ਲੁਧਿਆਣਾ: ਦੇਸ਼ ਭਰ 'ਚ ਨਾਗਰਿਕਤਾ ਸੋਧ ਐਕਟ ਨੂੰ ਲੈ ਕੇ ਜਿੱਥੇ ਮੁਸਲਿਮ ਭਾਈਚਾਰੇ ਵੱਲੋਂ ਪ੍ਰਦਰਸ਼ਨ ਕੀਤੇ ਜਾ ਰਹੇ ਹਨ, ਉੱਥੇ ਹੀ ਔਰਤਾਂ ਵੀ ਲਗਾਤਾਰ ਇਸ ਐਕਟ ਦੇ ਵਿਰੋਧ 'ਚ ਡਟੀਆਂ ਹੋਈਆਂ ਹਨ। ਦਿੱਲੀ ਦੇ ਸ਼ਾਹੀਨ ਬਾਗ 'ਚ ਪੱਕੇ ਤੌਰ ਤੇ ਔਰਤਾਂ ਵੱਲੋਂ ਨਾਗਰਿਕਤਾ ਸੋਧ ਐਕਟ ਦੇ ਵਿਰੁੱਧ ਮੋਰਚਾ ਲਾਇਆ ਗਿਆ ਹੈ।
ਇਸ ਨੂੰ ਲੈ ਕੇ ਐਤਵਾਰ ਲੁਧਿਆਣਾ 'ਚ ਵੀ ਵੱਡੀ ਤਦਾਦ 'ਚ ਔਰਤਾਂ ਵੱਲੋਂ ਇਕਜੁੱਟ ਹੋ ਕੇ ਨਾਗਰਿਕਤਾ ਸੋਧ ਐਕਟ ਵਿਰੁੱਧ ਆਪਣੀ ਭੜਾਸ ਕੱਢੀ ਗਈ। ਕੇਂਦਰ ਦੀ ਮੋਦੀ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ ਗਈ। ਇਸ ਪ੍ਰਦਰਸ਼ਨ ਦੇ ਵਿੱਚ ਮੁਸਲਿਮ ਔਰਤਾਂ ਦੇ ਨਾਲ ਲੁਧਿਆਣੇ ਦੀਆਂ ਹੋਰ ਧਰਮਾਂ ਦੀਆਂ ਔਰਤਾਂ ਨੇ ਵੀ ਸ਼ਮੂਲੀਅਤ ਕੀਤੀ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪ੍ਰਦਰਸ਼ਨਕਾਰੀ ਮਹਿਲਾਵਾਂ ਨੇ ਕਿਹਾ ਕਿ ਅੱਜ ਦੇਸ਼ ਦੀ ਔਰਤ ਨਾਗਰਿਕਤਾ ਸੋਧ ਐਕਟ ਦੇ ਖ਼ਿਲਾਫ਼ ਸੜਕਾਂ 'ਤੇ ਉਤਰ ਕੇ ਪ੍ਰਦਰਸ਼ਨ ਕਰ ਰਹੀਆਂ ਹਨ। ਉਨ੍ਹਾਂ ਕਿਹਾ ਕਿ ਦਿੱਲੀ ਦੇ ਸ਼ਹੀਨ ਬਾਗ਼ ਵਿੱਚ ਵੱਡੀ ਤਦਾਦ 'ਚ ਔਰਤਾਂ ਨਾਗਰਿਕਤਾ ਸੋਧ ਐਕਟ ਖ਼ਿਲਾਫ਼ ਡਟੀਆਂ ਹੋਈਆਂ ਹਨ। ਉਨ੍ਹਾਂ ਦੀ ਤਰਜ 'ਤੇ ਹੀ ਐਤਵਾਰ ਨੂੰ ਲੁਧਿਆਣਾ 'ਚ ਵੀ ਔਰਤਾਂ ਆਪਣੇ ਘਰੋਂ ਬਾਹਰ ਨਿਕਲ ਕੇ ਨਾਗਰਿਕਤਾ ਸੋਧ ਐਕਟ ਦਾ ਵਿਰੋਧ ਕਰ ਰਹੀਆਂ ਹਨ।
ਲੁਧਿਆਣਾ ਜਾਮਾ ਮਸਜਿਦ ਦੇ ਨਾਇਬ ਸ਼ਾਹੀ ਇਮਾਮ ਉਸਮਾਨ ਉੱਲ ਰਹਿਮਾਨ ਨੇ ਵੀ ਇਸ ਮੌਕੇ ਕੇਂਦਰ ਸਰਕਾਰ ਦੇ ਖ਼ਿਲਾਫ਼ ਆਪਣੀ ਭੜਾਸ ਕੱਢਦਿਆਂ ਕਿਹਾ ਕਿ ਸਰਕਾਰ ਲੋਕਤੰਤਰ ਦਾ ਕਤਲ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਲੋਕਾਂ ਦੀ ਗੱਲ ਸੁਣਨੀ ਪਵੇਗੀ ਅਤੇ ਉਨ੍ਹਾਂ 'ਤੇ ਅਮਲ ਵੀ ਕਰਨਾ ਪਵੇਗਾ। ਸਰਕਾਰ ਆਪਣੀ ਮਰਜ਼ੀ ਨਾਲ ਕੋਈ ਵੀ ਫੈਸਲਾ ਜਬਰਨ ਆਮ ਲੋਕਾਂ 'ਤੇ ਨਹੀਂ ਥੋਪ ਸਕਦੀ।