ਪਟਿਆਲਾ: ਰਾਜਪੁਰਾ 'ਚ ਪੈਂਦੇ ਪਿੰਡ ਗੰਡਾ ਖੇੜੀ 'ਚ 2 ਬੱਚਿਆਂ ਦੇ ਅਚਾਨਕ ਗੁੰਮ ਹੋਣ ਕਾਰਨ ਖੇਤਰ 'ਚ ਹਫ਼ੜਾ-ਦਫੜੀ ਦਾ ਮਾਹੌਲ ਬਣਿਆ ਹੋਇਆ ਹੈ। ਪੁਲਿਸ ਵੱਲੋਂ ਬੱਚਿਆਂ ਨੂੰ ਲੱਭਣ 'ਚ ਹੋ ਰਹੀ ਦੇਰੀ ਤੋਂ ਬਾਅਦ ਪਿੰਡ ਦੇ ਲੋਕਾਂ ਨੇ ਪ੍ਰਸ਼ਾਸਨ ਦੀ ਢਿੱਲੀ ਕਾਰਵਾਈ ਦੇ ਚਲਦੇ ਪਟਿਆਲਾ-ਚੰਡੀਗੜ੍ਹ ਨੈਸ਼ਨਲ ਹਾਈਵੇਅ ਨੂੰ ਜਾਮ ਕਰ ਦਿੱਤਾ ਹੈ। ਬੱਚਿਆਂ ਦੇ ਪਰਿਵਾਰ ਤੇ ਪਿੰਡ ਵਾਸੀਆਂ ਨੇ ਮੰਗ ਕੀਤੀ ਹੈ ਕਿ ਬੱਚਿਆਂ ਨੂੰ ਛੇਤੀ ਲੱਭਿਆ ਜਾਵੇ। ਇਸ ਮੌਕੇ ਸਾਬਕਾ ਸੰਸਦ ਮੈਂਬਰ ਡਾ. ਧਰਮਵੀਰ ਗਾਂਧੀ ਪੀੜਤ ਪਰਿਵਾਰ ਨੂੰ ਮਿਲਣ ਪੁੱਜੇ।
ਜ਼ਿਕਰਯੋਗ ਹੈ ਕਿ 22 ਜੁਲਾਈ ਨੂੰ 2 ਸਕੇ ਭਰਾ ਜਸ਼ਨਦੀਪ ਅਤੇ ਹਸਨਦੀਪ ਰਾਤ ਦੇ ਕਰੀਬ 8 ਵਜੇ ਘਰੋਂ ਦੁਕਾਨ ਤੋਂ ਸਮਾਣ ਲੈਣ ਗਏ ਸਨ, ਪਰ ਉਸ ਤੋਂ ਬਾਅਦ ਉਹ ਮੁੜ ਘਰ ਨਹੀਂ ਪਰਤੇ। ਬੱਚਿਆਂ ਦੇ ਕਾਫ਼ੀ ਸਮੇ ਬਾਅਦ ਵੀ ਵਾਪਸ ਨਾ ਆਉਣ 'ਤੇ ਪਰਿਵਾਰ ਵਾਲਿਆਂ ਨੇ ਪਿੰਡ 'ਚ ਉਨ੍ਹਾਂ ਦੀ ਤਲਾਸ਼ ਸ਼ੁਰੂ ਕਰ ਦਿੱਤੀ ਪਰ ਉਨ੍ਹਾਂ ਦਾ ਕੋਈ ਸੁਰਾਗ ਨਾ ਮਿਲਿਆ ਜਿਸ ਤੋਂ ਬਾਅਦ ਪਰਿਵਾਰ ਨੇ ਪੁਲਿਸ ਥਾਣੇ 'ਚ ਬੱਚਿਆਂ ਨੂੰ ਅਗਵਾ ਹੋਣ ਦੀ ਰਿਪੋਰਟ ਦਰਜ ਕਰਵਾ ਕੇ ਛੇਤੀ ਲੱਭਣ ਦੀ ਦਰਖ਼ਾਸਤ ਕੀਤੀ।
ਇਹ ਵੀ ਪੜੋ- ਛੇਤੀ ਪਟਿਆਲਾ ਸ਼ਿਫਟ ਹੋ ਸਕਦੇ ਹਨ ਨਵਜੋਤ ਸਿੱਧੂ !
ਦੱਸਣਯੋਗ ਹੈ ਕਿ ਪੁਲਿਸ ਦੁਆਰਾ ਪਿੰਡ ਦੇ ਹਰੇਕ ਘਰ ਦੀ ਤਲਾਸ਼ੀ ਲਈ ਗਈ ਪਰ ਉਨ੍ਹਾਂ ਹੱਥ ਕੋਈ ਸੁਰਾਗ ਨਹੀਂ ਲਗਿੱਆ, ਜਿਸ ਤੋਂ ਬਾਅਦ ਪੁਲਿਸ ਨੇ ਬੱਚਿਆਂ ਨੂੰ ਲੱਭਣ ਲਈ ਪਿੰਡ 'ਚ ਪੈਂਦੇ ਟੋਬੇ ਨੂੰ ਖਾਲੀ ਕਰਵਾਉਣਾ ਸ਼ੁਰੂ ਕਰ ਦਿੱਤਾ ਹੈ। ਛੋਟੀ ਜਿਹੀ ਮੋਟਰ ਦਾ ਸਹਾਰਾ ਲੈ ਕੇ 4-5 ਏਕੜ ਦੇ ਟੋਬੇ ਨੂੰ ਖਾਲੀ ਕਰਨ ਦੀ ਕੋਸ਼ਿਸ਼ ਕਰਨਾ ਪ੍ਰਸਾਸ਼ਨ ਢਿੱਲ ਨੂੰ ਜ਼ਾਹਿਰ ਕਰ ਰਿਹਾ ਹੈ।