ ਅਕਾਲੀ ਤੇ ਕਾਂਗਰਸੀ ਵਰਕਰ ਆਮ ਆਦਮੀ ਪਾਰਟੀ 'ਚ ਸ਼ਾਮਲ ਹੋ ਰਹੇ ਹਨ। ਉਨ੍ਹਾਂ ਕਿਹਾ ਕਿ 'ਆਪ' ਦੀ ਲੋਕ ਭਲਾਈ ਤੇ ਸਮਾਜ ਸੇਵੀ ਨੀਤੀਆਂ ਨੂੰ ਵੇਖ ਕੇ ਸ਼ਾਮਲ ਹੋਏ ਹਨ। ਉਨ੍ਹਾਂ ਦੱਸਿਆ ਕਿ ਇਹ 250 ਕਾਂਗਰਸੀ ਵਰਕਰ ਨਾਭਾ ਦੇ ਵੱਖ-ਵੱਖ 11 ਵਾਰਡਾਂ ਤੋਂ ਸਬੰਧਤ ਹਨ। ਉਨ੍ਹਾਂ ਕਿਹਾ ਕਿ ਪਾਰਟੀ 'ਚ ਸ਼ਾਮਲ ਹੋਏ ਹਰ ਇੱਕ ਵਰਕਰ ਨੂੰ ਸਨਮਾਨ ਦਿੱਤਾ ਜਾਵੇਗਾ। ਸਿੰਗਲਾ ਨੇ ਕਿਹਾ ਕਿ ਨਗਰ ਕੌਂਸਲ ਦੀਆਂ ਚੋਣਾਂ ਦੌਰਾਨ ਕਿਸੇ ਤਰ੍ਹਾਂ ਦੀ ਧੱਕੇਸ਼ਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ।
ਦੂਜੇ ਪਾਸੇ ਕਾਂਗਰਸ ਪਾਰਟੀ ਨੂੰ ਅਲਵਿਦਾ ਕਹਿ ਕੇ 'ਆਪ' 'ਚ ਸ਼ਾਮਲ ਹੋਏ ਲਲਿਤ ਕੁਮਾਰ ਮਿੰਟੂ ਤੇ ਹੋਰਨਾਂ ਵਰਕਰਾਂ ਨੇ ਕਿਹਾ ਕਿ ਅਸੀਂ ਸ਼ੁਰੂ ਤੋਂ ਹੀ ਕਾਂਗਰਸ ਪਾਰਟੀ ਦੇ ਪੱਖ 'ਚ ਚਲਦੇ ਆ ਰਹੇ ਸੀ, ਪਰ ਪਾਰਟੀ ਆਗੂਆਂ ਦੀ ਧੱਕੇਸ਼ਾਹੀ ਕਾਰਨ ਉਹ ਪਾਰਟੀ ਨੂੰ ਅਲਵਿਦਾ ਕਹਿ ਆਏ। ਉਨ੍ਹਾਂ ਕਿਹਾ ਕਿ ਕਾਂਗਰਸ 'ਚ ਉਨ੍ਹਾਂ ਦੀ ਕੋਈ ਸੁਣਵਾਈ ਨਹੀਂ ਹੁੰਦੀ ਸੀ। ਉਨ੍ਹਾਂ ਕਿਹਾ ਕਿ 'ਆਪ' ਦੀ ਵਧੀਆ ਨੀਤੀਆਂ ਦੇ ਚਲਦੇ ਉਹ ਪਾਰਟੀ 'ਚ ਸ਼ਾਮਲ ਹੋਏ ਹਨ। ਉਨ੍ਹਾਂ ਪਾਰਟੀ ਵੱਲੋਂ ਸੌਂਪੀ ਜਾਣ ਵਾਲੀ ਜ਼ਿੰਮੇਵਾਰੀਆਂ ਨੂੰ ਪੂਰੀ ਤਨਦੇਹੀ ਨਾਲ ਨਿਭਉਣ ਦੀ ਗੱਲ ਆਖੀ। ਉਨ੍ਹਾਂ ਕਿਹਾ ਕਿ ਅਸੀਂ ਇਮਾਨਦਾਰੀ ਨਾਲ ਚੋਣਾਂ ਲੜਾਂਗੇ ਤੇ ਬਹੁਮਤ ਹਾਸਲ ਕਰ ਜਿੱਤ ਪ੍ਰਾਪਤ ਕਰਾਂਗੇ।