ਜਗਰਾਉਂ: ਅਨਾਰਕਲੀ ਬਜ਼ਾਰ 'ਚ ਸ਼ਰੇਆਮ ਗੁੰਡਾਗਰਦੀ ਦਾ ਨੰਗਾ ਨਾਚ ਦੇਖਣ ਨੂੰ ਮਿਲਿਆ, ਜਿਥੇ ਤਿੰਨ ਵਿਅਕਤੀਆਂ ਵਲੋਂ 17 ਸਾਲਾ ਨੌਜਵਾਨ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ। ਨੌਜਵਾਨ ਦੀ ਕੁੱਟਮਾਰ ਕਰਨ ਤੋਂ ਬਾਅਦ ਉਕਤ ਨੌਜਵਾਨ ਨੂੰ ਬਦਮਾਸ਼ ਚੁੱਕ ਕੇ ਨਵੀਂ ਦਾਣਾ ਮੰਡੀ ਲੈ ਗਏ, ਜਿਥੇ ਉਸ ਨੂੰ ਸੁੱਟ ਕੇ ਫ਼ਰਾਰ ਹੋ ਗਏ। ਕੁੱਟਮਾਰ 'ਚ ਜ਼ਖ਼ਮੀ ਹੋਇਆ ਨੌਜਵਾਨ ਕੱਪੜੇ ਦੀ ਦੁਕਾਨ 'ਚ ਕੰਮ ਕਰਦਾ ਹੈ।
ਇਸ ਸਬੰਧੀ ਪੀੜ੍ਹਤ ਨੌਜਵਾਨ ਦਾ ਕਹਿਣਾ ਕਿ ਜਦੋਂ ਉਹ ਦੁਕਾਨ ਬੰਦ ਕਰਨ ਲੱਗਾ ਸੀ ਤਾਂ ਪਿਛੋਂ ਤਲਵਾਰਾਂ ਨਾਲ ਲੈਸ ਨੌਜਵਾਨਾਂ ਵਲੋਂ ਉਸ 'ਤੇ ਹਮਲਾ ਕਰ ਦਿੱਤਾ। ਪੀੜ੍ਹਤ ਨੇ ਦੱਸਿਆ ਕਿ ਉਕਤ ਬਦਮਾਸ਼ਾਂ ਵਲੋਂ ਉਸ ਨਾਲ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ। ਇਸ ਨੂੰ ਲੈਕੇ ਪੀੜ੍ਹਤ ਦਾ ਕਹਿਣਾ ਕਿ ਉਕਤ ਬਦਮਾਸ਼ਾਂ ਦਾ ਉਸਦੇ ਕਿਸੇ ਦੋਸਤ ਨਾਲ ਝਗੜਾ ਚੱਲਦਾ ਸੀ, ਜਿਸ ਕਾਰਨ ਉਨ੍ਹਾਂ ਉਸ ਦੀ ਕੁੱਟਮਾਰ ਕੀਤੀ ਹੈ।
ਇਸ ਸਬੰਧੀ ਪਰਿਵਾਰ ਦਾ ਕਹਿਣਾ ਕਿ ਉਨ੍ਹਾਂ ਦੇ ਬੱਚੇ ਦੀ ਬੁਰੀ ਤਰ੍ਹਾਂ ਕੁੱਟਮਾਰ ਹੋਈ ਹੈ। ਉਨ੍ਹਾਂ ਦਾ ਕਹਿਣਾ ਕਿ ਪਰਿਵਾਰ ਦੀ ਕਿਸੇ ਨਾਲ ਵੀ ਰੰਜਿਸ਼ ਨਹੀਂ ਹੈ। ਇਸ ਦੇ ਨਾਲ ਹੀ ਪੀੜ੍ਹਤ ਪਰਿਵਾਰ ਵਲੋਂ ਇਨਸਾਫ਼ ਦੀ ਮੰਗ ਕਰਦਿਆਂ ਪੁਲਿਸ ਤੋਂ ਕਾਰਵਾਈ ਦੀ ਮੰਗ ਕੀਤੀ ਹੈ।
ਇਸ ਸਬੰਧੀ ਡਾਕਟਰ ਦਾ ਕਹਿਣਾ ਕਿ ਉਕਤ ਜ਼ਖ਼ਮੀ ਨੌਜਵਾਨ ਨੂੰ ਕਈ ਗੰਭੀਰ ਸੱਟਾਂ ਆਈਆਂ ਹਨ, ਜਿਸ ਸਬੰਧੀ ਉਨ੍ਹਾਂ ਵਲੋਂ ਰਿਪੋਰਟ ਬਣਾ ਕੇ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਸੀ।
ਇਸ ਸਬੰਧੀ ਪੁਲਿਸ ਦਾ ਕਹਿਣਾ ਕਿ ਉਨ੍ਹਾਂ ਵਲੋਂ ਪੀੜ੍ਹਤ ਨੌਜਵਾਨ ਦੇ ਬਿਆਨ ਦਰਜ ਕੀਤੇ ਜਾ ਰਹੇ ਹਨ। ਉਨ੍ਹਾਂ ਦਾ ਕਹਿਣਾ ਕਿ ਪਰਿਵਾਰ ਦੇ ਬਿਆਨਾਂ 'ਤੇ ਕਾਰਵਾਈ ਕਰਦਿਆਂ ਪੁਲਿਸ ਵਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਛਾਪੇਮਾਰੀ ਦੌਰਾਨ ਹਥਿਆਰ ਤਾਂ ਬਰਾਮਦ ਕੀਤੇ ਜਾ ਚੁੱਕੇ ਹਨ ਅਤੇ ਜਲਦ ਹੀ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਵੀ ਕੀਤੀ ਜਾਵੇਗੀ।
ਇਹ ਵੀ ਪੜ੍ਹੋ:ਬੇਅਦਬੀ ਮਾਮਲੇ 'ਚ ਪੋਸਟਰ ਲਾਉਣ ਵਾਲੇ 2 ਮੁਲਜ਼ਮ ਗ੍ਰਿਫ਼ਤਾਰ